6 ਦੋਸ਼ੀਆਂ ਦੀਆਂ ਜਮਾਨਤਾਂ ਰੱਦ ਹੋਣ ਤੋਂ ਬਾਅਦ 2 ਆਲ੍ਹਾ ਅਫਸਰਾਂ ਚ, ਹੋਈ ਸੀ ਕਾਫੀ ਤਕਰਾਰ, ਦੋਸ਼ੀਆਂ ਨੂੰ ਰਿਆਇਤ ਦੇਣ ਚ, ਬਣਿਆ ਅੜਿੱਕਾ ਕੱਢਿਆ
ਆਈ.ਜੀ. ਔਲਖ ਨੇ ਸਿੱਧੂ ਮੂਸੇਵਾਲਾ ਦੀ ਦੁਰਖਾਸਤ ਤੇ ਬਦਲੀ ਇਨਕੁਆਰੀ
ਹੁਣ ਐਸ.ਪੀ. ਭਾਰਦਵਾਜ਼ ਦੀ ਥਾਂ ਐਸਪੀ. ਵਿਰਕ ਦੀ ਅਗਵਾਈ ਚ, ਬਣਾਈ ਐਸ.ਆਈ.ਟੀ.
ਬਰਨਾਲਾ ਕੇਸ ਚ, ਸਿੱਧੂ ਕੇਸ ਦੇ ਨਾਮਜਦ ਦੋਸ਼ੀਆਂ ਦੀ ਜਮਾਨਤ ਰੱਦ ਹੋਣ ਤੋਂ ਖਫਾ ਸੀ ਪੁਲਿਸ ਦਾ ਆਲ੍ਹਾ ਅਧਿਕਾਰੀ !
ਹਰਿੰਦਰ ਨਿੱਕਾ ਬਰਨਾਲਾ 22 ਜੂਨ 2020
ਲੌਕਡਾਉਨ ਦੇ ਦੌਰਾਨ ਦਫਾ 144 ਦਾ ਉਲੰਘਣ ਕਰਕੇ ਜਿਲ੍ਹੇ ਦੇ ਪਿੰਡ ਬਡਬਰ ਦੀ ਨਿੱਜੀ ਰਾਈਫਲ ਰੇਂਜ ਵਿੱਚ ਏ.ਕੇ. 47 ਅਸਾਲਟ ਰਾਈਫਲ ਨਾਲ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਫਾਇਰਿੰਗ ਕਰਨ ਦੇ ਮਾਮਲੇ ਚ, ਫਸੇ ਵਿਵਾਦਿਤ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਜੋਰ ਇੱਕ ਵਾਰ ਫਿਰ ਸਿਰ ਚੜ੍ਹ ਕੇ ਬੋਲਿਆ ਹੈ। ਆਈਜੀ ਰੇਂਜ ਪਟਿਆਲਾ ਜਤਿੰਦਰ ਸਿੰਘ ਔਲਖ ਨੇ ਸਿੱਧੂ ਮੂਸੇਵਾਲਾ ਦੀ ਦੁਰਖਾਸਤ ਤੇ ਕਾਰਵਾਈ ਕਰਦਿਆਂ ਥਾਣਾ ਧਨੌਲਾ ਵਿਖੇ ਦਰਜ਼ ਕੇਸ ਦੀ ਜਾਂਚ ਹੁਣ ਬਰਨਾਲਾ ਦੇ ਐਸ. ਪੀ ਪੀਬੀਆਈ ਰੁਪਿੰਦਰ ਭਾਰਦਵਾਜ ਤੋਂ ਬਦਲ ਕੇ ਜਾਂਚ ਲਈ ਐਸਆਈਟੀ ਬਣਾ ਦਿੱਤੀ ਹੈ। ਆਈਜੀ ਦਫਤਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵੱਲੋਂ ਆਈਜੀ ਨੂੰ ਦੁਰਖਾਸਤ ਪੇਸ਼ ਕਰਕੇ ਉਸ ਦੇ ਖਿਲਾਫ ਦਰਜ ਉਕਤ ਕੇਸ ਦੀ ਫਿਰ ਤੋਂ ਜਾਂਚ ਕਰਨ ਲਈ ਬੇਨਤੀ ਕੀਤੀ ਗਈ ਸੀ। ਇਸ ਦੁਰਖਾਸਤ ਦੇ ਅਧਾਰ ਤੇ ਆਈਜੀ ਔਲਖ ਨੇ ਕੇਸ ਦੀ ਜਾਂਚ ਐਸਪੀ ਪੀਬੀਆਈ ਤੋਂ ਬਦਲ ਕੇ ਬਰਨਾਲਾ ਦੇ ਹੀ ਐਸਪੀ ਡੀ ਸੁਖਦੇਵ ਸਿੰਘ ਵਿਰਕ ਦੀ ਅਗਵਾਈ ਚ, ਐਸਆਈਟੀ ਨੂੰ ਸੌਂਪ ਦਿੱਤੀ ਹੈ। ਐਸਆਈਟੀ ਚ, ਐਸਪੀ ਵਿਰਕ ਦੇ ਨਾਲ ਡੀਐਸਪੀ ਡੀ ਰਮਨਿੰਦਰ ਸਿੰਘ ਅਤੇ ਥਾਣਾ ਧਨੌਲਾ ਦੇ ਐਸਐਚਉ ਕੁਲਦੀਪ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।
-ਸਿੱਧੂ ਮੂਸੇਵਾਲਾ ਕੇਸ ਚ, ਰਾਹਤ ਦੇਣ ਦੀ ਕਵਾਇਦ ਸ਼ੁਰੂ ?
