12 ਅਗਸਤ ਨੂੰ ਸ਼ਰਧਾਂਜਲੀ ਸਮਾਗਮ ਜਗ੍ਹਾ ਜਗ੍ਹਾ ਇਨਕਲਾਬੀ ਜੋਸ਼ ਨਾਲ ਮਨਾਉਣ ਸਬੰਧੀ ਹੋਈ ਭਰਵੀਂ ਮੀਟਿੰਗ
ਹਰਿੰਦਰ ਨਿੱਕਾ ਬਰਨਾਲਾ 31 ਜੁਲਾਈ 2020
ਸਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਵੱਲੋਂ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਪ੍ਰਧਾਨਗੀ ਹੇਠ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਗੁਰਦਵਾਰਾ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਪ੍ਰੇਮ ਕੁਮਾਰ ਨੇ ਪਿਛਲੇ ਸਾਲ ਦਾ ਹਿਸਾਬ ਕਿਤਾਬ ਪੇਸ਼ ਕਰਦਿਆਂ ਦੱਸਿਆ ਕਿ ਕਿਰਤੀ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਵਿੱਚੋਂ ਵੱਡਾ ਹਿੱਸਾ ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਾਉਣ ਲਈ ਚੱਲੇ ਇਤਿਹਸਾਕ ਘੋਲ ਦੇ ਲੇਖੇ ਲੱਗ ਗਿਆ ਹੈ। ਹੁਣ ਐਕਸ਼ਨ ਕਮੇਟੀ ਕੋਲ ਬਹੁਤ ਥੋੜੀ ਰਾਖਵੀਂ ਪੂੰਜੀ ਬਚੀ ਹੈ। ਇਸ ਲਈ ਇਸ ਵਾਰ ਫੰਡ ਮੁਹਿੰਮ ਨੂੰ ਹਰ ਅਦਾਰੇ ਅੰਦਰ ਪੂਰੇ ਜੋਸ਼ ਖਰੋਸ਼ ਨਾਲ ਲਜਾਇਆ ਜਾਵੇ।
ਐਕਸ਼ਨ ਕਮੇਟੀ ਮੈਂਬਰਾਂ ਕੁਲਵੰਤ ਰਾਏ, ਗੁਰਮੀਤ ਸੁਖਪੁਰ ਨੇ ਗੱਲ ਕਰਦਿਆਂ ਕਿਹਾ ਕਿ ਸਾਲ 2019 ਐਕਸ਼ਨ ਕਮੇਟੀ ਮਹਿਲ ਕਲਾਂ ਸਮੇਤ ਇਨਸਾਫਪਸੰਦ ਲੋਕਾਂ ਲਈ ਬੇਹੱਦ ਚੁਣੌਤੀ ਭਰਪੂਰ ਸੀ , ਜਦ ਸੁਪਰੀਮ ਕੋਰਟ ਨੇ 3 ਸਤੰਬਰ 2019 ਨੂੰ ਐਕਸ਼ਨ ਕਮੇਟੀ ਦੇ ਇੱਕ ਅਹਿਮ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜਾ ਬਹਾਲ ਰੱਖ ਦਿੱਤੀ ਸੀ। ਆਪਣੇ ਆਗੂ ਨੂੰ ਜੇਲ੍ਹ ਵਿੱਚ ਛੱਡਣਾ ਵੀ ਤੇ ਉਨ੍ਹੀਂ ਹੱਥੀਂ ਸ਼ਾਨੋਸ਼ੌਕਤ ਨਾਲ ਉਮਰ ਕੈਦ ਦੀਆਂ ਜੰਜੀਰਾਂ ਤੋਂ ਮੁਕਤ ਕਰਾਉਣਾ ਵੀ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਸੀ। ਜਿਸ ਸਿਦਕ, ਦਲੇਰੀ ਨਾਲ ਇਸ ਵੱਡੀ ਚੁਣੌਤੀ ਨਾਲ 42 ਜਨਤਕ ਜਥੇਬੰਦੀਆਂ ਦੇ ਅਧਾਰਤ ਬਣੀ ਸੰਘਰਸ਼ ਕਮੇਟੀ, ਪੰਜਾਬ (ਐਕਸ਼ਨ ਕਮੇਟੀ ਮਹਿਲ ਕਲਾਂ ਵੀ ਜਿਸ ਦਾ ਜਾਨਦਾਰ ਹਿੱਸਾ ਸੀ) ਦੀ ਅਗਵਾਈ ਹੇਠ ਇਸ ਲੋਕ ਘੋਲ ਨੂੰ ਬੁਲੰਦੀਆਂ ਤੇ ਪਹੁੰਚਾ ਕੇ ਜਿੱਤ ਹਾਸਲ ਕੀਤੀ । ਉਹ ਆਪਣੇ ਹੱਥੀਂ ਸਿਰਜਿਆ ਇਤਿਹਾਸ ਦਾ ਅਜਿਹਾ ਸੁੁਨਿਹਰੀ ਪੰਨਾ ਹੈ, ਜਿਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਇਹ ਲੋਕ ਘੋਲ ਦਾ ਸੁਨਿਹਰੀ ਪੰਨਾ ਸਦੀਆਂ ਤੱਕ ਸੰਘਰਸ਼ਸ਼ੀਲ ਕਾਫਲਿਆਂ ਲਈ ਚਾਨਣ ਮੁਨਾਰਾ ਬਣਿਆ ਰਹੇਗਾ।
