ਅਸ਼ੋਕ ਵਰਮਾ ਬਠਿੰਡਾ,12 ਨਵੰਬਰ 2020
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ’ਚ ‘ਦਿੱਲੀ ਚੱਲੋ’ ਪ੍ਰੋਗਰਾਮ ਤਹਿਤ ਹੁਣ ਪੰਜਾਬ ਦੀ ਜੁਆਨੀ ਮਸ਼ਾਲਾਂ ਬਾਲਕੇ ਪਿੰਡਾਂ ’ਚ ਮਾਰਚ ਕਰੇਗੀ ਤਾਂ ਜੋ ਕਿਸਾਨਾਂ ਮਜਦੂਰਾਂ,ਕਿਰਤੀਆਂ ਅਤੇ ਹੋਰ ਵਰਗਾਂ ਨੂੰ 26 ਨਵੰਬਰ ਵਾਲੇ ਦਿਨ ਦਿੱਲੀ ਜਾਣ ਲਈ ਹਲੂਣਾ ਦੇਵੇਗੀ। ਇਸੇ ਤਰਾਂ ਹੀ ਕਿਸਾਨ ਬੀਬੀਆਂ ਵੱਲੋਂ ਇਸੇ ਪ੍ਰੋਗਰਾਮ ਲਈ ਲਾਮਬੰਦੀ ਕਰਨ ਵਾਸਤੇ ਪਿੰਡਾਂ ’ਚ ਰੋਸ ਮੁਜਾਹਰੇ ਕੀਤੇ ਜਾਣਗੇ ਜਿਹਨਾਂ ਦਾ ਮਕਸਦ ਮੋਦੀ ਸਰਕਾਰ ਨੂੰ ਵੱਡੀ ਲਲਕਾਰਨ ਦੇ ਮੰਤਵ ਨਾਲ ਲੋਕਾਂ ਨੂੰ ਹਲੂਣਾ ਦੇਣਾ ਹੋਵੇਗਾ। ਅੱਜ ਜੱਥੇਬੰਦੀ ਦੀ ਸੂਬਾ ਕਮੇਟੀ ਨੇ ਟੀਚਰਜ ਹੋਮ ਬਠਿੰਡਾ ਵਿਖੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਇਸ ਮੁਹਿੰਮ ਦਾ ਖਾਕਾ ਉਲੀਕਿਆ ਹੈ। ਮੀਟਿੰਗ ’ਚ ਸਾਰੇ ਜਿਲ੍ਹਿਆਂ ਦੇ ਪ੍ਰਧਾਨ,ਸਕੱਤਰ ਅਤੇ ਸੂਬਾ ਪੱਧਰੀ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਨੇ ਕਿਸਾਨੀ ਸੰਘਰਸ਼ ਵਿਚ ਨੌਜਵਾਨਾਂ ਦੇ ਕੁੱਦਣ ਦਾ ਸੰਜੀਦਾ ਨੋਟਿਸ ਲਿਆ ਹੈ। ਇਹੋ ਕਾਰਨ ਹੈ ਕਿ ਹੁਣ ਜੁਆਨੀ ਨੂੰ ਕਿਸਾਨ ਲੀਡਰਾਂ ਨੇ ਮੋਹਰੀ ਕਤਾਰ ’ਚ ਖੜ੍ਹਾਉਣ ਦਾ ਫੈਸਲਾ ਲਿਆ ਹੈ।
ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 26 ਨਵੰਬਰ ਨੂੰ ਦਿੱਲੀ ਜਾਣ ਦੀ ਤਿਆਰੀ ਲਈ 21, 22 ਅਤੇ 23 ਨਵੰਬਰ ਨੂੰ ਪਿੰਡਾਂ ਵਿਚ ਔਰਤਾਂ ਮੁਜਾਹਰੇ ਕਰਨਗੀਆਂ ਜਦੋਂਕਿ ਸ਼ਾਮ ਨੂੰ ਨੌਜਵਾਨਾਂ ਵੱਲੋਂ ਮਸ਼ਾਲ ਮਾਰਚ ਕੀਤੇ ਜਾਇਆ ਕਰਨਗੇ। ਉਹਨਾਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਜਾਰੀ ਰੱਖੇ ਜਾਣਗੇ। ਸੂਬਾ ਪ੍ਰਧਾਨ ਅਨੁਸਾਰ 26 ਅਤੇ 27 