ਲੋਕਾਂ ਨੂੰ ਮੱਤਾਂ ਦੇਣ ਪਿੱਛੋਂ ,ਜੇਬਾਂ ਨੂੰ ਟੋਚਨ ਪਾਊਗੀ ਬਠਿੰਡਾ ਟਰੈਫਿਕ ਪੁਲਿਸ

Advertisement
Spread information
ਅਸ਼ੋਕ ਵਰਮਾ , ਬਠਿੰਡਾ, 28 ਜੂਨ 2023
     ਬਠਿੰਡਾ ਸ਼ਹਿਰ ਵਿੱਚ ਮਨ ਮਰਜੀ ਨਾਲ ਆਪਣੀਆਂ  ਗੱਡੀਆਂ ਖੜ੍ਹੀਆਂ ਕਰਨ ਵਾਲੇ ਸਾਵਧਾਨ ਰਹਿਣ। ਹੁਣ ਏਦਾਂ ਕਰਨਾ ਉਨ੍ਹਾਂ ਲਈ ਮਹਿੰਗਾ ਸੌਦਾ ਸਾਬਤ ਹੋ ਸਕਦਾ ਹੈ। ਬਠਿੰਡਾ ਵਿੱਚ ਮਲਟੀ ਸਟੋਰੀ ਪਾਰਕਿੰਗ ਚਾਲੂ ਹੋਣ ਤੋਂ ਪਿੱਛੋਂ ਟ੍ਰੈਫਿਕ ਪੁਲੀਸ ਨੇ ਸੜਕਾਂ ਬਜ਼ਾਰਾਂ ‘ਚ ਬੇਤਰਤੀਬੇ ਢੰਗ ਨਾਲ  ਗੱਡੀਆਂ ਖੜ੍ਹੀਆਂ ਕਰਨ  ਵਾਲਿਆਂ  ਨੂੰ ਲੀਹ ਤੇ ਲਿਆਉਣ  ਦਾ ਫੈਸਲਾ ਲਿਆ ਹੈ। ਟਰੈਫ਼ਿਕ ਪੁਲੀਸ ਦੀ ਮਨਸ਼ਾ ਸ਼ਹਿਰ ਚੋਂ ਭੀੜ   ਘਟਾਉਣਾ ਅਤੇ ਆਵਾਜਾਈ ਨੂੰ ਸੁਚਾਰੂ ਚਲਾਉਣਾ ਹੈ। ਇਸ ਕੰਮ ਲਈ ਬਠਿੰਡਾ ਪੁਲਿਸ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ ਤਾਂ ਜੋ ਕੋਈ ਇਹ ਨਾ ਆਖ ਸਕੇ ਕਿ ਉਸ ਨੂੰ ਤਾਂ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ।                                                                 
                        ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਮਲਟੀ ਸਟੋਰੀ ਪਾਰਕਿੰਗ ਪ੍ਰੋਜੈਕਟ ਚਾਲੂ ਹੋਣ ਤੋਂ ਬਾਅਦ ਲੋਕਾਂ ਨੂੰ ਸਮਝਾਇਆ ਅਤੇ ਜਾਗਰੂਕ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜੇਕਰ ਗੱਡੀ ਪਾਰਕਿੰਗ ਦੇ ਅੰਦਰ ਖੜ੍ਹੀ ਹੋਵੇਗੀ ਤਾਂ ਇਸ ਨਾਲ ਆਮ ਲੋਕਾਂ ਨੂੰ ਸਮੱਸਿਆ ਨਹੀਂ ਆਵੇਗੀ ਅਤੇ ਕਾਰ ਵੀ ਸੁਰੱਖਿਅਤ ਰਹੇਗੀ। ਉਨ੍ਹਾਂ ਕਿਹਾ ਕਿ  ਸ਼ਹਿਰ ਵਾਸੀ ਪਾਰਕਿੰਗ ਦੀ ਮਹੱਤਤਾ ਪਛਾਣਦਿਆਂ ਇਸ ਤੇ  ਅਮਲ ਵੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਵੱਲੋਂ ਸਹਿਯੋਗ ਦੇਣ ਨਾਲ  ਬਾਜ਼ਾਰਾਂ ਅਤੇ ਸੜਕਾਂ ਤੋਂ ਭੀੜ ਭੜੱਕਾ ਕਾਫ਼ੀ ਹੱਦ ਤਕ ਘਟਿਆ ਹੈ। ਉਹਨਾਂ ਦੱਸਿਆ ਕਿ ਏਦਾਂ ਦੀ ਅਪੀਲ ਹੋਰਨਾਂ ਸੂਬਿਆਂ ਅਤੇ ਸ਼ਹਿਰ ਤੋਂ ਬਾਹਰੋਂ ਆਉਣ ਵਾਲਿਆਂ ਨੂੰ ਵੀ ਕੀਤੀ ਜਾ ਰਹੀ ਹੈ ।
                           ਦੱਸਣਯੋਗ ਹੈ ਕਿ ਬਠਿੰਡਾ ਦੀ ਮਾਲ ਰੋਡ ਤੇ 30 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਮਲਟੀ ਸਟੋਰੀ ਪਾਰਕਿੰਗ ਦਾ ਲੰਘੀ ਪਿਛਲੇ ਦਿਨੀਂ ਉਦਘਾਟਨ ਕੀਤਾ ਗਿਆ ਸੀ।  ਪਾਰਕਿੰਗ ਵਿੱਚ 450 ਕਾਰਾਂ ਅਤੇ 100 ਮੋਟਰ ਸਾਈਕਲ ਖੜੇ ਕਰਨ ਦਾ ਪ੍ਰਬੰਧ  ਹੈ। ਪਾਰਕਿੰਗ ਦੇ ਚਾਲੂ ਹੋਣ ਤੋਂ ਪਹਿਲਾਂ ਵੱਖ-ਵੱਖ ਬਜਾਰਾਂ ਵਿੱਚ ਖ਼ਰੀਦਾਰੀ ਕਰਨ ਲਈ ਆਉਣ ਵਾਲੇ ਲੋਕ ਆਪਣੀਆਂ ਕਾਰਾਂ ਅਤੇ ਹੋਰ ਗੱਡੀਆਂ ਸੜਕਾਂ ਤੇ ਬੇਤਰਤੀਬੇ ਢੰਗ ਨਾਲ ਖੜ੍ਹੀਆਂ ਕਰ ਦਿੰਦੇ ਸਨ। ਇਸ ਨਾਲ ਨਾ ਕੇਵਲ ਆਵਾਜਾਈ ਨੂੰ ਅੜਿੱਕਾ ਲਗਦਾ ਸੀ ਬਲਕਿ ਭੀੜ ਵੀ ਹੋ ਜਾਂਦੀ ਸੀ।  ਖਾਸਤੌਰ ਤੇ ਸ਼ਾਮ ਵੇਲੇ ਤਾਂ ਮਾਲ ਰੋਡ ਅਤੇ ਇਸਦੇ ਨਾਲ ਲੱਗਦੇ ਬਾਜ਼ਾਰ ਵਿੱਚ ਜਾਮ ਵਰਗੀ ਸਥਿਤੀ ਬਣਦੀ ਸੀ।
                   ਟਰੈਫਿਕ ਪੁਲੀਸ ਮੁਲਾਜ਼ਮ ਆਵਾਜਾਈ ਬਹਾਲ ਰੱਖਣ ਲਈ ਕਾਫੀਜੱਦੋਜਹਿਦ ਕਰਦੇ ਨਜ਼ਰ ਆਉਂਦੇ ਸਨ। ਕਈ ਵਾਰ ਤਾਂ ਖਿੱਚੋਤਾਣ ਦੌਰਾਨ ਅਕਸਰ ਹਾਦਸੇ ਵੀ ਵਾਪਰ ਜਾਂਦੇ ਸਨ। ਇਸ ਮੌਕੇ ਜੇਕਰ ਰਿਕਵਰੀ ਵੈਨ ਕਿਸੇ ਗੱਡੀ ਨੂੰ ਚੁੱਕ ਲੈਂਦੀ ਤਾਂ ਪੁਲਿਸ ਨੂੰ ਪਹਿਲਾ ਸਵਾਲ ਇਹੀ ਹੁੰਦਾ ਸੀ ਕਿ ਜਦੋਂ ਪਾਰਕਿੰਗ ਹੀ ਨਹੀਂ ਤਾਂ ਅਸੀਂ ਆਪਣੀ ਗੱਡੀ ਕਿੱਥੇ ਖੜ੍ਹੀ ਕਰੀਏ। ਲੋਕਾਂ ਦੀ ਬੇਬਸੀ ਨੂੰ ਦੇਖਦਿਆਂ ਕਈ ਵਾਰ ਪੁਲਿਸ ਮਲਾਜਮ ਕਾਰਵਾਈ ਤੋਂ ਪਾਸਾ ਵੱਟ ਜਾਂਦੇ ਸਨ। ਹੁਣ ਜਦੋਂ ਪਾਰਕਿੰਗ ਬਣ ਗਈ ਹੈ ਤਾਂ ਇਹ ਬਹਾਨਾ ਵੀ ਖਤਮ ਹੋ ਗਿਆ ਹੈ। ਇਸੇ ਕਾਰਨ ਹੁਣ ਬਠਿੰਡਾ ਪੁਲਿਸ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਬਾਅਦ ‘ਚ ਚੰਮ ਦੀਆਂ ਚਲਾਉਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾ ਸਕਦਾ ਹੈ।
  
