ਸਾਲਾਨਾ ਪ੍ਰੀਖਿਆ ਦੇ ਪੈਟਰਨ ਅਨੁਸਾਰ ਹੋਵੇਗੀ ਦਸੰਬਰ ਪ੍ਰੀਖਿਆ
ਸੋਨੀ ਪਨੇਸਰ ਬਰਨਾਲਾ,7 ਦਸੰਬਰ 2020
ਸਕੂਲ ਸਿੱਖਿਆ ਵਿਭਾਗ ਵੱਲੋਂ ਕੋਰੋਨਾ ਪਾਬੰਦੀਆਂ ਬਦੌਲਤ ਸਕੂਲਾਂ ਦੀ ਤਾਲਾਬੰਦੀ ਦੌਰਾਨ ਜਿੱਥੇ ਆਨਲਾਈਨ ਤਰੀਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖੀ ਗਈ ਉੱਥੇ ਹੀ ਨਾਲੋ ਨਾਲ ਆਨਲਾਈਨ ਸੰਖੇਪ ਮੁਲਾਂਕਣ ਵੀ ਕੀਤਾ ਜਾਂਦਾ ਰਿਹਾ।ਮੌਜ਼ੂਦ ਵਿੱਦਿਅਕ ਸੈਸ਼ਨ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਸਮਾਂ ਨਜ਼ਦੀਕ ਆਉਣ ‘ਤੇ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਮਾਨਸਿਕ ਤੌਰ ‘ਤੇ ਸਾਲਾਨਾ ਪ੍ਰੀਖਿਆਵਾਂ ਲਈ ਤਿਆਰ ਕਰਨ ਹਿੱਤ ਦਸੰਬਰ ਪ੍ਰੀਖਿਆ ਕਰਵਾਈ ਜਾ ਰਹੀ ਹੈ।
ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਛੇਵੀਂ ਤੋਂ ਬਾਰਵੀਂ ਜਮਾਤਾਂ ਦੀ ਦਸੰਬਰ ਪ੍ਰੀਖਿਆ 7 ਦਸੰਬਰ ਤੋਂ ਸ਼ੁਰੂ ਹੋ ਗਈ ਹੈ।ਅਧਿਕਾਰੀਆਂ ਨੇ ਦੱਸਿਆ ਕਿ ਨੌਵੀਂ ਤੋਂ ਬਾਰਵੀਂ ਜਮਾਤਾਂ ਤੱਕ ਦੇ ਵਿਦਿਆਰਥੀਆਂ ਨੂੰ ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਦਿਆਂ ਸਕੂਲ ਆਉਣ ਦੀ ਇਜ਼ਾਜਤ ਮਿਲੀ ਹੋਣ ਕਾਰਨ ਇਹਨਾਂ ਜਮਾਤਾਂ ਦੀ ਪ੍ਰੀਖਿਆ ਸਕੂਲਾਂ ਵਿੱਚ ਹੋ ਰਹੀ ਹੈ।
ਜਦਕਿ ਛੇਵੀਂ ਤੋਂ ਅੱਠਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਆਨਲਾਈਨ ਤਰੀਕੇ ਨਾਲ ਕਰਵਾਈ ਜਾ ਰਹੀ ਹੈ।ਸਾਰੀਆਂ ਜਮਾਤਾਂ ਦੇ ਪ੍ਰਸ਼ਨ ਪੱਤਰ ਸਾਲਾਨਾ ਪ੍ਰੀਖਿਆਵਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਨਮੂਨਾ ਪ੍ਰਸ਼ਨ ਪੱਤਰ ਅਨੁਸਾਰ ਆਉਣਗੇ ਪਰ ਛੇਵੀਂ ਤੋਂ ਅੱਠਵੀਂ ਤੱਕ ਦੀਆਂ ਜਮਾਤਾਂ ਲਈ ਪ੍ਰਸ਼ਨਾਂ ਦੀ ਗਿਣਤੀ ਸਾਲਾਨਾ ਪ੍ਰੀਖਿਆਵਾਂ ਤੋਂ ਘੱਟ ਹੋਵੇਗੀ। ਪ੍ਰਸ਼ਨ ਪੱਤਰ ਨਵੰਬਰ ਮਹੀਨੇ ਤੱਕ ਕਰਵਾਏ ਪਾਠਕ੍ਰਮ ਵਿੱਚੋਂ ਆਉਣਗੇ।ਮਿਡਲ ਜਮਾਤਾਂ ਦੀ ਪ੍ਰੀਖਿਆ ਗੂਗਲ ਕੁਇਜ਼ ਅਤੇ ਲਿਖਤੀ ਦੋਵੇਂ ਤਰ੍ਹਾਂ ਨਾਲ ਕਰਵਾਈ ਜਾ ਰਹੀ ਹੈ।
ਲਿਖਤੀ ਪ੍ਰੀਖਿਆ ਦਾ ਰਿਕਾਰਡ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਆਨਲਾਈਨ ਪੇਪਰ ਕਰਵਾਉਣ ਉਪਰੰਤ ਆਪਣੇ ਪੱਧਰ ‘ਤੇ ਰੱਖਿਆ ਜਾਵੇਗਾ। ਸਿੱਖਿਆ ਅਧਿਕਾਰੀਆਂ ਨੇ ਮਾਪਿਆਂ ਨੂੰ ਦਸੰਬਰ ਪ੍ਰੀਖਿਆ ‘ਚ ਆਪੋ ਆਪਣੇ ਬੱਚਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ।ਵਿਭਾਗ ਦੇ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਦਸੰਬਰ ਪ੍ਰੀਖਿਆ ਦੇ ਅੰਕ ਵਿਦਿਆਰਥੀਆਂ ਦੇ ਲਗਾਤਾਰ ਅਤੇ ਸਮੁੱਚੇ ਮੁਲਾਂਕਣ(ਸੀ.ਸੀ.ਈ) ਵਜੋਂ ਸਾਲਾਨਾ ਪ੍ਰੀਖਿਆਵਾਂ ਲਈ ਸ਼ੁਮਾਰ ਕੀਤੇ ਜਾਣਗੇ।