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਦਿੱਲੀ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਏਗੀ ਜਿਸ ਦੀਆਂ ਜੰਗੀ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਹਨ। ਉਹਨਾਂ ਦੱਸਿਆ ਕਿ ਮੀਟਿੰਗ ਵਿਚ 18 ਨਵੰਬਰ ਨੂੰ ਕੈਪਟਨ ਸਰਕਾਰ ਖਿਲਾਫ ਧਰਨੇ ਦੇ ਕੇ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ’ਚ ਪੰਜਾਬ ਸਰਕਾਰ ਵਿਰੁੱਧ ਵੀ ਨਰਾਜਗੀ ਪਾਈ ਗਈ ਜੋ ਇਸ ਫੈਸਲੇ ਦਾ ਕਾਰਨ ਬਣੀ ਹੈ।
ਕਿਸਾਨ ਆਗੂ ਨੇ ਦੱਸਿਆ ਕਿ ਇਹਨਾਂ ਮੰਗ ਪੱਤਰਾਂ ਰਾਹੀਂ ਪੰਜਾਬ ਸਰਕਾਰ ਤੋਂ ਪੰਜਾਬ ਮੰਡੀਕਰਨ 2017 ਰੱਦ ਕਰਨ, 2013 ਅਤੇ 2006 ਵਾਲੀਆਂ ਠੇਕਾ ਖੇਤੀ ਕਾਨੂੰਨੀ ਸੋਧਾਂ ਵੀ ਖਤਮ ਕੀਤੀਆਂ ਜਾਣ, ਪੰਜਾਬ ਸਰਕਾਰ ਵੱਲੋਂ ਤਿਆਰ ਕੀਤਾ ਠੇਕਾ ਖੇਤੀ ਬਿੱਲ 2019 ਵਾਪਸ ਲਿਆ ਜਾਵੇ, ਕੇਂਦਰ ਦੇ ਕਿਸਾਨ ਮਾਰੂ ਪਰਾਲੀ ਪ੍ਰਦੂਸ਼ਨ ਆਰਡੀਨੈਂਸ (1 ਕਰੋੜ ਰੁਪਏ ਜੁਰਮਾਨਾ ਅਤੇ 5 ਸਾਲ ਦੀ ਸਜਾ)ਨੂੰ ਲਾਗੂ ਜਾਂ ਦਫਾ 188 ਤਹਿਤ ਦਰਜ ਕੀਤੇ ਕੇਸਾਂ ਤੋਂ ਇਲਾਵਾ ਮੌਜੂਦਾ ਸੰਘਰਸ਼ ਦੌਰਾਨ ਸੰਘਰਸ਼ਸ਼ੀਲ ਕਿਸਾਨਾਂ-ਮਜਦੂਰਾਂ ਸਿਰ ਮੜੇ ਪੁਲਿਸ ਕੇਸ ਖਾਰਜ ਕਰਨ ਦੀ ਮੰਗ ਕੀਤੀ ਜਾਏਗੀ। ਮੀਟਿੰਗ ਨੂੰ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ , ਸ਼ਿੰਗਾਰਾ ਸਿੰਘ ਮਾਨ ਅਤੇ ਹਰਿੰਦਰ ਕੌਰ ਬਿੰਦੂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜਮੀਨਾਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਰਵਾਉਣ ਲਈ ਰਾਹ ਪੱਧਰੇ ਕੀਤੇ ਹਨ ਤਾਂ ਘਰਾਂ ’ਚ ਟਿਕਣ ਦਾ ਵੇਲਾ ਨਹੀਂ ਹੈ। ਉਹਨਾਂ ਸਮੂਹ ਪੰਜਾਬੀਆਂ ਨੂੰ ਮੋਦੀ ਸਰਕਾਰ ਖਿਲਾਫ ਡਟਣ ਦਾ ਸੱਦਾ ਵੀ ਦਿੱਤਾ।