ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਦਾ ਸ਼ਰਧਾਂਜਲੀ ਸਮਾਗਮ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ‘ਚ
ਹਰਿੰਦਰ ਨਿੱਕਾ , ਬਰਨਾਲਾ 29 ਜੁਲਾਈ 2022
ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੀ ਗੁਰਬਿੰਦਰ ਸਿੰਘ ਕਲਾਲਾ ਦੀ ਅਗਵਾਈ’ਚ ਹੋਈ ਵਧਵੀਂ ਮੀਟਿੰਗ ਵਿੱਚ ਉਲੀਕੀ ਗਈ ਪ੍ਰਚਾਰ ਮੁਹਿੰਮ ਬਕਾਇਦਾ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਸਵੇਰ ਤੋਂ ਹੀ ਸਾਥੀ ਨਰਾਇਣ ਦੱਤ ਅਤੇ ਗੁਰਮੀਤ ਸੁਖਪੁਰਾ ਦੀ ਅਗਵਾਈ ਵਿੱਚ ਸਕੂਲਾਂ ਵਿੱਚ ਪ੍ਰਾਰਥਨਾ ਸਮੇਂ ਵਿਦਿਆਰਥਣਾਂ,ਅਧਿਆਪਕ,ਅਧਿਆਪਕਾਵਾਂ ਨੂੰ ਮਹਿਲਕਲਾਂ ਲੋਕ ਘੋਲ ਦੇ ਇਤਿਹਾਸ ਵਿੱਚ ਲੋਕਾਈ ਵੱਲੋਂ ਨਿਭਾਈ ਮਿਸਾਲੀ ਦੀ ਭੂਮਿਕਾ ਦੀ ਜੋਰਦਾਰ ਸਰਾਹਨਾ ਕੀਤੀ।
ਕਿਰਨਜੀਤ ਦੀ ਬਰਾਮਦਗੀ ਤੋਂ ਲੈਕੇ ਦੋਸ਼ੀਆਂ ਨੂੰ ਗਿਰਫਤਾਰ ਕਰਾਉਣ,ਮਿਸਾਲੀ ਸਜਾਵਾਂ ਦਿਵਾਉਣ ਤੋਂ ਵੀ ਅੱਗੇ ਤਿੰਨ ਲੋਕ ਆਗੂਆਂ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਦੇ ਅਹਿਮ ਫੈਸਲਾਕੁੰਨ ਪੜਾਅ ਤੱਕ ਹਰ ਮੋੜ ਸਮੇਂ ਬਿਨਾਂ ਕਿਸੇ ਡਰ, ਭੈਅ ਅਤੇ ਦਹਿਸ਼ਤ ਦੇ ਭੂਮਿਕਾ ਨਵਾਂ ਇਤਿਹਾਸ ਸਿਰਜਿਆ ਹੈ। ਇਸ ਸਮੇਂ ਬਿੱਕਰ ਸਿੰਘ ਔਲਖ ਅਤੇ ਜਗਜੀਤ ਸਿੰਘ ਠੀਕਰੀਵਾਲਾ ਨੇ ਕਿਹਾ ਕਿ ਆਪਣੇ ਹੱਥੀਂ ਸਿਰਜੇ ਲੋਕ ਸੰਘਰਸ਼ਾਂ ਦੇ ਸਾਂਝੀ ਵਿਰਾਸਤ ਨੂੰ ਪੀੜੀਆਂ ਤੱਕ ਯਾਦ ਰੱਖਿਆ ਜਾਵੇਗਾ। 