ਦੋਵਾਂ ਜਣਿਆਂ ਦੇ ਵਿਆਹ ਦੀ ਵੀ ਚਲਦੀ ਰਹੀ ਸੀ ਗੱਲਬਾਤ !
ਹਰਿੰਦਰ ਨਿੱਕਾ, ਬਰਨਾਲਾ 24 ਮਈ 2023
ਪਰਸੋਂ ਲੰਘੀ ਰਾਤ ਠੀਕਰੀਵਾਲ ਪਿੰਡ ‘ਚ ਅਣਖ ਖਾਤਿਰ ਦੋ ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦੇਣ ਦੇ ਕੇਸ ਵਿੱਚ ਨਾਮਜਦ ਪਿਉ-ਪੁੱਤ ਨੂੰ ਅੱਜ ਥਾਣਾ ਸਦਰ ਬਰਨਾਲਾ ਦੀ ਪੁਲਿਸ ਨੇ ਇਲਾਕਾ ਮੈਜਿਸਟ੍ਰ਼ੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਵਾਂ ਦੋਸ਼ੀਆਂ ਦਾ 3 ਦਿਨ ਲਈ ਪੁਲਿਸ ਰਿਮਾਂਡ ਦੇ ਦਿੱਤਾ। ਹੁਣ ਪੁਲਿਸ ਦੋਵਾਂ ਦੋਸ਼ੀਆਂ ਵੱਲੋਂ ਹੱਤਿਆ ਲਈ ਵਰਤਿਆ ਸਮਾਨ ਬਰਾਮਦ ਕਰਵਾਉਣ ਦਾ ਯਤਨ ਕਰੇਗੀ। ਪੁਲਿਸ ਨੇ ਕਤਲ ਦੇ ਦੋਵਾਂ ਦੋਸ਼ੀਆਂ ਨੂੰ ਲੰਘੀ ਕੱਲ੍ਹ ਗਿਰਫਤਾਰ ਕਰ ਲਿਆ ਗਿਆ ਸੀ। ਥਾਣਾ ਸਦਰ ਦੇ ਐਸਐਚੳ ਗੁਰਤਾਰ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਪੁਲਿਸ ਪਾਰਟੀ ਨੇ ਨਾਮਜ਼ਦ ਦੋਸ਼ੀ ਭੋਲਾ ਸਿੰਘ ਅਤੇ ਸੁਖਵੀਰ ਸਿੰਘ ਨੂੰ ਅੱਜ ਬਾਅਦ ਦੁਪਿਹਰ ਇਲਾਕਾ ਮੈਜਿਸਟ੍ਰੇਟ ਸਚੇਤਾ ਅਸ਼ੀਸ਼ ਦੇਵ ਦੀ ਅਦਾਲਤ ਵਿੱਚ ਪੇਸ਼ ਕਰਕੇ, ਦੋਵਾਂ ਤੋਂ ਹੱਤਿਆ ਸਮੇਂ ਵਰਤੇ ਹਥਿਆਰ ਦੀ ਬਰਾਮਦਗੀ ਕਰਵਾਉਣ ਹਿੱਤ ਸਰਕਾਰੀ ਵਕੀਲ ਰਾਹੀਂ ਪੁਲਿਸ ਰਿਮਾਂਡ ਦੀ ਮੰਗ ਕੀਤੀ। ਮਾਨਯੋਗ ਅਦਾਲਤ ਨੇ ਦੋਵਾਂ ਜਣਿਆਂ ਦਾ 3 ਦਿਨ ਲਈ ਪੁਲਿਸ ਰਿਮਾਂਡ ਦੇ ਦਿੱਤਾ ਹੈ। ਤਫਤੀਸ਼ ਅਧਿਕਾਰੀ ਐਸਐਚੳ ਗੁਰਤਾਰ ਸਿੰਘ ਨੇ ਕਿਹਾ ਕਿ ਪੁਲਿਸ ਤਫਤੀਸ਼ ਜ਼ਾਰੀ ਹੈ।
ਦੋ ਘਰਾਂ ਦਾ ਦੀਵਾ ਗੁੱਲ ਹੋਣੋਂ ਬਚ ਸਕਦਾ ਸੀ !
ਮ੍ਰਿਤਕ ਗੁਰਦੀਪ ਸਿੰਘ ਦੇ ਵੱਡੇ ਭਰਾ ਕੁਲਦੀਪ ਸਿੰਘ ਵਾਸੀ ਧਾਲੀਵਾਲ ਪੱਤੀ ਠੀਕਰੀਵਾਲਾ ਨੇ ਦੱਸਿਆ ਕਿ ਉਸ ਦੇ ਭਰਾ ਗੁਰਦੀਪ ਸਿੰਘ ਦਾ ਘਰ ਦੇ ਨੇੜੇ ਰਹਿੰਦੀ ਮਨਪ੍ਰੀਤ ਕੌਰ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਇਹ ਦੋਞੇਂ ਹੀ ਆਪਸ ਵਿੱਚ ਸ਼ਾਦੀ ਕਰਨਾ ਚਾਹੁੰਦੇ ਸਨ, ਪਰ ਮਨਪ੍ਰੀਤ ਕੌਰ ਦਾ ਪਿਤਾ ਭੋਲਾ ਸਿੰਘ ਅਤੇ ਭਰਾ ਸੁਖਵੀਰ ਸਿੰਘ , ਮਨਪ੍ਰੀਤ ਕੌਰ ਦੀ ਸ਼ਾਦੀ ਗੁਰਦੀਪ ਸਿੰਘ ਨਾਲ ਨਹੀ ਕਰਨਾ ਚਾਹੁੰਦੇ ਸਨ। ਗੁਰਦੀਪ ਸਿੰਘ ਦਾ ਮਨਪ੍ਰੀਤ ਕੌਰ ਨਾਲ ਕਰੀਬ 10 ਸਾਲ ਤੋਂ ਪਿਆਰ ਸੀ। ਕਰੀਬ 6 ਮਹੀਨੇ ਪਹਿਲਾਂ ਵੀ ਭੋਲਾ ਸਿੰਘ ਅਤੇ ਉਸ ਦੇ ਸਕੇ ਸੰਬੰਧੀਆਂ ਨੇ ਗੁਰਦੀਪ ਸਿੰਘ ਦੀ ਇਸੇ ਗੱਲ ਨੂੰ ਲੈ ਕੇ ਕੁੱਟਮਾਰ ਵੀ ਕੀਤੀ ਸੀ ਕਿ ਉਹ ਮਨਪ੍ਰੀਤ ਕੌਰ ਦੀ ਸ਼ਾਦੀ , ਗੁਰਦੀਪ ਸਿੰਘ ਨਾਲ ਨਹੀਂ ਹੋਣ ਦੇਣਗੇ। ਇਸ ਲੜਾਈ ਤੋਂ ਬਾਅਦ ਪੰਚਾਇਤੀ ਤੌਰ ਪਰ ਸਾਡਾ ਰਾਜੀਨਾਮਾ ਹੋ ਗਿਆ ਸੀ। ਪਰੰਤੂ ਗੁਰਦੀਪ ਸਿੰਘ ਅਤੇ ਮਨਪ੍ਰੀਤ ਕੌਰ ਚੋਰੀ ਛੁਪੇ ਆਪਸ ਵਿੱਚ ਮਿਲਦੇ ਰਹਿੰਦੇ ਸਨ । ਦੋਵੇਂ ਜਣੇ ਸਾਦੀ ਕਰਾਉਣ ਲਈ ਬਾਜ਼ਿੱਦ ਸਨ । ਜੇਕਰ ਮਨਪ੍ਰੀਤ ਕੌਰ ਦਾ ਪਰਿਵਾਰ ਸ਼ਾਦੀ ਲਈ, ਰਾਜੀ ਹੋ ਜਾਂਦਾ ਤਾਂ ਦੋ ਘਰਾਂ ਦਾ ਦੀਵਾ ਗੁੱਲ ਹੋਣ ਤੋਂ ਬਚਾਅ ਰਹਿ ਜਾਂਦਾ। ਹੁਣ ਦੋ ਜਾਨਾਂ ਚਲੀਆਂ ਗਈਆਂ , ਲੋਕਾਂ ਅੰਦਰ ਬੇਇੱਜਤੀ, ਪਿਆਰ ਵਿਆਹ ਨੂੰ ਹਾਂ ਕਰਨ ਨਾਲੋ ਜਿਆਦਾ ਹੋ ਗਈ। ਦੋ ਜਣਿਆਂ ਦੀ ਜਾਨ ਗਈ ਤੇ ਹੁਣ ਦੋ ਜਣੇ, ਪਿਉ-ਪੁੱਤ ਜੇਲ੍ਹ ਦੀ ਕਾਲ ਕੋਠੜੀ ਅੰਦਰ ਰਹਿੰਦੀ ਜਿੰਦਗੀ ਬਿਤਾਉਣੀ ਪਵੇਗੀ।
ਆਹ ਤਾਂ ਕਰ ਦਿੱਤਾ ਹੋਰ ਹੀ ਖੁਲਾਸਾ
ਹੱਤਿਆ ਕੇਸ ਦੇ ਮੁਦਈ ਕੁਲਦੀਪ ਸਿੰਘ ਨੇ ਹੋਰ ਵੀ ਖੁਲਾਸਾ ਕਰਦਿਆਂ ਦੱਸਿਆ ਕਿ ਗੁਰਦੀਪ ਸਿੰਘ 22 ਮਈ ਦੀ ਰਾਤ ਕਰੀਬ 9 ਵਜੇ ਤੋਂ ਬਾਅਦ ਰੋਟੀ ਪਾਣੀ ਖਾ ਕੇ ਘਰੋਂ ਬਿਨਾਂ ਦੱਸੇ ਚਲਾ ਗਿਆ, ਜਿਸ ਦੀ ਅਸੀਂ ਕਾਫੀ ਦੇਰ ਤੱਕ ਉਡੀਕ ਕਰਦੇ ਰਹੇ, ਪਰ ਗੁਰਦੀਪ ਸਿੰਘ ਵਾਪਿਸ ਨਹੀਂ ਆਇਆ , ਫਿਰ ਮੈਂ ਆਪਣੇ ਭਰਾ ਗੁਰਦੀਪ ਸਿੰਘ ਦੀ ਭਾਲ ਪਿੰਡ ਵਿੱਚ ਵੀ ਕੀਤੀ , ਪਰ ਉਹ ਨਹੀਂ ਮਿਲਿਆ ਤਾਂ 22/23 ਮਈ ਦੀ ਦਰਮਿਆਨੀ ਰਾਤ ਵਕਤ ਕਰੀਬ 01-30 ਸਵੇਰੇ, ਮੈਂ ਭੋਲਾ ਸਿੰਘ ਦੇ ਘਰ ਕੋਲ ਪੁੱਜਾ ਤਾਂ ਅੰਦਰ ਕਾਫੀ ਰੌਲਾ ਪੈ ਰਿਹਾ ਸੀ । ਜਿਸ ਦਾ ਗੇਟ ਖੁੱਲ੍ਹਾ ਸੀ ਅਤੇ ਭੋਲਾ ਸਿੰਘ ਦੇ ਘਰ ਦੇ ਅੰਦਰ ਲਾਈਟ ਜਗ ਰਹੀ ਸੀ । ਜਦੋਂ ਮੈਂ ਭੋਲਾ ਸਿੰਘ ਦੇ ਘਰ ਅੰਦਰ ਨਿਗ੍ਹਾ ਮਾਰੀ ਤਾਂ ਭੋਲਾ ਸਿੰਘ ਦੇ ਹੱਥ ਵਿੱਚ ਲੋਹੇ ਦਾ ਗੰਡਾਸਾ ਫੜਿਆ ਹੋਇਆ ਸੀ ਤੇ ਉਹ ਗੰਡਾਸੇ ਨਾਲ ਗੁਰਦੀਪ ਸਿੰਘ ਦੇ ਸਿਰ ਪਰ ਵਾਰ ਕਰ ਰਿਹਾ ਸੀ ਅਤੇ ਸੁਖਵੀਰ ਸਿੰਘ ਨੇ ਗੁਰਦੀਪ ਸਿੰਘ ਨੂੰ ਫੜਿਆ ਹੋਇਆ ਸੀ। ਮੇਰੇ ਦੇਖਦੇ-ਦੇਖਦੇ ਹੀ ਗੁਰਦੀਪ ਸਿੰਘ ਸੱਟਾਂ ਲੱਗਣ ਕਾਰਨ ਧਰਤੀ ਪਰ ਡਿੱਗ ਪਿਆ । ਜਿਸ ਦੀ ਮੌਕਾ ਪਰ ਹੀ ਮੌਤ ਹੋ ਗਈ ।
ਮਨਪ੍ਰੀਤ ਕੌਰ ਨੇ ਰੌਲਾ ਪਾਇਆਂ ਤਾਂ
ਮੁਦਈ ਮੁਤਾਬਿਕ ਗੁਰਦੀਪ ਸਿੰਘ ਨੂੰ ਛੁਡਾਉਣ ਲਈ ਮਨਪ੍ਰੀਤ ਕੌਰ ਆਪਣੇ ਪਿਉ ਤੇ ਭਰਾ ਅੱਗੇ ਆਈ ਨਾ ਮਾਰੋ- ਨਾ ਮਾਰੋ ਦਾ ਰੌਲਾ ਪਾ ਰਹੀ ਸੀ ਤਾਂ ਭੋਲਾ ਸਿੰਘ ਨੇ ਗੰਡਾਸਾ ਸੁੱਟ ਕੇ ਕੋਲ ਪਈ ਚਿੱਟੇ ਰੰਗ ਦੀ ਬਿਜਲੀ ਵਾਲੀ ਤਾਰ ਮਨਪ੍ਰੀਤ ਕੌਰ ਦੇ ਗਲ ‘ਚ ਪਾ ਕੇ ਗਲਾ ਘੁੱਟ ਕੇ ਮਨਪ੍ਰੀਤ ਕੌਰ ਦਾ ਕਤਲ ਕਰ ਦਿੱਤਾ । ਮੁਦਈ ਅਨੁਸਾਰ ਉਸ ਨੇ ਭੋਲਾ ਸਿੰਘ ਨੂੰ ਕਿਹਾ ਕਿ ਤੂੰ ਗੁਰਦੀਪ ਸਿੰਘ ਅਤੇ ਮਨਪ੍ਰੀਤ ਕੌਰ ਦਾ ਬਿਨਾਂ ਕਿਸੇ ਗੱਲ ਤੋਂ ਕਤਲ ਕਰ ਦਿੱਤਾ ਹੈ । ਮੈਨੂੰ ਭੋਲਾ ਸਿੰਘ ਅਤੇ ਸੁਖਵੀਰ ਸਿੰਘ ਨੇ ਕਿਹਾ ਕਿ ਜੇ ਤੂੰ ਕਿਸੇ ਕੋਲ ਗੱਲ ਕੀਤੀ ਤਾਂ ਤੈਨੂੰ ਵੀ ਮੌਤ ਦੇ ਘਾਟ ਉਤਾਰ ਦੇਵਾਂਗੇ ਤਾਂ ਮੈਂ ਡਰਦਾ ਮਾਰਾ ਆਪਣੇ ਘਰ ਆ ਗਿਆ । ਫਿਰ ਮੈਂ ਸੁਭਾ ਆਪਣੇ ਘਰਦਿਆਂ ਅਤੇ ਰਿਸਤੇਦਾਰਾਂ ਨਾਲ ਗੱਲਬਾਤ ਕੀਤੀ ਅਤੇ ਘਟਨਾ ਸੰਬੰਧੀ ਪੁਲਿਸ ਨੂੰ ਇਤਲਾਹ ਦੇ ਦਿੱਤੀ।