ਮਲਟੀ ਸਟੋਰੀ ਪਾਰਕਿੰਗ ਦੀ ਫੀਸ
   
 ਸ਼ਹਿਰ ਦੇ ਕੇਂਦਰ ਮਾਲ ਰੋਡ ‘ਤੇ ਬਣੀ ਅਤਿ-ਆਧੁਨਿਕ ਮਲਟੀਲੈਵਲ ਪਾਰਕਿੰਗ ‘ਚ ਕਾਰ ਜੀਪਾਂ ਦੀ ਪਾਰਕਿੰਗ ਲਈ 15 ਰੁਪਏ ਪ੍ਰਤੀ ਘੰਟਾ ਫੀਸ ਤਹਿ ਕੀਤੀ ਗਈ ਹੈ ਅਤੇ ਅਗਲੇ ਘੰਟੇ ਲਈ 10 ਰੁਪਏ ਦੇਣੇ ਪੈਣਗੇ।  ਰੇਲਵੇ ਸਟੇਸ਼ਨ ਤੋਂ ਹਨੂੰਮਾਨ ਚੌਕ ਤੱਕ ਮਾਲ ਰੋਡ ‘ਤੇ ਬਣੀ ਸੜਕ ਕਿਨਾਰੇ ਬਣੀ ਪਾਰਕਿੰਗ ਵਿੱਚ ਚਾਰ ਪਹੀਆ ਵਾਹਨਾਂ  ਲਈ 15 ਰੁਪਏ ਪ੍ਰਤੀ ਘੰਟਾ ਪਾਰਕਿੰਗ ਫੀਸ ਲੱਗੇਗੀ। ਲੰਬੇ ਸਮੇਂ ਤੱਕ ਗੱਡੀ ਪਾਰਕ ਕਰਨ ਦੇ ਚਾਹਵਾਨਾਂ ਨੂੰ  ਮਲਟੀਲੈਵਲ ਪਾਰਕਿੰਗ ਵਿੱਚ ਹੀ ਖੜੀ ਕਰਨੀ ਪਵੇਗੀ।ਬਾਜ਼ਾਰ ਦੇ ਦੁਕਾਨਦਾਰਾਂ ਨੂੰ ਆਪਣੀਆਂ ਕਾਰਾਂ ਦੁਕਾਨਾਂ ਅੱਗੇ ਪਾਰਕ ਕਰਨ ਦੀ ਇਜਾਜ਼ਤ ਨਹੀਂ ।  ਉਹ ਬਹੁਮੰਜ਼ਿਲਾ ਪਾਰਕਿੰਗ ਲਈ 1200 ਰੁਪਏ ਪ੍ਰਤੀ ਮਹੀਨਾ ਪਾਸ ਲੈ ਸਕਦੇ ਹਨ।
 ਪਾਰਕਿੰਗ ਨਾਲ ਜੁੜੇ ਅਨੋਖੇ ਤੱਥ
ਬਠਿੰਡਾ ਦੀ ਮਲਟੀਸਟੋਰੀ ਪਾਰਕਿੰਗ ਜਿਸ ਸਿਆਸੀ ਧਿਰ ਨੇ ਪ੍ਰੋਜੈਕਟ ਬਣਾਇਆ ਉਸਨੇ ਉਸਾਰੀ ਨਹੀਂ ਕਰਾਈ। ਜਿਸ ਧਿਰ ਨੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਉਹ ਉਦਘਾਟਨ ਨਹੀਂ ਕਰ ਸਕੀ। ਪਾਰਕਿੰਗ ਦੀ ਯੋਜਨਾ ਅਕਾਲੀ-ਭਾਜਪਾ ਗਠਜੋੜ ਸਰਕਾਰ ਵੇਲੇ ਤਿਆਰ ਹੋਈ ਸੀ। ਪਾਰਕਿੰਗ ਦਾ ਨੀਂਹ ਪੱਥਰ 8 ਨਵੰਬਰ 2016 ਨੂੰ ਤੱਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੱਖਿਆ । ਸਾਲ 2017 ਦੀਆਂ ਚੋਣਾਂ ਮਗਰੋਂ ਕਾਂਗਰਸ  ਦੇ ਰਾਜ ਵਿਚ ਮਨਪ੍ਰੀਤ ਬਾਦਲ ਨੇ   ਉਸਾਰੀ  ਸ਼ੁਰੂ ਕਰਵਾਈ ਪਰ ਕੰਮ ਪੂਰਾ ਨਾ ਹੋਇਆ । ਪ੍ਰੋਜੈਕਟ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਮੁਕੰਮਲ ਹੋਇਆ ਹੈ। ਪੈਸੇ ਲੋਕਾਂ ਦੇ ਲੱਗੇ ਹਨ ਜਿਨ੍ਹਾਂ ਨੂੰ ਹੁਣ ਆਪਣੀ ਹੀ ਕਾਰ ਖੜ੍ਹੀ ਕਰਨ ਲਈ  ਫ਼ੀਸ ਦੇਣੀ ਪਵੇਗੀ।