25 ਸਾਲਾਂ ਦੇ ਸਾਂਝੇ ਸੰਘਰਸ਼ ਦੇ ਮੋੜ-ਘੋੜ,ਚੁਣੌਤੀਆਂ,ਪ੍ਰਾਪਤੀਆਂ ਅਤੇ ਮੌਜੂਦਾ ਦੌਰ ਦੇ ਭਖਵੇਂ ਵਿਸ਼ਿਆਂ ਨੂੰ ਵੀ ਸਾਂਝਾ ਕੀਤਾ। ਪੈਨਸ਼ਨਰਾਂ ਦੇ ਡੀਸੀ ਦਫਤਰ ਬਰਨਾਲਾ ਅੱਗੇ ਦਿੱਤੇ ਧਰਨੇ ਸਮੇਂ ਬੁਲਾਰਿਆਂ ਬਖਸ਼ੀਸ਼ ਸਿੰਘ ਸੂਬਾ ਕਨਵੀਨਰ,ਮਨੋਹਰ ਲਾਲ, ਕਰਮਜੀਤ ਸਿੰਘ ਬੀਹਲਾ, ਸਿੰਦਰ ਸਿੰਘ ਧੌਲਾ ਨੇ ਕਿਹਾ ਕਿ ਮਹਿਲਕਲਾਂ ਦੀ ਧਰਤੀ’ਤੇ ਬਲ ਰਹੀ ਸੰਘਰਸ਼ ਦੀ ਸੂਹੀ ਲਾਟ ਸ਼ਹੀਦ ਕਿਰਨਜੀਤ ਕੌਰ ਦਾ ਇਸ ਵਾਰ ਦਾ ਬਰਸੀ ਸਮਾਗਮ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ਼ ਸੇਧਤ ਹੋਵੇਗਾ। ਕਿਉਂਕਿ ਮੋਦੀ ਹਕੂਮਤ ਜਲ, ਜੰਗਲ,ਜਮੀਨ ਸਮੇਤ ਮੁਲਕ ਦੇ ਕੁੱਲ ਕੁਦਰਤੀ ਸੋਮੇ ਕੌਡੀਆਂ ਦੇ ਭਾਅ ਅਡਾਨੀਆਂ, ਅੰਬਾਨੀਆਂ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਰਹੀ ਹੈ। ਆਰਥਿਕ ਸੁਧਾਰਾਂ ਦਾ ਲੋਕ ਵਿਰੋਧੀ ਏਜੰਡਾ ਲਾਗੂ ਕਰਨ ਲਈ ਜਬਰ ਦਾ ਸਹਾਰਾ ਲੈ ਰਹੀ ਹੈ।
ਲੋਕਾਂ ਦੇ ਹੱਕ ਵਿੱਚ ਅਵਾਜ਼ ਉਠਾਉਣ ਵਾਲੇ ਲੇਖਕਾਂ, ਬੁੱਧੀਜੀਵੀਆਂ,ਪੱਤਰਕਾਰਾਂ ਨੂੰ ਦੇਸ਼ ਧ੍ਰੋਹ ਵਰਗੇ ਬਦਨਾਮ ਕਾਨੂੰਨਾਂ ਰਾਹੀਂ ਸਾਲਾਂ ਬੱਧੀ ਸਮੇਂ ਤੋਂ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਮੋਦੀ ਹਕੂਮਤ ਦੇ ਇਸ ਹੱਲੇ ਨੂੰ ਸਾਂਝੀ ਆਵਾਜ਼ ਬੁਲੰਦ ਕਰਕੇ ਹੀ ਭਾਂਜ ਦਿੱਤੀ ਜਾ ਸਕੇਗੀ। ਸੰਗਰਾਮਾਂ ਦੀ ਧਰਤੀ ਮਹਿਲਕਲਾਂ ਤੋਂ ਇਹ ਰੋਹਲੀ ਗਰਜ ਬੁਲੰਦ ਕੀਤੀ ਜਾਵੇਗੀ। ਆਗੂਆਂ ਨੇ 1 ਅਗਸਤ ਤੋਂ 10 ਅਗਸਤ ਤੱਕ ਇਲਾਕੇ ਭਰ ਦੇ ਸਾਰੇ ਪਿੰਡਾਂ ਵਿੱਚ ਮੀਟਿੰਗਾਂ/ਰੈਲੀਆਂ ਰਾਹੀਂ ਮੁਹਿੰਮ ਲਿਜਾਣ ਦਾ ਫੈਸਲਾ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਭਰਵਾਂ ਸਹਿਯੋਗ ਕਰਨ ਦੀ ਅਪੀਲ ਕੀਤੀ।