ਅਕਾਸ਼ਦੀਪ ਨੇ ਕਿਰਗਿਸਤਾਨ ‘ਚ ਅੰਤਰਰਾਸ਼ਟਰੀ ਯੂਥ ਪ੍ਰੋਗਰਾਮ ‘ਚ ਲਿਆ ਹਿੱਸਾ
ਰਘਵੀਰ ਹੈਪੀ , ਬਰਨਾਲਾ, 27 ਦਸੰਬਰ 2022
ਐੱਸ ਡੀ ਕਾਲਜ ਦੇ ਐਨਸੀਸੀ ਕੈਡਿਟ ਅਕਾਸ਼ਦੀਪ ਬਾਂਸਲ ਨੇ ਕਿਰਗਿਸਤਾਨ ਵਿਖੇ ਆਯੋਜਿਤ ਐਨਸੀਸੀ ਯੂਥ ਵਟਾਂਦਰਾ ਪ੍ਰੋਗਰਾਮ 2022-23 ਵਿਚ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ। ਕਾਲਜ ਦੇ ਪੀਆਰਓ ਪ੍ਰੋ. ਸ਼ੋਇਬ ਜ਼ਫ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਅੰਡਰ ਅਫ਼ਸਰ ਅਕਾਸ਼ਦੀਪ ਇਸ ਪ੍ਰੋਗਰਾਮ ਵਿਚ ਸਮੁੱਚੇ ਭਾਰਤ ਵਿੱਚੋਂ ਸ਼ਾਮਲ ਹੋਏ ਕੁੱਲ 5 ਕੈਡਿਟਾਂ ਵਿੱਚੋਂ ਇੱਕ ਹੈ। ਪੰਜਾਬ, ਹਰਿਆਣਾ, ਚੰਡੀਗੜ, ਹਿਮਾਚਲ ਪ੍ਰਦੇਸ਼ ਵਿੱਚੋਂ ਉਹ ਇਕਲੌਤਾ ਕੈਡਿਟ ਸੀ। ਇੱਕ ਹਫ਼ਤਾ ਚੱਲੇ ਇਸ ਪ੍ਰੋਗਰਾਮ ਵਿਚ ਅਕਾਸ਼ਦੀਪ ਨੇ ਕਿਰਗਿਸਤਾਨ ਦੇ ਕੇਂਦਰੀ ਕਾਂਡੈਂਟ, ਰੱਖਿਆ ਸਕੱਤਰ ਅਤੇ ਰੱਖਿਆ ਵਿੱਤ ਸਲਾਹਕਾਰ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਹਨਾਂ ਨੂੰ ਭਾਰਤੀ ਰਾਜਦੂਤ ਨਾਲ ਵੀ ਮਿਲਵਾਇਆ ਗਿਆ। ਅਕਾਸ਼ਦੀਪ ਨੇ ਕਿਰਗਿਸਤਾਨ ਦੇ ਰਾਸ਼ਟਰੀ ਸਮਾਰਕ ਸਮੇਤ ਕਈ ਇਤਿਹਾਸਕ ਇਮਾਰਤਾਂ ਵੀ ਵੇਖੀਆਂ। ਅਕਾਸ਼ਦੀਪ ਦੀ ਇਸ ਪ੍ਰਾਪਤੀ ‘ਤੇ 20 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਕੇ. ਐਸ. ਮਾਥੁਰ, ਐੱਸ ਡੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਅਤੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਅਕਾਸ਼ਦੀਪ ਅਤੇ ਐਨਸੀਸੀ ਅਫ਼ਸਰ ਲੈਫ਼ਟੀਨੈਂਟ ਡਾ. ਮਨਜੀਤ ਸਿੰਘ ਨੂੰ ਵਧਾਈ ਦਿੰਦਿਆਂ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।