ਇੰਗਲਿਸ਼ ਬੂਸਟਰ ਕਲੱਬਾਂ ਤਹਿਤ ਵਿਦਿਆਰਥੀਆਂ ਲਈ ਭਾਸ਼ਾ ਦੇ ਗਿਆਨ ਦਾ ਮਹੱਤਵ ਵਿਸ਼ੇ ‘ਤੇ ਹੋਵੇਗੀ ਚਰਚਾ
ਰਘਵੀਰ ਹੈਪੀ ਬਰਨਾਲਾ, 1 ਦਸੰਬਰ 2020
ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਲਈ ਉਪਰਾਲੇ ਕਰਨ ਦੇ ਨਾਲ ਨਾਲ ਅਧਿਆਪਕਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਅਤੇ ਇਸ ਦੇ ਮਹੱਤਵ ਸਬੰਧੀ ਵਿਚਾਰ ਚਰਚਾ ਕਰਨ ਹਿੱਤ ਸਮੂਹ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਅਗਵਾਈ ਹੇਠ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀਆਂ ਵਿਸ਼ੇਸ਼ ਆਨ-ਲਾਈਨ ਇਕੱਤਰਤਾਵਾਂ ਦਾ ਆਯੋਜਨ 4 ਦਸੰਬਰ ਤੱਕ ਕੀਤਾ ਜਾਵੇਗਾ। ਇਹਨਾਂ ਇਕੱਤਰਤਾਵਾਂ ਦਾ ਆਯੋਜਨ ਇੰਗਲਿਸ਼ ਬੂਸ਼ਟਰ ਕਲੱਬਾਂ ਵੱਲੋਂ ਕੀਤਾ ਜਾਵੇਗਾ ਜਿਸ ਵਿੱਚ ਭਾਸ਼ਾ ਸਿੱਖਣ ਅਤੇ ਇਸਦੀ ਵਰਤੋਂ ਸਬੰਧੀ ਚਰਚਾ ਕੀਤੀ ਜਾਵੇਗੀ। ਇਹਨਾਂ ਮੀਟਿੰਗਾਂ ਵਿੱਚ ਡਾਈਟ ਪ੍ਰਿੰਸੀਪਲ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ, ਜ਼ਿਲ੍ਹਾ ਅਤੇ ਬਲਾਕ ਮੈਂਟਰ ਅਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਤੌਰ ਮਹਿਮਾਨ ਸ਼ਾਮਿਲ ਹੋੋੋਣਗੇ।
ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਜਿਲ੍ਹੇ ਦੇ ਸਮੂਹ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅੰਗਰੇਜ਼ੀ ਬੂਸਟਰ ਕਲੱਬਾਂ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਕਲੱਬਾਂ ਅਧੀਨ ਰੋਜ਼ਾਨਾ ਆਧਾਰ ‘ਤੇ ਵਿਦਿਆਰਥੀਆਂ ਦੇ ਅੰਗਰੇਜ਼ੀ ਬੋਲਣ ਆਨਲਾਈਨ ਮੁਕਾਬਲੇ ਕਰਵਾ ਕੇ ਬਲਾਕ ਅਤੇ ਜਿਲ੍ਹਾ ਪੱਧਰ ਦੇ ਜੇਤੂ ਨਾਵਾਂ ਦਾ ਐਲਾਨ ਕੀਤਾ ਜਾਂਦਾ ਹੈ।ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਜਸਬੀਰ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਜਿਲ੍ਹੇ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਣ ਦੀ ਮੁਹਾਰਤ ਦੇਣ ਲਈ ਅਧਿਆਪਕਾਂ ਵੱਲੋਂ ਲਗਾਤਾਰ ਉਪਰਾਲੇ ਜਾਰੀ ਹਨ।
ਸ੍ਰ ਅਮਨਿੰੰਦਰ ਸਿੰਘ ਜਿਲ੍ਹਾ ਕੋਆਰਡੀਨੇਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਨੇ ਦੱਸਿਆ ਕਿ ਜਿਲ੍ਹੇ ‘ਚ 35 ਤੋਂ 40 ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਦਾ ਗਰੁੱਪ ਜ਼ਿਲ੍ਹਾ ਪੱਧਰ ‘ਤੇ ਇਹਨਾਂ ਇਕੱਤਰਤਾਵਾਂ ਵਿੱਚ ਹਿੱਸਾ ਲਵੇਗਾ ਅਤੇ ਹਰੇਕ ਅਧਿਆਪਕ ਨੂੰ 45 ਤੋਂ 90 ਮਿੰਟ ਤੱਕ ਆਪਣੀ ਗੱਲ ਕਰਨ ਲਈ ਇੱਕ ਨਿਸ਼ਚਿਤ ਵਿਸ਼ੇ ‘ਤੇ ਬੋਲਣ ਦਾ ਮੌਕਾ ਮਿਲੇਗਾ। ਵਿਭਾਗ ਵੱਲੋਂ ਇਹ ਵਿਸ਼ੇ ਪਹਿਲਾਂ ਹੀ ਅਧਿਆਪਕਾਂ ਨੂੰ ਦੱਸੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ‘ਮਾਂ ਬੋਲੀ ਪੰਜਾਬੀ ਦੀ ਮਹੱਤਤਾ’, ‘ਮੈਂ ਆਪਣੀ ਰਾਸ਼ਟਰੀ ਭਾਸ਼ਾ ਨੂੰ ਕਿਉਂ ਪਸੰਦ ਕਰਦਾ ਹਾਂ?, ‘ਅੰਗਰੇਜ਼ੀ ਇੱਕ ਅੰਤਰਰਾਸ਼ਟਰੀ ਭਾਸ਼ਾ’, ਕਲਾਸ ਰੂਮ ਅੰਦਰ ਆਪਸੀ ਬੋਲਚਾਲ ਦੇ ਕੋਸ਼ਲ਼ਾਂ ਵਿੱਚ ਸੁਧਾਰ ਕਿਵੇਂ ਲਿਆਈਏ?, ‘ਬੱਚਿਆਂ/ਅਧਿਆਪਕਾਂ ਨੂੰ ਇੰਗਲਿਸ਼ ਬੂਸ਼ਟਰ ਕਲੱਬ ਦਾ ਹਿੱਸਾ ਬਨਣ ਲਈ ਕਿਵੇਂ ਪ੍ਰੇਰਿਤ ਕਰੀਏ?, ‘ਮਿਸ਼ਨ ਸ਼ਤ-ਪ੍ਰਤੀਸ਼ਤ’, ‘ਆਤਮ ਵਿਸ਼ਵਾਸ਼’ ਆਦਿ ਮਹੱਤਵਪੂਰਨ ਵਿਸ਼ੇ ਹੋਣਗੇ। ਇਸ ਨਾਲ ਜਿੱਥੇ ਅਧਿਆਪਕਾਂ ਦੀ ਅੰਗਰੇਜ਼ੀ ਬੋਲਣ ਦੀ ਮੁਹਾਰਤ ਵਿੱਚ ਸੁਧਾਰ ਹੋਵੇਗਾ ਉੱਥੇ ਨਾਲ ਹੀ ਉਹਨਾਂ ਵੱਲੋਂ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਵੀ ਇੱਕ ਦੂਜੇ ਨਾਲ ਸਾਂਝੀਆਂ ਕਰਨ ਦਾ ਮੌਕਾ ਮਿਲੇਗਾ।