ਕੈਬਨਿਟ ਮੰਤਰੀ ਮੀਤ ਹੇਅਰ ਨੇ ਸ਼ਕਾਇਤ ਮਿਲਣ ਤੋਂ ਬਾਅਦ ਕੀਤੀ ਸੀ ਵਿਜੀਲੈਂਸ ਜਾਂਚ ਲਈ ਸਿਫਾਰਿਸ਼
ਰਘਵੀਰ ਹੈਪੀ , ਬਰਨਾਲਾ 4 ਅਗਸਤ 2023
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸ਼ਿਫਾਰਿਸ਼ ਤੋਂ 8 ਮਹੀਨਿਆਂ ਬਾਅਦ ਹੀ ਸਹੀ, ਵਿਜੀਲੈਂਸ ਬਿਊਰੋ ਨੇ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਨਗਰ ਪੰਚਾਇਤ ਹੰਡਿਆਇਆ ‘ਚ ਹੋਏ ਕਥਿਤ ਘਪਲਿਆਂ ਦੀ ਗਿਣਤੀ-ਮਿਣਤੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਬਿਊਰੋ ਜਿਲ੍ਹਾ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ‘ਚ ਵਿਜੀਲੈਂਸ ਵੱਲੋਂ ਪੀ.ਡਬਲਯੂ.ਡੀ. ਵਿਭਾਗ ਦੇ ਐਸ.ਡੀ.ੳ. ਬਲਵਿੰਦਰ ਸਿੰਘ ਅਤੇ ਜੇ.ਈ. ਪ੍ਰਭਸਿਮਰਨ ਸਿੰਘ ਨੂੰ ਤਕਨੀਕੀ ਖਾਮੀਆਂ ਲੱਭਣ ਲਈ ਗਠਿਤ ਟੈਕਨੀਕਲ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਦੀ ਜੇਰ ਨਿਗਰਾਨੀ ਟੈਕਨੀਕਲ ਟੀਮ ਨੇ ਲੰਘੀ ਕੱਲ੍ਹ ਸ਼ਕਾਇਤਕਰਤਾ ਤੇਜਿੰਦਰ ਸਿੰਘ ਉਰਫ ਗਗਨ ਨੂੰ ਨਾਲ ਲੈ ਕੇ,ਨਗਰ ਪੰਚਾਇਤ ਦੇ ਵਾਰਡ ਨੰਬਰ-3/4/8 ਵਿੱਚ ਲਗਾਈਆਂ ਇੰਟਰਲੌਕ ਟਾਈਲਾਂ ਦਾ ਨਗਰ ਪੰਚਾਇਤ ਦੀ ਵਰਕਸ ਸ਼ਾਖਾ ਨਾਲ ਸਬੰਧਿਤ ਰਿਕਾਰਡ ਘੋਖਿਆ ਗਿਆ । ਵਿਜੀਲੈਂਸ ਵੱਲੋਂ ਕਾਇਮ ਟੈਕਨੀਕਲ ਟੀਮ ਨੇ ਮੀਡੀਆ ਤੋਂ ਦੂਰੀ ਹੀ ਬਣਾ ਕੇ ਰੱਖੀ। ਉਨ੍ਹਾਂ ਕਿਹਾ ਕਿ ਉਹ ਰਿਕਾਰਡ ਅਤੇ ਫਿਜੀਕਲ ਮੌਕਾ ਮੁਆਇਨਾ ਦੀ ਰਿਪੋਰਟ ਵਿਜੀਲੈਂਸ ਬਿਊਰੋ ਕੋਲ ਜਮ੍ਹਾ ਕਰਵਾਉਣਗੇ। ਇਸ ਸਬੰਧੀ ਅਗਲੀ ਕਾਰਵਾਈ, ਵਿਜੀਲੈਂਸ ਬਿਊਰੋ ਵੱਲੋਂ ਹੀ ਅਮਲ ਵਿੱਚ ਲਿਆਂਦੀ ਜਾਵੇਗੀ। ਉੱਧਰ ਜਾਂਚ ਸਮੇਂ ਮੌਜੂਦ ਸ਼ਕਾਇਤਕਰਤਾ ਤੇਜਿੰਦਰ ਸਿੰਘ @ ਗਗਨ ਨੇ ਦੱਸਿਆ ਕਿ ਵਿਜੀਲੈਂਸ ਦੀ ਟੈਕਨੀਕਲ ਟੀਮ ਨੇ ਟੈਂਪੂ ਸਟੈਂਡ ਹੰਡਿਆਇਆ, ਨਾਜਮ ਸਿੰਘ ਐਮਸੀ ਵਾਲੀ ਗਲੀ, ਰੂਪੀ ਐਮਸੀ ਦੇ ਘਰ ਨੇੜਿਉਂ, ਕਲਿਆਣ ਆਟਾ ਚੱਕੀ ਆਦਿ ਪੰਜ ਥਾਵਾਂ ਤੋਂ ਇੰਟਰਲੌਕ ਟਾਈਲਾਂ ਲਾਉਣ ਸਮੇਂ ਵਰਤੇ ਗਟਕੇ /ਬਰੇਤੀ ਆਦਿ ਮੈਟੀਰੀਅਲ ਦੇ ਸੈਂਪਲ ਲਏ ਹਨ। ਰਿਕਾਰਡ ਸਾਹਮਣੇ ਆਉਣ ਤੇ ਹੈਰਾਨੀਜਨਕ ਖੁਲਾਸਾ ਹੋਇਆ ਕਿ ਨਗਰ ਪੰਚਾਇਤ ਪ੍ਰਬੰਧਕਾਂ ਵੱਲੋਂ 1400 ਮੀਟਰ ਕੰਮ ਕਰਵਾਉਣ ਲਈ ਕਰੀਬ 23.50 ਲੱਖ ਰੁਪਏ ਦਾ ਟੈਂਡਰ ਲਾਇਆ ਗਿਆ ਸੀ, ਜਿਹੜਾ ਲੈਸ ਕਰਕੇ ਠੇਕੇਦਾਰ ਨੂੰ 22. 99 ਲੱਖ ਵਿੱਚ ਅਲਾਟ ਕੀਤਾ ਗਿਆ ਸੀ। ਮੌਕਾ ਮੁਆਇਨਾ ਕਰਨ ਸਮੇਂ ਇਹ ਕੰਮ ਮਿਣਤੀ ਉਪਰੰਤ ਸਿਰਫ ਕਰੀਬ 455 ਮੀਟਰ ਹੀ ਹੋਇਆ ਮਿਲਿਆ ਹੈ। ਕਰਮਚਾਰੀਆਂ ਨੇ ਬਾਕੀ ਕੰਮ ਹੋਰ ਜਗ੍ਹਾ ਕਰਵਾਉਣ ਲਈ, ਮੂੰਹ ਜੁਬਾਨੀ ਦੱਸਿਆ ਗਿਆ, ਜਿਸ ਦੀ ਜਾਂਚ ਲਈ ਅੱਜ ਫਿਰ ਵਿਜੀਲੈਂਸ ਦੀ ਟੈਕਨੀਕਲ ਟੀਮ ਪਹੁੰਚ ਰਹੀ ਹੈ। ਵਿਜੀਲੈਂਸ ਇੰਸਪੈਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਬਿਨਾਂ ਕਿਸੇ ਦਬਾਅ ਤੋਂ ਨਿਰਪੱਖ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ। ਪੜਤਾਲ ਦੌਰਾਨ ਦੋਸ਼ੀ ਪਾਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
1400 ਮੀਟਰ ਦੇ ਕੰਮ ‘ਚੋਂ ਨਿਬੜਿਆ ਸਿਰਫ 455 ਮੀਟਰ !