12 ਅਗਸਤ ਨੂੰ ਕਰੋਨਾ ਸੰਕਟ ਕਾਰਨ ਪੈਦਾ ਹੋਈ ਗੰਭੀਰ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਮਹਿਲਕਲਾਂ ਦੀ ਦਾਣਾ ਮੰਡੀ ਵਿੱਚ ਸਮਾਗਮ ਨਹੀਂ ਕੀਤਾ ਜਾਵੇਗਾ। ਹੁਣ ਇਹ ਸਮਾਗਮ 12 ਅਗਸਤ ਨੂੰ ਹਰ ਘਰ-ਘਰ, ਗਲੀ-ਗਲੀ, ਮੁਹੱਲੇ-ਮੁਹੱਲੇ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿਖੇ ਸਵੇਰ ਲੋਕ ਘੋਲ ਦੀ ਜਿੱਤ ਦੇ ਰੂਪ ‘ਚ ਪੂਰੇ ਇਨਕਲਾਬੀ ਜੋਸ਼ ਖਰੋਸ਼ ਨਾਲ ਮਨਾਇਆ ਜਾਵੇਗਾ। 1 ਅਗਸਤ ਤੋਂ 11 ਅਗਸਤ ਤੱਕ ਹਰ ਰੋਜ ਦੇ ਬੁੱਧੀਜੀਵੀ, ਲੇਖਕ, ਪੱਤਰਕਾਰ, ਕਵੀ ਸ਼ਾਮ 4 ਵਜੇ ਤੋ 5 ਵਜੇ ਤੱਕ ਲਾਈਵ ਹੋਇਆ ਕਰਨਗੇ। 12 ਅਗਸਤ ਨੂੰ ਪ੍ਰਮੁੱਖ ਸਖਸ਼ੀਅਤਾਂ ਸਵੇਰ 11 ਵਜੇ ਤੋਂ 2 ਵਜੇ ਤੱਕ ਲਾਈਵ ਹੋਣਗੇ। 23 ਸਾਲ ਦੇ ਲੋਕ ਘੋਲ ਦਾ ਸੋਵੀਨਾਰ ਸਬੰਧੀ ਵੀ ਵਿਚਾਰ ਕੀਤੀ ਗਈ।
23 ਸਾਲ ਦੇ ਲੰਬੇ ਅਰਸੇ ਤੋਂ ਇਸ ਲੋਕ ਘੋਲ ਦੀ ਢਾਲ ਤੇ ਤਲਵਾਰ ਬਣੇ ਲੋਕਾਂ ਨੇ ਜੋ ਸੰਗਰਾਮੀ ਪਿਰਤਾਂ ਪਾਈਆਂ ਹਨ, ਖਾਸ ਕਰ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੇ ਉਹ ਵੀ ਮਿਸਾਲੀ ਹਨ। ਵੱਡ ਅਕਾਰੀ ਰੰਗਦਾਰ ਲੋਕ ਘੋਲ ਦੀ ਇਤਿਹਾਸਕ ਜਿੱਤ ਨੂੰ ਦਰਸਾਉਂਦਾ ਹਜਾਰਾਂ ਦੀ ਗਿਣਤੀ ਵਿੱਚ ਛਪਿਆ ਪੋਸਟਰ ਜਾਰੀ ਕੀਤਾ। ਮਹਿਲਕਲਾਂ ਲੋਕ ਘੋਲ ਦੇ ਕੀਮਤੀ ਸਬਕਾਂ ਨੂੰ ਲੋਕ ਮਨਾਂ ਦਾ ਹਿੱਸਾ ਬਨਾਉਣ ਲਈ ਪ੍ਰਚਾਰ ਮੁਹਿੰਮ ਵਜੋ 3, 4 ਅਤੇ 5 ਅਗਸਤ ਨੂੰ ਪੋਸਟਰ ਲਾਉਣ, 7 ਅਤੇ 8 ਅਗਸਤ ਨੂੰ ਮਹਿਲਕਲਾਂ ਇਲਾਕੇ ਨੂੰ ਚਾਰ ਜੋਨਾਂ ਵਿੱਚ ਵੰਡਕੇ ਪ੍ਰਚਾਰ ਮੁਹਿੰਮ ਚਲਾਉਣ ਦਾ ਤਹਿ ਕੀਤਾ ਗਿਆ। ਜਿਸ ਤਹਿਤ ਪਿੰਡ-ਪਿੰਡ ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੀਟਿੰਗ ਵਿੱਚ ਮਨਜੀਤ ਧਨੇਰ, ਮਾ. ਦਰਸ਼ਨ ਸਿੰਘ, ਅਮਰਜੀਤ ਕੁੱਕੂ, ਗੁਰਮੇਲ ਠੁੱਲੀਵਾਲ, ਮਾ.ਪਿਸ਼ੌਰਾ ਸਿੰਘ, ਕੁਲਵੀਰ ਔਲਖ, ਗੁਰਦੇਵ ਮਾਂਗੇਵਾਲ, ਭਾਗ ਸਿੰਘ ਕੁਰੜ, ਬਾਬੂ ਸਿੰਘ ਖੁੱਡੀਕਲਾਂ, ਮਹਿਮਾ ਸਿੰਘ, ਖੁਸ਼ਮੰਦਰਪਾਲ,ਮਾ.ਸੋਹਣ ਸਿੰਘ,ਸਿਕੰਦਰ ਸਿੰਘ ਭੂਰੇ ,ਬਲਵੀਰ ਸਿੰਘ ਮਹਿਲਖੁਰਦ ਆਦਿ ਆਗੂਆਂ ਨੇ ਵੀ ਕੀਮਤੀ ਵਿਚਾਰ/ਸੁਝਾਓ ਰੱਖੇ।