ਬਿਜਲੀ ਚੋਰਾਂ ਤੋਂ 18 ਦਿਨਾਂ ‘ਚ ਵਸੂਲਿਆ 50 ਲੱਖ ਰੁਪਏ ਜੁਰਮਾਨਾ
ਹਰਿੰਦਰ ਨਿੱਕਾ , ਬਰਨਾਲਾ 19 ਮਈ 2022
ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜਿਲ੍ਹੇ ਅੰਦਰ ਪਾਵਰਕੌਮ ਮਹਿਕਮੇ ਨੇ ਬਿਜਲੀ ਚੋਰਾਂ ਤੇ ਸ਼ਿਕੰਜਾ ਕਸਿਆ ਹੋਇਆ ਹੈ। ਮਹਿਕਮੇ ਦੀਆਂ ਟੀਮਾਂ ਹਰ ਦਿਨ, ਬਿਜਲੀ ਚੋਰਾਂ ਨੂੰ ਫੜ੍ਹਨ ਅਤੇ ਬਿਜਲੀ ਚੋਰੀ ਨੂੰ ਰੋਕਣ ਲਈ ਸਰਗਰਮ ਹਨ। ਮਈ ਮਹੀਨੇ ਦੇ ਪਹਿਲੇ ਦੋ ਹਫਤਿਆਂ ਦੌਰਾਨ ਹੀ, ਪਾਵਰਕੌਮ ਨੇ 300 ਤੋਂ ਵੱਧ ਚੋਰੀ ਦੇ ਕੇਸਾਂ ਵਿੱਚ 50 ਲੱਖ ਰੁਪਏ ਜੁਰਮਾਨਾ ਵੀ ਵਸੂਲਿਆ ਹੈ। ਦੂਜੇ ਪਾਸੇ ਲੋਕਾਂ ਵੱਲੋਂ ਵੀ ਵਿਰੋਧ ਦੀਆਂ ਤਿੱਖੀਆਂ ਸੁਰਾਂ ਸੁਣਨ ਤੇ ਦੇਖਣ ਨੂੰ ਮਿਲ ਰਹੀਆਂ ਹਨ। ਅੱਜ ਜਿਲ੍ਹੇ ਦੇ ਸ਼ਹਿਣਾ ਕਸਬੇ ਵਿੱਚ ਬਿਜਲੀ ਦੀ ਚੈਕਿੰਗ ਕਰਨ ਪਹੁੰਚੀ ਟੀਮ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਲੋਕਾਂ ਦੇ ਹਜੂਮ ਨੇ ਟੀਮ ਦੇ ਮੈਂਬਰਾਂ ਨੂੰ ਘੇਰ ਕੇ ,ਉਨ੍ਹਾਂ ਦੀ ਕੁੱਟਮਾਰ ਵੀ ਕੀਤੀ, ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ ਖਿਲਾਫ ਸੰਗੀਨ ਜੁਰਮ ਤਹਿਤ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਉੱਪ ਮੰਡਲ ਦਫਤਰ ਸ਼ਹਿਣਾ ਦੀ ਟੀਮ ਵੱਲੋਂ ਜਦੋਂ ਪੰਚ ਕੋਠੇ ਪਿੰਡ ਸ਼ਹਿਣਾ ਵਿੱਖੇ ਲੱਗਭਗ ਸਮਾਂ ਸਵੇਰੇ 06.45 ਤੇ ਚੈਕਿੰਗ ਕੀਤੀ ਗਈ ਤਾਂ ਉਥੋਂ ਦੇ ਵਸਨੀਕਾ ਵੱਲੋਂ ਬਿਜਲੀ ਮੁਲਾਜਮਾ ਦਾ ਸਖਤ ਵਿਰੋਧ ਕੀਤਾ ਗਿਆ ਅਤੇ ਚੈਕਿੰਗ ਟੀਮ ਦੇ ਨਾਲ ਗਾਲੀ ਗਲੋਚ ਅਤੇ ਮਾਰ ਕੁਟਾਈ ਕੀਤੀ ਅਤੇ ਤੇਜਧਾਰ ਔਜਾਰਾਂ ਨਾਲ ਜਾਨੋ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ । ਜਿਸ ਵਿੱਚ ਉੱਪ ਮੰਡਲ ਦਫਤਰ ਦੇ ਜੇ.ਈ. ਇੰਜ: ਵਿਕਰਾਂਤ ਸ਼ਾਹ ਨੂੰ ਜ਼ਖਮੀ ਕਰ ਦਿੱਤਾ ਗਿਆ ਅਤੇ ਉਹਨਾ ਦਾ ਇਲਾਜ ਸਿਵਲ ਹਸਪਤਾਲ ਤਪਾ ਵਿਖੇ ਚੱਲ ਰਿਹਾ ਹੈ । ਇਸ ਸਾਰੀ ਘਟਨਾ ਅਧੀਨ ਉੱਪ ਮੰਡਲ ਅਫਸਰ ਸਹਿਣਾ ਵੱਲੋਂ ਮੁੱਖ ਥਾਣਾ ਅਫਸਰ ਨੂੰ ਪੱਤਰ ਨੰਬਰ 1068 ਮਿਤੀ 19.05.2022 ਰਾਹੀਂ ਦੋਸ਼ੀਆ ਖਿਲਾਫ ਬਣਦੀ ਕਾਰਵਾਈ ਕਰਨ ਲਈ ਲਿਖਿਆ ਗਿਆ।
