ਨਿਰਧਾਰਿਤ ਥਾਵਾਂ ’ਤੇ ਹੀ ਕੀਤੀ ਜਾ ਸਕੇਗੀ ਪਟਾਖਿਆਂ ਦੀ ਵਿਕਰੀ
ਰਵੀ ਸੈਣ , ਬਰਨਾਲਾ, 5 ਨਵੰਬਰ 2020
ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਹਾਈ ਕੋਰਟ ਵੱਲੋਂ ਸਮੇਂ ਸਮੇਂ ’ਤੇ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਅੱਜ ਜ਼ਿਲ੍ਹਾ ਬਰਨਾਲਾ ਦੇ ਬਿਨੈਕਾਰਾਂ ਨੂੰ ਦੀਵਾਲੀ ਦੇ ਮੱਦੇਨਜ਼ਰ ਛੋਟੇ ਪਟਾਖਿਆਂ ਦੀ ਵਿਕਰੀ ਤੇ ਖਰੀਦ ਸਬੰਧੀ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਰਾਅ ਕੱਢੇ ਗਏ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬਿਨੈਕਾਰਾਂ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਪਾਰਦਰਸ਼ੀ ਢੰਗ ਨਾਲ ਆਰਜ਼ੀ ਲਾਇਸੈਂਸਾਂ ਸਬੰਧੀ ਪਰਚੀ ਕੱਢ ਕੇ ਨਾਂਵਾਂ ਦਾ ਐਲਾਨ ਕੀਤਾ ਗਿਆ।
ਜ਼ਿਲ੍ਹੇ ਭਰ ਵਿੱਚੋਂ ਕੁੱਲ 260 ਦਰਖਾਸਤਾਂ ਡੀ.ਸੀ. ਦਫ਼ਤਰ ਵਿਖੇ ਪ੍ਰਾਪਤ ਹੋਈਆਂ। ਬਰਨਾਲਾ ਤੋਂ 143, ਤਪਾ ਤੋਂ 08, ਧਨੌਲਾ ਤੋਂ 06, ਹੰਡਿਆਇਆ ਤੋਂ 21, ਭਦੌੜ ਤੋਂ 20 ਅਤੇ ਮਹਿਲ ਕਲਾਂ ਤੋਂ 62 ਦਰਖਾਸਤਾਂ ਪ੍ਰਾਪਤ ਹੋਈਆ। ਜਿਨ੍ਹਾਂ ਵਿੱਚੋਂ ਪਟਾਕੇ ਵੇਚਣ ਲਈ ਅਲਾਟਮੈਂਟ ਡਰਾਅ ਦੌਰਾਨ ਬਰਨਾਲਾ ਤੋਂ 20, ਤਪਾ ਤੋਂ 08, ਧਨੌਲਾ ਤੋਂ 06, ਹੰਡਿਆਇਆ ਤੋਂ 06, ਭਦੌੜ ਤੋਂ 06 ਤੇ ਮਹਿਲ ਕਲਾਂ ਤੋਂ 06 ਦਰਖਾਸਤਾਂ ਕੱਢੀਆਂ ਗਈਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਛੋਟੇ ਪਟਾਖਿਆਂ ਦੀ ਖਰੀਦ/ਵੇਚ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜਿਨ੍ਹਾਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਬਰਨਾਲਾ ਸ਼ਹਿਰ ਵਿਖੇ 25 ਏਕੜ ਸਕੀਮ ਇੰਮਪੂਰਵਮੈਂਟ ਟਰੱਸਟ, ਬਰਨਾਲਾ ਅਤੇ ਕਾਲਾ ਮਹਿਰ ਸਟੇਡੀਅਮ ਬਰਨਾਲਾ, ਪੱਕਾ ਬਾਗ ਸਟੇਡੀਅਮ ਧਨੌਲਾ, ਲੁੱਕ ਪਲਾਂਟ ਹੰਡਿਆਇਆ ਅਤੇ ਦਾਣਾ ਮੰਡੀ ਜੋ ਕਿ ਐਨ.ਐਚ 7 ’ਤੇ ਸਥਿਤ ਹੈ। ਮਹਿਲ ਕਲਾਂ ਵਿਖੇ ਗੋਲਡਨ ਸਿਟੀ ਕਾਲੋਨੀ ਜੋ ਕਿ ਬਰਨਾਲਾ-ਮਹਿਲ ਕਲਾਂ ਰੋਡ ’ਤੇ ਸਥਿਤ ਹੈ। ਤਪਾ ਵਿਖੇ ਘੁੰਨਸ ਰੋਡ ਉਪਰ ਬਣੇ ਸਟੇਡੀਅਮ (ਕੱਸੀ ਵਾਲੇ ਗਰਾਊਂਡ) ਦੀ ਜਗ੍ਹਾ, ਭਦੌੜ ਵਿਖੇ ਪਬਲਿਕ ਸਪੋਰਟਸ ਸਟੇਡੀਅਮ ਵਾਲੀ ਜਗ੍ਹਾ ਪੱਤੀ ਮੇਹਰ ਸਿੰਘ ਅਤੇ ਸਹਿਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਦੇ ਖੇਡ ਮੈਦਾਨ ਵਾਲੀ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਨਿਰਧਾਰਤ ਥਾਵਾਂ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਅੰਦਰ ਹੋਰ ਕਿਸੇ ਥਾਂ ਦੀ ਵਰਤੋਂ ਪਟਾਖੇ ਅਤੇ ਆਤਿਸ਼ਬਾਜ਼ੀ ਦੀ ਖਰੀਦ ਅਤੇ ਵਿਕਰੀ ਲਈ ਕਰਨ ’ਤੇ ਪਾਬੰਦੀ ਹੋਵੇਗੀ।