ਅਸ਼ੋਕ ਵਰਮਾ ਬਠਿੰਡਾ,12 ਅਪਰੈਲ 2023
ਬਠਿੰਡਾ ਛਾਉਣੀ ਵਿਖੇ ਅੱਜ ਸਵੇਰੇ ਚਾਰ ਜਵਾਨਾਂ ਦੀ ਹੱਤਿਆ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਵੇਂ ਹਾਲੇ ਤਕ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ । ਪਰ ਸੂਤਰ ਦੱਸਦੇ ਹਨ ਕਿ ਹਤਿਆਰਾ ਫੌਜ ਦੀ ਹਿਰਾਸਤ ਵਿਚ ਹੈ ਜਿਸ ਤੋਂ ਅਧਿਕਾਰੀ ਲਗਾਤਾਰ ਪੁੱਛਗਿੱਛ ਕਰ ਰਹੇ ਹਨ। ਪਤਾ ਲੱਗਿਆ ਹੈ ਕਿ ਪੰਜਾਬ ਪੁਲਿਸ ਆਪਣੇ ਤੌਰ ਤੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਗੋਲੀਬਾਰੀ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਜਿਲ੍ਹਾ ਪੁਲਿਸ ਮੁਖੀ ਦਾ ਕਹਿਣਾ ਹੈ ਕਿ ਫੌਜੀ ਛਾਉਣੀ ਵਿਖੇ ਵਾਪਰੀ ਦਰਦਨਾਕ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਹੈ। ਉੱਧਰ ਫੌਜ ਅਤੇ ਸਿਵਲ ਪ੍ਰਸ਼ਾਸ਼ਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਆਮ ਲੋਕਾਂ ਅਤੇ ਮੀਡੀਆ ਨੂੰ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ ਗਈ ਹੈ।
ਇਸ ਹੱਤਿਆ-ਕਾਂਡ ਵਿੱਚ ਮਾਰੇ ਗਏ ਚਾਰੇ ਫੌਜੀ ਜਵਾਨਾਂ ਦੀ ਪਛਾਣ ਹੋ ਗਈ ਹੈ। ਇਸ ਦੇ ਨਾਲ ਹੀ ਸ਼ਹੀਦ ਹੋਏ ਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਗਿਆ ਹੈ। ਸ਼ਹੀਦ ਹੋਏ ਜਵਾਨਾਂ ਦੇ ਨਾਮ ਡੀ ਐਮ ਟੀ ਸੰਤੋਸ਼, ਡੀ ਐਮਟੀ ਕਮਲੇਸ਼, ਗਨਰ ਯੋਗੇਸ਼ ਕੁਮਾਰ ਅਤੇ ਡਰਾਈਵਰ ਸਾਗਰਬਨ ਦੱਸੇ ਜਾ ਰਹੇ ਹਨ। ਫੌਜ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਮਾਰੇ ਗਏ ਜਵਾਨ ਆਫੀਸਰਜ਼ ਮੈਸ ਲਾਗੇ ਗਾਰਦ ਡਿਊਟੀ ਤੇ ਸਨ।
ਮੁੱਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਦੋ ਦਿਨ ਪਹਿਲਾਂ ਫੌਜੀ ਛਾਉਣੀ ਦੇ ਅੰਦਰੋਂ ਇੱਕ ਇਨਸਾਸ ਰਾਈਫਲ ਅਤੇ 28 ਕਾਰਤੂਸ ਗੁੰਮ ਹੋ ਗਏ ਸਨ। ਅਸਲੇ ਦੀ ਇਸ ਗੁੰਮਸ਼ੁਦਗੀ ਬਾਰੇ ਮੰਗਲਵਾਰ ਸ਼ਾਮ ਨੂੰ ਫੌਜ ਪ੍ਰਸ਼ਾਸਨ ਨੇ ਬਠਿੰਡਾ ਦੇ ਥਾਣਾ ਕੈਂਟ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਜਿਸ ਦੀ ਪੁਸ਼ਟੀ ਐਸ ਐਚ ਓ ਗੁਰਦੀਪ ਸਿੰਘ ਨੇ ਕੀਤੀ ਹੈ। ਹਾਲਾਂਕਿ ਪੁਲਿਸ ਅਧਿਕਾਰੀ ਬਹੁਤਾ ਕੁੱਝ ਬੋਲਣ ਨੂੰ ਤਿਆਰ ਨਹੀਂ ਪਰ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਰਾਈਫਲ ਫੌਜੀ ਜਵਾਨਾਂ ਨੂੰ ਕਤਲ ਕਰਨ ਲਈ ਵਰਤੀ ਗਈ ਹੋ ਸਕਦੀ ਹੈ। ਪੁਲਿਸ ਅਤੇ ਫੌਜ ਦੀਆਂ 10 ਟੀਮਾਂ ਵੱਲੋਂ ਵੀ ਦੋ ਦਿਨ ਪਹਿਲਾਂ ਗੁੰਮ ਹੋਏ ਕਾਰਤੂਸਾਂ ਅਤੇ ਰਾਈਫਲ ਦੀ ਸ਼ਮੂਲੀਅਤ ਦੇ ਸੰਭਾਵਨਾ ਦੇ ਸਾਰੇ ਪਹਿਲੂਆਂ ਬਾਰੇ ਪਤਾ ਲਾਇਆ ਜਾ ਰਿਹਾ ਹੈ।
ਰੌਂਗਟੇ ਖੜ੍ਹੇ ਕਰ ਦੇਣ ਵਾਲੀ ਇਸ ਘਟਨਾ ਕਾਰਨ ਬਠਿੰਡਾ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਛਾਉਣੀ ਅੰਦਰ ਸਥਿਤ ਕੇਂਦਰੀ ਵਿਦਿਆਲਿਆ ਵਿੱਚ ਛੁੱਟੀ ਕਰ ਦਿੱਤੀ ਗਈ ਹੈ। ਸੁਰੱਖਿਆ ਨੂੰ ਮੁਖ ਰੱਖਦਿਆਂ ਫੌਜ ਪ੍ਰਸ਼ਾਸਨ ਨੇ ਅੱਜ ਛਾਉਣੀ ਵਿੱਚ ਕੰਮ ਕਰਨ ਵਾਲੇ ਸਿਵਲੀਅਨ ਲੋਕਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਹੈ। ਕੌਮੀ ਮਾਰਗ ਤੋਂ ਲੰਘਣ ਵਾਲੇ ਕੁੱਝ ਲੋਕਾਂ ਨੇ ਦੱਸਿਆ ਅੱਜ ਸੁਰੱਖਿਆ ਏਨੀ ਜ਼ਿਆਦਾ ਸਖ਼ਤ ਸੀ ਕਿ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਬਠਿੰਡਾ ਫ਼ੌਜੀ ਛਾਉਣੀ ਵਿਖੇ ਅੱਜ ਸਵੇਰੇ ਸਾਢੇ ਚਾਰ ਵਜੇ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਵਿੱਚ ਫੌਜ ਦੇ ਤੋਪਖਾਨੇ ਨਾਲ ਸਬੰਧਤ ਚਾਰ ਜਵਾਨ ਮਾਰੇ ਗਏ ਜਿਸ ਦੀ ਪੁਸ਼ਟੀ ਅਧਿਕਾਰੀਆਂ ਨੇ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਫੌਜ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਇਸ ਨੂੰ ਸੁਰੱਖਿਆ ਪ੍ਰਬੰਧਾਂ ਦੀ ਕੁਤਾਹੀ ਦੀ ਇੰਤਹਾ ਹੀ ਕਿਹਾ ਜਾ ਸਕਦਾ ਹੈ ਕਿ ਮਿਲਟਰੀ ਸਟੇਸ਼ਨ ਅੱਗੋਂ ਦੀ ਲੰਘਦੀ ਕੌਮੀ ਮਾਰਗ ਦੀ ਸਲਿੱਪ ਰੋਡ ਵੀ ਬੰਦ ਕਰ ਦਿੱਤੀ ਗਈ ਹੈ ਅਤੇ ਇਸ ਸੜਕ ਤੇ ਉਹਦੇ ਹਥਿਆਰਬੰਦ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਸੜਕ ਉਪਰ ਦੀ ਕਿਸੇ ਵੀ ਆਮ ਗੱਡੀ ਨੂੰ ਬਿਲਕੁਲ ਵੀ ਲੰਘਣ ਨਹੀਂ ਦਿੱਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਫ਼ੌਜ ਦੀ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ
ਬਠਿੰਡਾ ਛਾਉਣੀ ਏਸ਼ੀਆ ਦਾ ਸਭ ਤੋਂ ਵੱਡਾ ਮਿਲਟਰੀ ਸਟੇਸ਼ਨ ਹੈ। ਬਠਿੰਡਾ ਛਾਉਣੀ ਦੀ ਬਾਊਂਡਰੀ ਤਕਰੀਬਨ 45 ਕਿਲੋਮੀਟਰ ਹੈ। ਇਸ ਛਾਉਣੀ ਦਾ ਅਸਲਾ ਡੀਪੂ ਦੇਸ਼ ਦੇ ਸਭ ਤੋਂ ਵੱਡੇ ਅਸਲਾ ਡਿਪੂਆਂ ਵਿੱਚੋ ਇੱਕ ਹੈ। ਬਠਿੰਡਾ ਮਿਲਟਰੀ ਸਟੇਸ਼ਨ ਦੇ ਵਿੱਚਕਾਰ ਦੀ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਨੰਬਰ 64 ਲੰਘਦਾ ਹੈ। ਇਸ ਤੋਂ ਇਲਾਵਾ ਛਾਉਣੀ ਦਾ ਆਪਣਾ ਰੇਲਵੇ ਸਟੇਸ਼ਨ ਵੀ ਹੈ। ਸੁਰੱਖਿਆ ਦੇ ਪੱਖ ਤੋਂ ਛਾਉਣੀ ਦੇ ਆਲੇ-ਦੁਆਲੇ ਬਾਊਂਡਰੀ ਬਣਾਈ ਗਈ ਹੈ। ਬਠਿੰਡਾ ਵਿਖੇ ਫੌਜ ਦੀ 10 ਕੌਰਪਸ ਦਾ ਹੈੱਡ ਕੁਆਟਰ ਹੈ। ਇਸ ਮਿਲਟਰੀ ਸਟੇਸ਼ਨ ਵਿੱਚ ਵੱਡੀ ਗਿਣਤੀ ਵਿਚ ਆਰਮੀ ਅਪਰੇਸ਼ਨਲ ਯੂਨਿਟ ਵੀ ਹਨ।
ਜਾਂਚ ਲਈ ਟੀਮ ਬਣਾਈ:-
ਐਸਐਸਪੀ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਜਾਂਚ ਲਈ ਐਸ ਪੀ ਡੀ ਦੀ ਅਗਵਾਈ ਹੇਠ ਟੀਮ ਬਣਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਕਰਕੇ ਬਹੁਤਾ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਜਾਂਚ ਦੇ ਨਤੀਜੇ ਤੋਂ ਬਾਅਦ ਹੀ ਵਾਰਦਾਤ ਪਿਛਲੇ ਕਾਰਨਾਂ ਅਤੇ ਹੋਰ ਤੱਥਾਂ ਦਾ ਖੁਲਾਸਾ ਕੀਤਾ ਜਾ ਸਕੇਗਾ। ਉਨ੍ਹਾਂ ਇਸ ਘਟਨਾ ਨੂੰ ਅੱਤਵਾਦ ਨਾਲ ਜੋੜੇ ਜਾਣ ਦੀ ਚਰਚਾ ਨੂੰ ਸਿਰੇ ਤੋਂ ਰੱਦ ਕੀਤਾ ਹੈ।