 ਪਾਰਕਿੰਗ ਮੁਫ਼ਤ ਹੋਵੇ: ਚੇਤਨਾ ਮੰਚ 
    ਨਾਗਰਿਕ ਚੇਤਨਾ ਮੰਚ ਦੇ ਆਗੂ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਜੇਕਰ ਲੋਕਾਂ ਨੇ ਮੁੱਲ ਤਾਰ ਕੇ ਹੀ ਕਾਰਾਂ ਖੜ੍ਹੀਆਂ ਕਰਨੀਆਂ ਹਨ ਤਾਂ ਵੇਲਫੇਅਰ ਸਟੇਟ ਰਾਜ ਅਖਵਾਉਣ ਦੀ ਕੀ ਤੁਕ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਤੋਂ ਜਾਹਰ ਹੈ ਕਿ ਪੰਜਾਬੀ ਖੁਦ ਹੀ ਪ੍ਰੋਜੈਕਟ ਬਣਾਉਂਦੇ ਤੇ ਆਪ ਹੀ  ਸੰਭਾਲ ਕਰਦੇ ਹਨ। ਉਨ੍ਹਾਂ ਮੰਗ ਕੀਤੀ  ਕਿ ਪਹਿਲਾਂ ਬਠਿੰਡਾ ਪ੍ਰਸ਼ਾਸਨ ਪਾਰਕਿੰਗ ਮੁਫਤ ਕਰੇ ਅਤੇ ਬਾਅਦ  ਵਿੱਚ ਕੋਈ ਕਾਰਵਾਈ ਕੀਤੀ ਜਾਏ।
ਪੁਲਿਸ ਨੂੰ ਸਹਿਯੋਗ ਦੇਣ ਲੋਕ :ਐਸ ਐਸ ਪੀ 
 ਸੀਨੀਅਰ ਪੁਲੀਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਸੀ ਕਿ ਆਮ ਲੋਕਾਂ ਨੂੰ ਆਪੋ ਆਪਣੀਆਂ ਗੱਡੀਆਂ ਸੜਕਾਂ ਤੇ ਖੜ੍ਹੀਆਂ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਏਗਾ ‌। ਉਨ੍ਹਾਂ ਦੱਸਿਆ ਕਿ ਇਸ ਮੌਕੇ ਟਰੈਫਿਕ ਪੁਲਿਸ ਸਹੀ ਥਾਂ ਤੇ ਗੱਡੀ ਪਾਰਕ ਕਰਨ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਏਗੀ। ਉਨ੍ਹਾਂ ਦੱਸਿਆ ਕਿ ਜੇਕਰ ਲੋਕ ਫਿਰ ਵੀ ਕਾਨੂੰਨ ਦੀ ਪਾਲਣਾ ਨਹੀਂ ਕਰਨਗੇ ਤਾਂ ਪੁਲਿਸ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰੇਗੀ। ਉਨ੍ਹਾਂ ਆਮ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
Advertisement
Advertisement
Advertisement
Advertisement
Advertisement
error: Content is protected !!