ਗਿੱਲੇ ਕੂੜੇ ਤੋਂ ਤਿਆਰ ਕੀਤੀ ਗਈ ਹੈ 21 ਕੁਇੰਟਲ ਜੈਵਿਕ ਖਾਦ: ਵਰਜੀਤ ਵਾਲੀਆ
ਬਰਨਾਲਾ ਸ਼ਹਿਰ ਵਿਚ ਬਣਾਈਆਂ ਗਈਆਂ ਹਨ 116 ਕੰਪੋਸਿਟ ਪਿੱਟਸ
ਡੋਰ ਟੂ ਡੋਰ ਕੁਲੈਕਸ਼ਨ ਕਰ ਕੇ ਗਿੱਲੇ ਅਤੇ ਸੁੱਕੇ ਕੂੜੇ ਦਾ ਕੀਤਾ ਜਾ ਰਿਹੈ ਸੁਚੱਜਾ ਨਿਬੇੜਾ
ਰਘਵੀਰ ਹੈਪੀ ਬਰਨਾਲਾ, 5 ਦਸੰਬਰ 2020
ਨਗਰ ਕੌਂਸਲ ਬਰਨਾਲਾ ਵੱਲੋਂ ਜਿੱਥੇ ਸ਼ਹਿਰ ਵਿਚ ਸਵੱਛਤਾ ਲਈ ਲਗਾਤਾਰ ਕਦਮ ਚੁੱੱਕੇ ਜਾ ਰਹੇ ਹਨ, ਉਥੇ ਵਾਤਾਵਰਨ ਸੰਭਾਲ ਵਿੱੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਡੀਐਮ ਕਮ ਪ੍ਰਸ਼ਾਸਕ ਨਗਰ ਕੌਂਸਲ ਬਰਨਾਲਾ ਸ. ਵਰਜੀਤ ਵਾਲੀਆ ਦੀ ਅਗਵਾਈ ਹੇਠ ਨਗਰ ਕੌਂਸਲ ਬਰਨਾਲਾ ਵੱਲੋਂ ਸ਼ਹਿਰ ਵਿਚ 116 ਕੰਪੋਸਿਟ ਪਿੱਟਸ ਬਣਾ ਕੇ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾ ਰਹੀ ਹੈ। ਐਸਡੀਐਮ ਸ੍ਰੀ ਵਾਲੀਆ ਦੀ ਅਗਵਾਈ ਵਿਚ ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਮੁਫਤ ਖਾਦ ਦੀ ਵੰਡ ਕੀਤੀ ਗਈ।
ਇਸ ਮੌਕੇ ਸ੍ਰੀ ਵਾਲੀਆ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਵਿਚ ਗਿੱਲਾ ਅਤੇ ਸੁੱਕਾ ਕੂੜਾ ਵੱਖੋ -ਵੱਖ ਇਕੱਠਾ ਕਰ ਕੇ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪਿੱਟਸ ਤੋਂ 21 ਕੁਇੰਟਲ ਖਾਦ ਤਿਆਰ ਹੈ, ਜਿਸ ਵਿਚੋਂ ਕਰੀਬ 6 ਕੁਇੰਟਲ ਖਾਦ ਸ਼ਹਿਰ ਵਾਸੀਆਂ ਨੂੰ ਮੁਫਤ ਵੰਡੀ ਗਈ ਹੈ। ਇਸ ਤੋਂ ਪਹਿਲਾਂ ਕਰੀਬ 9 ਕੁਇੰਟਲ ਜੈਵਿਕ ਖਾਦ ਜੰਗਲਾਤ ਵਿਭਾਗ ਨੂੰ ਦਿੱਤੀ ਗਈ ਹੈ।
ਇਸ ਮੌਕੇ ਨਗਰ ਕੌਂਸਲ ਬਰਨਾਲਾ ਦੇ ਕਾਰਜਸਾਧਕ ਅਫਸਰ ਸ. ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਬਰਨਾਲਾ ਨਗਰ ਕੌਂਸਲ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਕਰੀਬ ਸਾਲ ਪਹਿਲਾਂ 116 ਕੰਪੋਸਿਟ ਪਿਟਸ ਬਣਾਈਆਂ ਗਈਆਂ ਹਨ। ਇਨ੍ਹਾਂ ਵਿਚੋਂ ਕਰੀਬ 65 ਪਿੱਟਸ ਸੈਨੀਟੇਸ਼ਨ ਦਫਤਰ ਵਿਚ ਬਣਾਈਆਂ ਗਈਆਂ ਹਨ। ਇਨ੍ਹਾਂ ਪਿੱਟਸ ਦੀ ਲੰਬਾਈ 10 ਫੁੱਟ, ਚੌੜਾਈ 5 ਫੁੱਟ, ਡੂੰਘਾਈ 3 ਫੁੱਟ ਰੱਖੀ ਗਈ ਹੈ। ਇਕ ਪਿੱਟ ਬਣਾਉਣ ’ਤੇ ਲਗਭਗ 6000 ਹਜ਼ਾਰ ਖਰਚਾ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕੰਪੋਸਿਟ ਪਿੱਟਸ 3,84,000 ਦੀ ਲਾਗਤ ਨਾਲ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਸ਼ਹਿਰ ਵਿਚੋਂ ਇਕੱਠਾ ਕੀਤਾ ਗਿੱਲਾ ਕੂੜਾ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਕਰੀਬ 50 ਬੈਗ ਖਾਦ ਵੰਡੀ ਗਈ ਹੈ। ਇਕ ਥੈਲੇ ਵਿਚ 10 ਤੋਂ 15 ਕਿਲੋ ਖਾਦ ਪਾਈ ਜਾਂਦੀ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱਖ ਰੱਖਣ ਅਤੇ ਸ਼ਹਿਰ ਦੀ ਸਵੱਛਤਾ ਵਿਚ ਯੋਗਦਾਨ ਪਾਉਣ। ਇਸ ਮੌਕੇ ਰਿਸੋਰਸ ਪਰਸਨ (ਸਵੱਛ ਭਾਰਤ ਮਿਸ਼ਨ) ਪਾਰੁਲ ਗਰਗ ਤੇ ਨਗਰ ਕੌਂਸਲ ਦਾ ਹੋਰ ਅਮਲਾ ਮੌਜੂਦ ਸੀ।