ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ 14 ਜੁਲਾਈ 2023
ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਅਨੁਸੂਚਿਤ ਵਰਗਾਂ ਦੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਡੇਅਰੀ ਦੀ ਮੁਫਤ ਸਿਖਲਾਈ ਅਤੇ ਸਿਖਲਾਈ ਦੌਰਾਨ 3500/- ਰੁਪਏ ਵਜੀਫਾ ਦਿੱਤਾ ਜਾਂਦਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼ੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸਿਖਲਾਈ ਦੌਰਾਨ ਸਿਖਲਾਈ ਕੇਂਦਰਾਂ ਤੇ ਮੁਫਤ ਰਿਹਾਇਸ਼ੀ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਅਨੁਸੂਚਿਤ ਵਰਗ ਨਾਲ ਸਬੰਧਿਤ ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਡੇਅਰੀ ਦੀ ਸਿਖਲਾਈ ਦੇ ਕੇ ਉਹਨਾਂ ਨੂੰ 02 ਦੋਧਾਰੂ ਪਸ਼ੂਆਂ ਤੋਂ ਲੈ ਕੇ 20 ਦੋਧਾਰੂ ਪਸ਼ੂਆਂ ਤੱਕ ਘੱਟ ਵਿਆਜ ਦਰਾਂ ਤੇ ਕਰਜਾ ਦਿਵਾਇਆ ਜਾਵੇਗਾ ਅਤੇ ਸਥਾਪਿਤ ਡੇਅਰੀ ਯੂਨਿਟਾਂ ਤੇ 33 ਪ੍ਰਤੀਸ਼ਤ ਸਬਸਿਡੀ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਸਬੰਧੀ ਕਾਰਜਕਾਰੀ ਅਫਸਰ ਡੇਅਰੀ ਵਿਭਾਗ ਫਿਰੋਜ਼ਪੁਰ ਕਪਲਮੀਤ ਸਿੰਘ ਸੰਧੂ ਨੇ ਦੱਸਿਆ ਕਿ ਚਾਹਵਾਨ ਇਸ ਸਕੀਮ ਦਾ ਲਾਭ ਲੈਣ ਲਈ 16 ਜੁਲਾਈ 2023 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਬਲਾਕ-ਏ ਕਮਰਾ ਨੰ. 04 ਡੀ.ਸੀ ਕੰਪਲੈਕਸ ,ਫਿਰੋਜਪੁਰ ਵਿਖੇ ਆਪਣੀ ਯੋਗਤਾ ਦਾ ਪਰੂਫ, ਆਧਾਰ ਕਾਰਡ, ਜਾਤੀ ਦਾ ਸਰਟੀਫਿਕੇਟ ਅਤੇ 01 ਪਾਸਪੋਰਟ ਸਾਈਜ ਫੋਟੋ ਲੈ ਕੇ ਪਹੁੰਚ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰ. 97793-52959 ਤੇ ਸੰਪਰਕ ਕੀਤਾ ਜਾ ਸਕਦਾ ਹੈ।