ਵਿਜੀਲੈਂਸ ਬਿਊਰੋ ਨੂੰ ਸ਼ਕਾਇਤ ਕਰਨ ਵਾਲੇ ਤੇਜਿੰਦਰ ਸਿੰਘ @ ਗਗਨ ਪੁੱਤਰ ਅਮਰਜੀਤ ਸਿੰਘ,ਵਾਸੀ ਵਾਰਡ ਨੰਬਰ 8, ਨੇੜੇ ਐਸ.ਬੀ.ਆਈ ਬੈਂਕ ਹੰਡਿਆਇਆ ਨੇ ਵਿਜੀਲੈਂਸ ਵੱਲੋਂ ਘਪਲਿਆਂ ਦੀ ਪੜਤਾਲ ਸ਼ੁਰੂ ਹੋਣ ਨੂੰ ਸ਼ੁਭ ਸੰਕੇਤ ਕਰਾਰ ਦਿੰਦਿਆਂ ਕਿਹਾ ਕਿ ਮੈਂ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਤੋਂ ਹੀ ਇੰਟਰਲੌਕ ਟਾਈਲਾਂ ਲਗਾਉਣ ਦੇਕੰਮ ਵਿੱਚ ਹੋਈਆਂ ਬੇਨਿਯਮੀਆਂ ਅਤੇ ਘਪਲੇਬਾਜੀਆਂ ਨੂੰ ਉਜਾਗਰ ਕਰਦਾ ਆ ਰਿਹਾ ਹਾਂ। ਪਰੰਤੂ ਉਦੋਂ ਸਬੂਤਾਂ ਸਣੇ ਕੀਤੀਆਂ ਸ਼ਕਾਇਤਾਂ ਦੀ ਕਿਸੇ ਨੇ ਕੋਈ ਪੜਤਾਲ ਨਹੀਂ ਕਰਵਾਈ। ਹੁਣ ਜਦੋਂ ਸੂਬੇ ਦੀ ਸੱਤਾ ਵਿੱਚ ਵੱਡਾ ਬਦਲਾਅ ਆਇਆ ਤਾਂ ਫਿਰ 6 ਦਸੰਬਰ 2022 ਨੂੰ ਇਹੋ ਘਪਲਿਆਂ ਦੀ ਜਾਂਚ ਸਬੰਧੀ ਸ਼ਕਾਇਤ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮਿਲ ਕੇ ਕੀਤੀ ਸੀ। ਜਿੰਨ੍ਹਾਂ ਨੇ ਇਸ ਦੀ ਪੜਤਾਲ ਵਿਜੀਲੈਂਸ ਬਿਊਰੋ ਪਾਸੋਂ ਕਰਵਾਉਣ ਲਈ ਸਿਫਾਰਿਸ਼ ਕੀਤੀ ਸੀ। ਉੇਸੇ ਸ਼ਕਾਇਤ ਦੇ ਅਧਾਰ ਤੇ ਦੇਰ ਨਾਲ ਹੀ ਸਹੀ, ਹੁਣ ਪੜਤਾਲ ਸ਼ੁਰੂ ਹੋ ਗਈ ਹੈ, ਘਪਲਿਆਂ ਤੋਂ ਪਰਦਾ ਉੱਠਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਜਾਂਚ ਦੀ ਧਮਕ ਨਾਲ ਵਿਕਾਸ ਕੰਮ ਕਰਵਾਉਣ ਸਮੇਂ ਵਰਤੇ ਦੋਮ ਦਰਜ਼ੇ ਦੇ ਮੈਟੀਰੀਅਲ ਅਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਅਧਿਕਾਰੀਆਂ ਅਤੇ ਨਗਰ ਪ੍ਰਬੰਧਕਾਂ ਦੀਆਂ ਹੁਣ ਧੜਕਣਾਂ ਤੇਜ਼ ਹੋ ਗਈਆਂ ਹਨ। ‘ਤੇ ਉਨਾਂ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਸਿਰਤੋੜ ਯਤਨ ਵੀ ਸ਼ੁਰੂ ਕਰਨ ਦੀਆਂ ਕਨਸੋਆਂ ਮਿਲ ਰਹੀਆਂ ਹਨ। ਤੇਜਿੰਦਰ ਸਿੰਘ @ ਗਗਨ ਦਾ ਦੋਸ਼ ਹੈ ਕਿ ਨਗਰ ਪੰਚਾਇਤ ਹੰਡਿਆਇਆ ਵੱਲੋਂ ਗਲੀਆਂ ਵਿੱਚ ਲਗਾਈ ਗਈ ਇੰਟਰਲੌਕ ਟਾਇਲ ਵਿੱਚ ਘਟੀਆ ਅਤੇ ਟੈਂਡਰ ਅਨੁਸਾਰ ਨਿਰਧਾਰਿਤ ਮਟੀਰਿਅਲ ਦੀ ਵਰਤੋਂ ਨਾ ਕਰਕੇ ਵੱਡਾ ਘਪਲਾ ਕੀਤਾ ਗਿਆ ਹੈ। ਨਗਰ ਪੰਚਾਇਤ ਹੰਡਿਆਇਆ ਵੱਲੋਂ ਵਿਕਾਸ ਦੇ ਨਾਮ ਤੇ ਗਲੀਆਂ/ਮੁਹੱਲਿਆਂ ਵਿੱਚ ਇੰਟਰਲੌਕ ਟਾਇਲ ਲਗਾਈ ਗਈ ਹੈ। ਜਿਸ ਵਿੱਚ ਇੰਟਰਲੌਕ ਟਾਇਲ ਅਤੇ ਮਟੀਰਿਅਲ ਟੈਂਡਰ ਅਨੁਸਾਰ ਨਿਰਧਾਰਿਤ ਮਟੀਰਿਅਲ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋ ਵੱਖ ਵੱਖ ਕੰਮ ਕਰਨ ਵਾਲੇ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਨਿਸਚਿਤ ਮਟੀਰਿਅਲ ਦੀ ਵਰਤੋਂ ਨਹੀਂ ਕੀਤੀ ਗਈ ਹੈ । ਇਸ ਤਰਾਂ ਕਰਕੇ ਪ੍ਰਬੰਧਕਾਂ/ ਅਧਿਕਾਰੀਆਂ ਤੇ ਠੇਕੇਦਾਰਾਂ ਨੇ ਮਿਲੀਭੁਗਤ ਕਰਕੇ ਕਥਿਤ ਤੌਰ ਤੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ। ਗਗਨ ਅਨੁਸਾਰ ਉਸ ਕੋਲ ਮਟੀਰਿਅਲ ਲਗਾਉਣ ਸਮੇਂ ਦੀਆਂ ਵੀਡਿਓਜ ਅਤੇ ਅਧਿਕਾਰੀਆਂ/ਕਰਮਚਾਰੀਆਂ ਦੀ ਠੇਕੇਦਾਰ ਨਾਲ ਰਿਸ਼ਵਤ ਦੇ ਪੈਸਿਆਂ ਨੂੰ ਲੈ ਕੇ ਹੋਈ ਆਪਸੀ ਬਹਿਸ ਦੀ ਆਡੀਓ ਵੀ ਸਬੂਤ ਵਜੋਂ ਰੱਖੀਆਂ ਹੋਈਆਂ ਹਨ। ਜਿਹੜੀਆਂ ਇਨਕੁਆਰੀ ਸਮੇ ਪੇਸ਼ ਕਰਾਂਗਾ । ਉਨ੍ਹਾਂ ਮੰਗ ਕੀਤੀ ਕਿ ਇਸ ਵੱਡੇ ਘਪਲੇ ਦੀ ਜਾਂਚ ਕਰਕੇ,ਸਬੰਧਿਤ ਅਧਿਕਾਰੀਆਂ/ਕਰਮਚਾਰੀਆਂ ਅਤੇ ਠੇਕੇਦਾਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਫੌਜਦਾਰੀ ਪਰਚੇ ਦਰਜ ਕੀਤੇ ਜਾਣ ਅਤੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਵਰਨਣਯੋਗ ਹੈ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਐਸ.ਐਸ.ਪੀ. ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਨੂੰ ਲਿਖਿਆ ਸੀ ਕਿ ਕ੍ਰਿਪਾ ਕਰਕੇ, ਉਪਰੰਤ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।