ਸੀਫੇਟ ਵੱਲੋਂ ਉਦਯੋਗ ਇੰਟਰਫੇਸ ਅਤੇ ਕਿਸਾਨ ਮੇਲਾ 3 ਅਕਤੂਬਰ ਨੂੰ ਕੀਤਾ ਜਾਵੇਗਾ ਆਯੋਜਿਤ : ਡਾਇਰੈਕਟਰ ਨਚੀਕੇਤ ਕੋਤਵਾਲੀਵਾਲੇ
ਲੁਧਿਆਣਾ, 30 ਸਤੰਬਰ (ਦਵਿੰਦਰ ਡੀ ਕੇ)
ਸੈਂਟਰਲ ਇੰਸਟੀਚਿਊਟ ਆਫ ਪੋਸਟ-ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ-ਆਈ.ਸੀ.ਏ.ਆਰ (ਸੀਫੇਟ) ਦੇ 34ਵੇਂ ਸਥਾਪਨਾ ਦਿਵਸ ਦੇ ਮੌਕੇ ਤੇ 3 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5.30 ਵਜੇ ਤੱਕ (ਇੱਕ ਦਿਨ ਲਈ) ਆਈ.ਸੀ.ਏ.ਆਰ-ਸੀਫੇਟ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉਦਯੋਗ ਇੰਟਰਫੇਸ ਅਤੇ ਕਿਸਾਨ ਮੇਲਾ-2022 ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸੀਫੇਟ ਦੇ ਡਾਇਰੈਕਟਰ ਸ੍ਰੀ ਨਚੀਕੇਤ ਕੋਤਵਾਲੀਵਾਲੇ ਨੇ ਸੀਫੇਟ ਦੇ ਪ੍ਰੈਸ ਕਾਨਫਰੰਸ ਹਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਮੌਕੇ ਉਹਨਾਂ ਦੇ ਨਾਲ ਡਾ. ਆਰ.ਕੇ ਸਿੰਘ ਪ੍ਰੋਜੈਕਟ ਕੌਆਰਡੀਨੇਟਰ ਖੇਤੀਬਾੜੀ ਢਾਂਚੇ ਅਤੇ ਵਾਤਾਵਰਣ ਪ੍ਰਬੰਧਨ ਵਿੱਚ ਪਲਾਸਟਿਕ ਇੰਜੀਨੀਅਰਿੰਗ ਅਤੇ ਡਾ. ਐਸ.ਕੇ.ਤਿਆਗੀ ਪ੍ਰੋਜੈਕਟ ਕੋਆਰਡੀਨੇਟਰ ਵਾਢੀ ਤੋਂ ਬਾਅਦ ਇੰਜੀਨੀਅਰਿੰਗ ਅਤੇ ਤਕਨਲੋਜੀ ਵੀ ਸ਼ਾਮਲ ਸਨ।
ਸੀਫੇਟ ਦੇ ਡਾਇਰੈਕਟਰ ਸ੍ਰੀ ਨਚੀਕੇਤ ਕੋਤਵਾਲੀਵਾਲੇ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੇਲੇ ਵਿੱਚ 40 ਸਟਾਲ ਲੱਗਣਗੇ, ਜਿਨ੍ਹਾਂ ਵਿੱਚ ਮੁੱਖ ਆਕਰਸ਼ਣ ਵਾਢੀ ਤੋਂ ਬਾਅਦ ਦੀਆਂ ਤਕਨਾਲੋਜੀਆਂ ਦੇ ਲਾਈਵ ਪ੍ਰਦਰਸ਼ਨ, ਕਿਸਾਨ ਗੋਸ਼ਠੀ, ਮੁੱਲ ਜੋੜਿਆ ਉਤਪਾਦ ਡਿਸਪਲੇ ਅਤੇ ਵਿਕਰੀ, ਪੀ.ਏ.ਯੂ ਦੁਆਰਾ ਬੀਜਾਂ ਦੀ ਵਿਕਰੀ, ਗਡਵਾਸੂ ਦੁਆਰਾ ਪਸ਼ੂਆਂ ਦੇ ਖਣਿਜ ਮਿਸ਼ਰਣਾਂ ਦੀ ਵਿਕਰੀ ਆਦਿ ਸ਼ਾਮਲ ਹੋਣਗੇ। ਇਸ ਮੇਲੇ ਵਿੱਚ ਖੇਤੀ ਉੱਦਮੀਆਂ ਲਈ ਵਾਢੀ ਤੋਂ ਬਾਅਦ ਪ੍ਰਬੰਧਨ ਤਕਨੀਕਾਂ ਨੂੰ ਸਮਝਣ ਦਾ ਮੌਕਾ ਵੀ ਮਿਲੇਗਾ ਅਤੇ ਇਸ ਤੋਂ ਇਲਾਵਾ ਵਾਢੀ ਤੋਂ ਬਾਅਦ ਦੀਆਂ ਤਕਨਾਲੋਜੀਆਂ ਤੇ ਉੱਭਰਦੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਵੇਗੀ।
ਸ੍ਰੀ ਨਚੀਕੇਤ ਕੋਤਵਾਲੀਵਾਲੇ ਨੇ ਸੀਫੇਟ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਸੰਸਥਾ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ) ਦੇ ਪ੍ਰੀਮੀਅਮ ਇੰਸਟੀਚਿਊਟ ਵਿੱਚੋਂ ਇੱਕ ਹੈ ਜਿਸਦੀ ਸਥਾਪਨਾ 3 ਅਕਤੂਬਰ 1989 ਨੂੰ ਲੁਧਿਆਣਾ ਵਿੱਚ ਕੀਤੀ ਗਈ ਸੀ। ਇੰਸਟੀਚਿਊਟ ਦਾ ਆਦੇਸ਼ ਵਾਢੀ ਤੋਂ ਬਾਅਦ ਪ੍ਰੋਸੈਸਿੰਗ ਅਤੇ ਮੱਛੀ ਅਤੇ ਪਸ਼ੂਆਂ ਸਮੇਤ ਖੇਤੀਬਾੜੀ ਉਤਪਾਦਾਂ ਦੇ ਮੁੱਲ ਜੋੜਨ `ਤੇ ਤਕਨਾਲੋਜੀਆਂ ਦਾ ਵਿਕਾਸ ਅਤੇ ਪ੍ਰਸਾਰ ਕਰਨਾ ਹੈ। ਸੰਸਥਾ ਵਾਢੀ ਤੋਂ ਬਾਅਦ ਪ੍ਰੋਸੈਸਿੰਗ ਮਸ਼ੀਨਾਂ ਵੀ ਵਿਕਸਤ ਕਰਦੀ ਹੈ। ਉਹਨਾਂ ਕਿਹਾ ਕਿ ਇਹ ਸੰਸਥਾ ਆਪਣੀ ਸਥਾਪਨਾ ਤੋਂ ਲੈ ਕੇ 135 ਤੋਂ ਵੱਧ ਤਕਨਾਲੋਜੀਆਂ ਵਿਕਸਿਤ ਕੀਤੀਆਂ ਹਨ ਜਿਨ੍ਹਾਂ ਵਿੱਚੋਂ 70 ਤਕਨਾਲੋਜੀਆਂ ਨੂੰ ਲਾਇਸੰਸ-ਸ਼ੁਦਾ ਕੀਤਾ ਗਿਆ ਹੈ ਅਤੇ ਹਿੱਸੇਦਾਰਾਂ ਨੂੰ ਲਾਭ ਪਹੁੰਚਾਉਣ ਲਈ ਵਪਾਰੀਕਰਨ ਕੀਤਾ ਗਿਆ ਹੈ।