ਮੁੱਖ ਥਾਣਾ ਅਫਸਰ ਨੇ ਦੱਸਿਆ ਕਿ ਚਮਕੌਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਸ਼ਹਿਣਾ, ਮੱਖਣ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਸ਼ਹਿਣਾ ਅਤੇ ਨਿੱਕੂ ਸਿੰਘ ਵਾਸੀ ਸ਼ਹਿਣਾ ਖਿਲਾਫ ਆਈ.ਪੀ.ਸੀ. ਦੀ ਧਾਰਾ 341,353,186,332,427,506 ਦੇ ਤਹਿਤ ਐਫ.ਆਈ.ਆਰ. ਨੰਬਰ 34 ਮਿਤੀ 19.05.2022 ਦਰਜ ਕੀਤੀ ਗਈ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ।
ਉੱਧਰ ਇੰਜ: ਤੇਜ਼ ਬਾਂਸਲ ਉੱਪ ਮੁੱਖ ਇੰਜੀਨੀਅਰ, ਵੰਡ ਹਲਕਾ ਬਰਨਾਲਾ ਨੇ ਦੱਸਿਆ ਕਿ ਇਸ ਕੁੰਡੀ ਹਟਾਉ ਮੁਹਿੰਮ ਤਹਿਤ ਮਈ ਮਹੀਨੇ ਦੌਰਾਨ ਕੁੱਲ 306 ਖਪਤਕਾਰਾਂ ਨੂੰ ਚੋਰੀ ਦਾ ਲੱਗਭਗ 50 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ । ਉਨਾਂ ਬਰਨਾਲਾ ਸਰਕਲ ਅਧੀਨ ਪੈਂਦੇ ਖਪਤਕਾਰਾਂ ਨੂੰ ਪੂਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਬਿਜਲੀ ਚੋਰੀ ਕਰਨੀ ਬੰਦ ਕੀਤੀ ਜਾਵੇ ਤਾਂ ਜੋ ਸਪਲਾਈ ਸੰਚਾਰੂ ਢੰਗ ਨਾਲ ਖਪਤਕਾਰ ਨੂੰ ਪਹੁੰਚਾਈ ਜਾ ਸਕੇ। ਉਹਨਾ ਕਿਹਾ ਕਿ ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਮੈਨੇਜਮੈਂਟ ਦੀਆਂ ਹਦਾਇਤਾਂ ਅਨੁਸਾਰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਚੈਕਿੰਗ ਟੀਮਾ ਬਣਾਕੇ ਵੱਧ ਤੋਂ ਵੱਧ ਬਿਜਲੀ ਚੋਰੀ ਨੂੰ ਨਕੇਲ ਪਾਈ ਜਾਵੇਗੀ।
One thought on “ਬਿਜਲੀ ਕੁੰਡੀਆਂ ਫੜ੍ਹਨ ਪਹੁੰਚੀ ਟੀਮ ਨੂੰ ਲੋਕਾਂ ਨੇ ਫੜ੍ਹਿਆ , ਕੁੱਟਮਾਰ”
Comments are closed.