ਸੁਪਰੀਮ ਕੋਰਟ ਦੇ ਫ਼ੈਸਲੇ ਨੇ ਭਾਜਪਾ ਦਾ ਮਨੂੰਵਾਦੀ ਚਿਹਰਾ ਹੋਰ ਲੀਰੋਲੀਰ ਕੀਤਾ- ਇਨਕਲਾਬੀ ਕੇਂਦਰ ਪੰਜਾਬ
ਅਸ਼ੋਕ ਵਰਮਾ , ਰਾਮਪੁਰਾ 9 ਜਨਵਰੀ 2024
ਤਿੰਨ ਸਾਲ ਦੀ ਬੱਚੀ ਅਤੇ ਮਾਂ ਸਮੇਤ ਆਪਣੇ ਪ੍ਰੀਵਾਰ ਦੇ ਸੱਤ ਮੈਂਬਰਾਂ ਨੂੰ ਗੁਆ ਚੁੱਕੀ ਬਿਲਕੀਸ ਬਾਨੋ ਦੀ ਕਮਾਲ ਦੀ ਦਲੇਰੀ, ਦ੍ਰਿੜਤਾ ਤੇ ਜਾਂਬਾਜੀ ਨਾਲ ਇਸ ਲੋਕ ਦੋਖੀ ਪ੍ਰਬੰਧ ਚ ਲਗਾਤਾਰ 22 ਸਾਲ ਨਿਆਂ ਹਾਸਲ ਕਰਨ ਦੀ ਜ਼ੰਗ ਨੂੰ ਜਾਰੀ ਰੱਖਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਇਸ ਇਤਿਹਾਸ ਦਾ ਸਭ ਤੋਂ ਅਹਿਮ ਪੱਖ ਇਹ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਜੋ ਟਿੱਪਣੀਆਂ ਕੀਤੀਆਂ ਹਨ, ਉਸ ਨੇ ਭਾਜਪਾ ਦਾ ਮਨੂੰਵਾਦੀ ਚਿਹਰਾ ਹੋਰ ਲੀਰੋਲੀਰ ਕੀਤਾ ਹੈ। ਇਸ ਫ਼ੈਸਲੇ ਨੇ ਗੁਜਰਾਤ ਦੀ ਆਰਐਸਐਸ/ਭਾਜਪਾ ਸਰਕਾਰ ਦਾ ਔਰਤ ਨਾਲ ਹੋਏ ਇੱਕ ਅਤਿਅੰਤ ਵਹਿਸ਼ੀ ਜ਼ੁਰਮ ਦੇ ਦੋਸ਼ੀਆਂ ਨੂੰ ਮਾਫ਼ੀ ਦੇਣ ਪਿੱਛੇ ਇੱਕ ਹੋਰ ਵੱਡਾ ਕਾਰਨ ਬਿਲਕਸ ਬਾਨੋ ਦਾ ਮੁਸਲਿਮ ਔਰਤ ਹੋਣਾ ਹੈ। ਭਾਜਪਾ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੀ ਕੱਟੜ ਦੁਸ਼ਮਣ ਹੈ, ਸਮੂਹਿਕ ਬਲਾਤਕਾਰ ਤੇ ਕਤਲੇਆਮ ਦੇ ਦੋਸ਼ੀਆਂ ਨੂੰ ਬਰੀ ਕਰਾਕੇ ਹਾਰ ਪਹਿਨਾਉਣ, ਮਿਠਾਈ ਵੰਡ ਕੇ ਖੁਸ਼ੀ ਮਨਾਉਣ ਨਾਲ ਹਿੰਦੂ ਫਿਰਕਾਪ੍ਰਸਤ ਤਾਕਤਾਂ ਨੇ ਅਪਣਾ ਖ਼ੂਨੀ ਫਾਸ਼ੀ ਕਿਰਦਾਰ ਸਪਸ਼ਟ ਕਰ ਦਿੱਤਾ ਸੀ। ਇਹ ਵਿਚਾਰ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਾਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸਾਂਝੇ ਕਰਦਿਆਂ ਕਿਹਾ ਕਿ ਅਪਰਾਧੀਆਂ ਨੂੰ ਸੰਸਕਾਰੀ ਤੇ ਜੇਲ੍ਹ ‘ਚ ਵਧੀਆ ਚਾਲਚਲਨ ਦਾ ਖ਼ਿਤਾਬ ਦੇ ਕੇ 7 ਕਤਲਾਂ ਤੇ ਸਮੂਹਿਕ ਬਲਾਤਕਾਰ ਜਿਹੇ ਅਤਿ ਘਿਨਾਉਣੇ ਦੋਸ਼ਾਂ ਤੋਂ ਬਰੀ ਕਰਨਾ ਦਰਸਾਉਂਦਾ ਹੈ ਕਿ ਭਾਜਪਾ ਕਿਹੋ ਜਿਹਾ ਰਾਮਰਾਜ ਉਸਾਰਨ ਲਈ ਤਰਲੋਮੱਛੀ ਹੋ ਰਹੀ ਹੈ। ਇੱਕ ਵਿਸ਼ੇਸ਼ ਧਰਮ ਨੂੰ ਉਚਿਆ ਕੇ ਦੂਜੇ ਧਰਮਾਂ ਅਤੇ ਫਿਰਕਿਆਂ ਨੂੰ ਨੀਵਾਂ ਦਿਖਾਉਣ ਦਾ ਇਹ ਅਮਲ ਦੇਸ਼ ਨੂੰ ਇੱਕ ਧਰਮ ਦਾ ਕੱਟੜ ਰਾਜ ਉਸਾਰਨ ਦਾ ਅਸਫ਼ਲ ਯਤਨ ਹੈ। ਉਨਾਂ ਕਿਹਾ ਕਿ ਦੋਸ਼ੀਆਂ ਨੂੰ ਜੇਲ੍ਹ ‘ਚੋਂ ਬਾਹਰ ਕੱਢਣ ਉਪਰੰਤ ਜਿਸ ਸੂਰਮਗਤੀ ਨਾਲ ਇਸ ਮਹਾਨ ਔਰਤ ਨੇ ਦਿਲ ਤੇ ਪੱਥਰ ਰੱਖ ਕੇ ਲੜਾਈ ਲੜੀ ਹੈ, ਵੱਡੇ ਸਲਾਮ ਦੀ ਹੱਕਦਾਰ ਹੈ। ਭਾਜਪਾ ਦੀ ਮੰਨੂਵਾਦੀ ਮਾਨਸਿਕਤਾ ਛੋਟੀ ਮਾਸੂਮ ਬੱਚੀ ਆਸਿਫਾ ਦੇ ਬਲਾਤਕਾਰ ਅਤੇ ਕਤਲ ਸਮੇਂ ਵੀ ਪੂਰੀ ਬੇਸ਼ਰਮੀ ਨਾਲ ਉਜ਼ਾਗਰ ਹੋਈ ਸੀ, ਜਦੋਂ ਬਜਰੰਗ ਦਲੀਆਂ ਨੇ ਬਲਾਤਕਾਰੀ ਕਾਤਲਾਂ ਦੇ ਹੱਕ ‘ਚ ਜੰਮੂ ‘ਚ ਜਲੂਸ ਕੱਢੇ ਸਨ। ਉਨ੍ਹਾਂ ਭੈਣ ਬਿਲਕੀਸ ਬਾਨੋ ਦੇ ਉਸ ਬਿਆਨ ਤੇ ਤਸੱਲੀ ਦਾ ਇਜ਼ਹਾਰ ਕੀਤਾ ਜਿਸ ਵਿੱਚ ਫੈਸਲੇ ਤੋਂ ਬਾਅਦ ਉਸਨੇ ਕਿਹਾ ਕਿ ਅੱਜ ਉਸ ਲਈ ਨਵਾਂ ਸਾਲ ਚੜ੍ਹਿਆ ਹੈ ਤੇ ਅਪਣੇ ਬੱਚਿਆਂ ਨੂੰ ਕਲਾਵੇ ‘ਚ ਲੈ ਕੇ ਡੇਢ ਸਾਲ ਬਾਅਦ ਉਹ ਪਹਿਲੀ ਵੇਰ ਮੁਸਕਰਾਈ ਹੈ।
ਦੋਵੇਂ ਆਗੂਆਂ ਨੇ ਇਸ ਕੇਸ ਦੀ ਪੈਰਵਾਈ ਕਰਨ ਵਾਲੇ ਵਕੀਲਾਂ ਅਤੇ ਦੇਸ਼ ਦੁਨੀਆਂ ‘ਚ ਇਸ ਘੋਰ ਹਨੇਰ ਗਰਦੀ ਖ਼ਿਲਾਫ਼ ਆਵਾਜ ਉਠਾਉਣ ਵਾਲੇ ਜਾਗਰੂਕ ਲੋਕਾਂ ਨੂੰ ਵੀ ਸਲਾਮ ਕੀਤਾ ਹੈ। ਉਨ੍ਹਾਂ ਦੇਸ਼ ਦੁਨੀਆਂ ‘ਚ ਔਰਤਾਂ ਪ੍ਰਤੀ ਨਿਤਾਪ੍ਰਤੀ ਵੱਧ ਰਹੇ ਜ਼ੁਰਮਾਂ ਖ਼ਿਲਾਫ਼ ਔਰਤ ਦੀ ਮੁਕੰਮਲ ਮੁਕਤੀ ਲਈ ਔਰਤ ਵਰਗ ਨੂੰ ਨਾਲ ਲੈ ਕੇ ਇੱਕ ਖਰੀ ਲੋਕ ਲਹਿਰ ਦੀ ਉਸਾਰੀ ਦਾ ਸੱਦਾ ਦਿੱਤਾ ਹੈ।