ਪੁਲਿਸ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਸਿੱਧੂ ਮੂਸੇਵਾਲਾ ਦੇ ਕੇਸ ਚ, ਨਾਮਜਦ 6 ਦੋਸ਼ੀਆਂ ਦੀਆਂ ਜਮਾਨਤਾਂ ਬਰਨਾਲਾ ਅਦਾਲਤ ਵੱਲੋਂ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਦਾ ਇੱਕ ਆਲ੍ਹਾ ਅਫਸਰ ਕਾਫੀ ਖਫਾ ਚੱਲ ਰਿਹਾ ਸੀ। ਕਿਉਂਕਿ ਉਹ ਚਾਹੁੰਦਾ ਸੀ ਕਿ ਸਿੱਧੂ ਕੇਸ ਚ, ਨਾਮਜਦ ਦੋਸ਼ੀਆਂ ਦੀਆਂ ਜਮਾਨਤਾਂ ਹੋਣ ਦੇ ਦਿੱਤੀਆਂ ਜਾਣ। ਪਰੰਤੂ ਜਾਂਚ ਅਧਿਕਾਰੀ ਐਸਪੀ ਭਾਰਦਵਾਜ ਨੇ ਆਪਣੇ ਵਿਭਾਗ ਦੇ ਆਲ੍ਹਾ ਅਫਸਰ ਦਾ ਦੋਸ਼ੀਆਂ ਨੂੰ ਰਿਆਇਤ ਦੇਣ ਦਾ ਹੁਕਮ ਨਜ਼ਰਅੰਦਾਜ਼ ਕਰਕੇ ਨੈਸ਼ਨਲ ਸ਼ੂਟਰ ਜੰਗਸ਼ੇਰ ਸਿੰਘ ਅਤੇ ਪੰਜ ਪੁਲਿਸ ਮੁਲਾਜਿਮਾਂ ਦੀਆਂ ਜਮਾਨਤਾਂ ਰੱਦ ਕਰਵਾ ਦਿੱਤੀਆਂ ਸਨ । ਦੋਸ਼ੀਆਂ ਦੀਆਂ ਜਮਾਨਤਾਂ ਰੱਦ ਹੋਣ ਤੋਂ ਬਾਅਦ ਦੋ ਆਲ੍ਹਾ ਅਫਸਰਾਂ ਚ, ਕਾਫੀ ਤਕਰਾਰ ਵੀ ਹੋਈ ਸੀ। ਜਿਸ ਦੀ ਬਕਾਇਦਾ ਰਿਕਾਰਡਿੰਗ ਵੀ ਹਾਈਕੋਰਟ ਚ, ਸਿੱਧੂ ਕੇਸ ਚ, ਪੀਆਈਐਲ ਦਾਇਰ ਕਰਨ ਵਾਲੇ ਵਕੀਲਾਂ ਕੋਲ ਮੌਜੂਦ ਹੈ। ਇਹ ਰਿਕਾਰਡਿੰਗ ਦੀ ਅਵਾਜ਼ ਹਾਈਕੋਰਟ ਚ, ਗੂੰਝਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਰਿਕਾਰਡਿੰਗ ਸੁਣਨ ਤੋਂ ਲੱਗਭੱਗ ਇਹ ਗੱਲ ਸਾਫ ਹੋ ਗਈ ਸੀ ਕਿ ਦੋਸ਼ੀਆਂ ਨੂੰ ਰਿਆਇਤ ਦੇਣ ਲਈ ਤਿਆਰ ਨਾ ਹੋਣ ਵਾਲੇ ਜਾਂਚ ਅਧਿਕਾਰੀ ਤੋਂ ਜਲਦ ਹੀ ਜਾਂਚ ਬਦਲ ਦਿੱਤੀ ਜਾਵੇਗੀ। ਆਖਿਰ ਹੁਣ ਸਿੱਧੂ ਮੂਸੇਵਾਲਾ ਕੇਸ ਚ, ਦੋਸ਼ੀਆਂ ਨੂੰ ਪੁਲਿਸ ਦੀ ਰਿਆਇਤ ਮੰਜੂਰ ਹੋਵੇਗੀ ਜਾਂ ਨਹੀਂ, ਇਹ ਗੱਲ ਸਮੇਂ ਦੇ ਗਰਭ ਚ, ਲੁਕਿਆ ਸਵਾਲ ਹੈ। ਉੱਧਰ ਇਸ ਕੇਸ ਚ, ਅਸਲਾ ਐਕਟ ਅਤੇ 120 ਬੀ ਜੁਰਮ ਦਾ ਵਾਧਾ ਕਰਨ ਵਾਲੇ ਕੇਸ ਦੇ ਜਾਂਚ ਅਧਿਕਾਰੀ ਰਹੇ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨਾਲ ਸੰਪਰਕ ਕਰਨ ਤੇ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।