5 ਦਿਨਾਂ ਰਿਮਾਂਡ ਦੀ ਮਿਆਦ ਪੂਰੀ ਹੋਣ ਤੇ ਅੱਜ ਕੀਤਾ ਜਾਵੇਗਾ ਅਦਾਲਤ ‘ਚ ਪੇਸ਼
ਬਰਨਾਲਾ ਜੇਲ੍ਹ ਤੋਂ ਹਿਸਾਰ ਜੇਲ੍ਹ ਵਿੱਚ ਭੇਜਿਆ ਕੋਲਵੀਡੋਲ ਬਾਦਸ਼ਾਹ ਦਾ ਬੇਟਾ ਗੌਰਵ ਅਰੋੜਾ
ਕੋਲਵੀਡੋਲ ਬਾਦਸ਼ਾਹ ਕ੍ਰਿਸ਼ਨ ਅਰੋੜਾ ਤੋਂ ਅ੍ਰਮ੍ਰਿਤਸਰ ਪੁਲਿਸ ਨੇ ਵੀ ਕੀਤੀ ਪੁੱਛਗਿੱਛ
ਹਰਿੰਦਰ ਨਿੱਕਾ ਬਰਨਾਲਾ 16 ਅਕਤੂਬਰ 2020
ਦੇਸ਼ ਭਰ ‘ਚ ਕੋਲਵੀਡੋਲ ਬਾਦਸ਼ਾਹ ਦੇ ਨਾਮ ਤੇ ਪ੍ਰਸਿੱਧ ਅਤੇ ਬਰਨਾਲਾ ਪੁਲਿਸ ਵੱਲੋਂ 27 ਅਗਸਤ ਨੂੰ ਗਿਰਫਤਾਰ ਕੀਤੇ ਕ੍ਰਿਸ਼ਨ ਅਰੋੜਾ ਦੇ ਦਿੱਲੀ ਦਫਤਰ ਤੇ ਸੀ.ਆਈ.ਏ. ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ‘ਚ ਪੁਲਿਸ ਟੀਮ ਨੇ ਇੱਕ ਵਾਰ ਫਿਰ ਛਾਪਾ ਮਾਰਿਆ। ਪੁਲਿਸ ਦੇ ਹੱਥ ਡਿਵਾਈਸ ‘ਚ ਸੰਭਾਲਿਆ ਡਰੱਗ ਤਸਕਰੀ ਨਾਲ ਜੁੜਿਆ ਕਾਫੀ ਅਹਿਮ ਰਿਕਾਰਡ ਅਤੇ ਕਈ ਅਹਿਮ ਦਸਤਾਵੇਜ ਵੀ ਲੱਗੇ ਹਨ। ਪੁਲਿਸ ਦਾ ਦਾਅਵਾ ਹੈ ਕਿ ਕ੍ਰਿਸ਼ਨ ਅਰੋੜਾ ਦੀ ਨਿਸ਼ਾਨਦੇਹੀ ਤੇ ਕੰਲ੍ਹ ਉਸ ਦੇ ਦਫਤਰ ਵਿੱਚੋਂ ਮਿਲਿਆ ਰਿਕਾਰਡ ,ਡਰੱਗ ਤਸਕਰੀ ਦੇ ਇਸ ਬਹੁਚਰਚਿਤ ਕੇਸ ਨੂੰ ਕਾਫੀ ਮਜਬੂਤੀ ਦੇਵੇਗਾ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਕਾਫੀ ਅਹਿਮ ਭੂਮਿਕਾ ਅਦਾ ਕਰੇਗਾ। ਵਰਨਣਯੋਗ ਹੈ ਕਿ ਸੀ.ਆਈ.ਏ ਦੀ ਟੀਮ ਦੀ ਮੰਗ ਤੇ 13 ਅਕਤੂਬਰ ਨੂੰ ਸੀ.ਜੀ.ਐਮ. ਵਿਨੀਤ ਕੁਮਾਰ ਨਾਰੰਗ ਦੀ ਅਦਾਲਤ ਨੇ 17 ਅਕਤੂਬਰ ਤੱਕ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ। ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਅੱਜ ਫਿਰ ਦੋਸ਼ੀ ਕ੍ਰਿਸ਼ਨ ਅਰੋੜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਸੂਤਰਾਂ ਅਨੁਸਾਰ ਕੋਲਵੀਡੋਲ ਬਾਦਸ਼ਾਹ ਕ੍ਰਿਸ਼ਨ ਅਰੋੜਾ ਦੀ ਸ੍ਰੀ ਅਮ੍ਰਿਤਸਰ ਸਾਹਿਬ ਦੀ ਪੁਲਿਸ ਨੇ ਵੀ ਡਰੱਗ ਦੇ ਇੱਕ ਕੇਸ ਵਿੱਚ 5 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਹੈ। ਇਸ ਪੁੱਛਗਿੱਛ ਵਿੱਚ ਕੀ ਖੁਲਾਸਾ ਹੋਇਆ, ਇਸ ਬਾਰੇ ਕੋਈ ਜਾਣਕਾਰੀ ਹਾਲੇ ਨਿੱਕਲ ਕੇ ਬਾਹਰ ਨਹੀ਼ ਆਈ। ਕੁਝ ਵੀ ਹੋਵੇ, ਪਰੰਤੂ ਹਾਲੇ ਤੱਕ ਡਰੱਗ ਤਸਕਰੀ ਦੇ ਕੇਸ ‘ਚ ਗਿਰਫਤਾਰ ਪਿਉ-ਪੁੱਤ ਦੀ ਇਸ ਜੋੜੀ ਦੀਆਂ ਮੁਸ਼ਕਿਲਾਂ, ਉਨਾਂ ਦੇ ਵਕੀਲਾਂ ਦੇ ਲਗਾਤਾਰ ਯਤਨਾਂ ਦੇ ਬਾਵਜੂਦ ਵੀ ਘਟਣ ਦਾ ਨਾਮ ਨਹੀਂ ਲੈ ਰਹੀਆਂ। ਇਸ ਸਬੰਧੀ, ਦੋਸ਼ੀਆਂ ਦੇ ਵਕੀਲ ਸਾਹਿਲ ਮੁੰਜਾਲ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ, ਪਰੰਤੂ ਸੰਪਰਕ ਨਹੀਂ ਹੋ ਸਕਿਆ।
ਦਫਤਰ ਦੇ ਮੁਲਾਜਮਾਂ ਨੇ ਉਧੇੜੀਆਂ ਡਰੱਗ ਦੇ ਧੰਦੇ ਦੀ ਪਰਤਾਂ
ਪੁਲਿਸ ਸੂਤਰਾਂ ਦੀ ਮੰਨੀਏ ਤਾਂ ਕੋਲਵੀਡੋਲ ਬਾਦਸ਼ਾਹ ਕ੍ਰਿਸ਼ਨ ਅਰੋੜਾ ਨੂੰ ਲੈ ਕੇ ਜਦੋਂ ਸੀ.ਆਈ.ਏ. ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਟੀਮ ਉਸ ਦੇ ਦਫਤਰ ਪਹੁੰਚੀ ਤਾਂ ਟੀਮ ਨੇ ਦਫਤਰ ਦੇ ਕਰਮਚਾਰੀਆਂ ਤੋਂ ਫੈਕਟਰੀ ਅਤੇ ਡਰੱਗ ਤਸਕਰੀ ਦੇ ਗੈਰਕਾਨੂੰਨੀ ਧੰਦੇ ਦੀ ਡੁੰਘਾਈ ਨਾਲ ਜਾਣਕਾਰੀ ਜੁਟਾਉਣੀ ਸ਼ੁਰੂ ਕਰ ਦਿੱਤੀ। ਮੁਲਾਜਮਾਂ ਨੇ ਕੋਲਵੀਡੌਲ ਬਾਦਸ਼ਾਹ ਦੇ ਕਾਰਨਾਮਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਮੁਲਾਜਮਾਂ ਨੇ ਕ੍ਰਿਸ਼ਨ ਅਰੋੜਾ ਦੀ ਨਿਸ਼ਾਨਦੇਹੀ ਦੇ ਰਿਕਾਰਡ ਦੀਆਂ ਡਿਵਾਈਸ ਅਤੇ ਹੋਰ ਦਸਤਾਵੇਜ ਪੁਲਿਸ ਨੂੰ ਸੌਂਪ ਦਿੱਤੇ। ਪੁੱਛਣ ਤੇ ਸੀ.ਆਈ.ਏ. ਦੇ ਇੰਚਾਰਜ ਨੇ ਕੋਈ ਡਿਟੇਲ ਜਾਦਕਾਰੀ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ , ਅਭੀ ਆਗੇ ਆਗੇ ਦੇਖਿਏ, ਹੋਤਾ ਹੈ ਕਿਆ। ਬਲਜੀਤ ਸਿੰਘ ਦੀ ਇਹ ਟਿੱਪਣੀ , ਦੋਸ਼ੀਆਂ ਦੀ ਤਫਤੀਸ਼ ਦੌਰਾਨ ਪੁਲਿਸ ਨੂੰ ਮਿਲੇ ਹੋਰ ਅਹਿਮ ਸੁਰਾਗਾਂ ਵੱਲ ਇਸ਼ਾਰਾ ਜਰੂਰ ਕਰ ਰਹੀ ਹੈ।
ਡਰੱਗ ਕੇਸ ਦੀ ਤਫਤੀਸ਼ ਨੇ ਸਿਰਜਿਆ ਨਵਾਂ ਇਤਹਾਸ
ਦੇਸ਼ ਦੇ 17 ਰਾਜਾਂ ਵਿੱਚ ਪੈਰ ਪਸਾਰ ਚੁੱਕੇ ਡਰੱਗ ਤਸਕਰੀ ਦੇ ਵੱਡੇ ਰੈਕਟ ਨੂੰ ਬੇਨਕਾਬ ਕਰਕੇ ਚੁਫੇਰਿਉ ਵਾਹ ਵਾਹ ਖੱਟ ਚੁੱਕੇ ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਸੀ.ਆਈ.ਏ. ਇਚਾਰਜ਼ ਬਲਜੀਤ ਸਿੰਘ ਦੀ ਅਗਵਾਈ ਵਿੱਚ ਸੀ.ਆਈ.ਏ. ਦੀ ਟੀਮ ਵੱਲੋਂ ਆਰੰਭੀ ਤਫਤੀਸ਼ ਹੁਣ ਸ਼ਿਖਰ ਨੂੰ ਛੋਹ ਚੁੱਕੀ ਹੈ। ਜਿਸ ਦੇ ਤਹਿਤ ਪੰਜਾਬ ਵਿੱਚ ਪਹਿਲੀ ਵਾਰ ਕਰੋੜਾਂ ਰੁਪਏ ਕੀਮਤ ਦੀਆਂ ਨਸ਼ੀਲੀਆਂ ਗੋਲੀਆਂ/ਕੈਪਸੂਲ / ਟੀਕੇ ਅਤੇ ਵੱਖ ਵੱਖ ਤਸਕਰਾਂ ਤੋਂ ਕਰੋੜਾਂ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਪੰਜਾਬ ਪੁਲਿਸ ਵੱਲੋਂ ਇੱਕ ਨਵਾਂ ਇਤਹਾਸ ਸਿਰਜਿਆ ਗਿਆ ਹੈ। ਸਿਲਸਿਲੇਵਾਰ ਅਤੇ ਅਤਿ ਅਧੁਨਿਕ ਤੇ ਬਹੁਤ ਹੀ ਪ੍ਰੋਫੈਸ਼ਨਲ ਢੰਗ ਨਾਲ ਵਿੱਢੀ ਤਫਤੀਸ਼ ਦੀ ਬਦੌਲਤ ਸੀ.ਆਈ.ਏ. ਦੀ ਟੀਮ ਨੇ ਭਾਰੀ ਨਾਮਣਾ ਵੀ ਖੱਟਿਆ ਅਤੇ ਡਰੱਗ ਤਸਕਰਾਂ ਵਿੱਚ ਪੁਲਿਸ ਦਾ ਖੌਫ ਵੀ ਪੈਦਾ ਕੀਤਾ ਹੈ। ਪ੍ਰਦੇਸ਼ ਦੀ ਪੁਲਿਸ ਦੇ ਹੁਣ ਤੱਕ ਦੇ ਇਤਹਾਸ ਅੰਦਰ ਅਜਿਹਾ ਪਹਿਲੀ ਵਾਰ ਵਾਪਰਿਆਂ ਹੈ ਕਿ ਨਸ਼ੀਲੀਆਂ ਗੋਲੀਆਂ ਦੇ ਇੱਕ ਛੋਟੇ ਜਿਹੇ ਕੇਸ ਦੀਆਂ ਅੱਗੇ ਤੋਂ ਅੱਗੇ ਕੜੀਆਂ ਜੋੜ ਕੇ ਵੱਡੀਆਂ ਮੱਛੀਆਂ ਹੀ ਨਹੀਂਂ, ਬਲਕਿ ਡਰੱਗ ਦੀ ਫੈਕਟਰੀ ਤੱਕ ਪਹੁੰਚ ਕੇ ਮੈਨੂਫੈਕਚਰਿੰਗ ਵਾਲਿਆਂ ਨੂੰ ਵੀ ਸਲਾਖਾਂ ਪਿੱਛੇ ਧੱਕਿਆ ਗਿਆ ਹੈ।
ਹਰ ਦਿਨ ਵੱਧਦੀਆਂ ਜਾ ਰਹੀਆਂ ਅਰੋੜਾ ਪਿਉ-ਪੁੱਤ ਜੋੜੀ ਦੀਆਂ ਮੁਸ਼ਕਿਲਾਂ
ਬਰਨਾਲਾ ਪੁਲਿਸ ਵੱਲੋਂ 27 ਅਗਸਤ ਨੂੰ ਕਾਬੂ ਕੀਤਾ ਨਿਊਟੈਕ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਨਰੇਲਾ ਨਵੀਂ ਦਿੱਲੀ ਦਾ ਡਾਇਰੈਕਟਰ ਗੌਰਵ ਅਰੌੜਾ, ਇੱਨ੍ਹੀਂ ਦਿਨੀਂ ਹਰਿਆਣਾ ਦੀ ਹਿਸਾਰ ਜੇਲ੍ਹ ਵਿੱਚ ਬੰਦ ਹੈ। ਪੁਲਿਸ ਸੂਤਰਾਂ ਮੁਤਾਬਿਕ ਫਤਿਹਾਬਾਦ ਥਾਣੇ ਦੀ ਪੁਲਿਸ ਨੇ ਗੌਰਵ ਅਰੋੜਾ ਨੂੰ ਕੁਝ ਦਿਨ ਪਹਿਲਾਂ ਬਰਨਾਲਾ ਜੇਲ੍ਹ ਵਿੱਚੋਂ ਮਾਨਯੋਗ ਅਦਾਲਤ ਤੋਂ ਪ੍ਰੋਡੈਕਸ਼ਨ ਵਾਰੰਟ ਤੇ ਹਿਰਾਸਤ ਵਿੱਚ ਲਿਆ ਗਿਆ ਸੀ। ਉਸ ਤੋਂ ਬਾਅਦ ਗੌਰਵ ਅਰੋੜਾ ਹਿਸਾਰ ਜੇਲ੍ਹ ਵਿੱਚ ਹੀ ਬੰਦ ਹੈ।