ਆਪ ਦੀ ਸਰਕਾਰ ‘ਚ ਵੀ ਇਉਂ ਵਰ੍ਹਨਗੀਆਂ ਦਲਿਤਾਂ ਤੇ ਪੁਲਿਸ ਦੀਆਂ ਡਾਂਗਾ !
ਔਰਤਾਂ ,ਬੱਚਿਆਂ ਤੇ ਬਜੁਰਗਾਂ ਨੂੰ ਵੀ ਨਹੀਂ ਬਖਸ਼ਿਆ, ਪੁਲੀਸ ਅਧਿਕਾਰੀ ਚੁੱਪ
ਪੁਲਸੀਆ ਕਹਿਰ ਦੀ ਵੀਡੀਉ ਆਈ ਸਾਹਮਣੇ, ਐਸ.ਐਚ.ਉ. ਕਹਿੰਦਾ ਕਿਸੇ ਵੀ ਪੁਲਿਸ ਵਾਲੇ ਨੇ ਨਹੀਂ ਕੀਤੀ ਕੁੱਟਮਾਰ
ਹਰਿੰਦਰ ਨਿੱਕਾ, ਬਰਨਾਲਾ 24 ਮਾਰਚ 2022
ਆਪ ਦੀ ਸਰਕਾਰ, ਯਾਨੀ ਬਕੌਲ ਮੁੱਖ ਮੰਤਰੀ ਭਗਵੰਤ ਮਾਨ , ਇਹ ਆਮ ਲੋਕਾਂ ਦੀ ਸਰਕਾਰ ਹੈ, ਇੱਥੇ ਹੁਣ, ਪੁਲਿਸ ਹੱਥੋਂ ਕਿਸੇ ਦੀਆਂ “ ਨਾ ਪੱਗਾਂ ਢਹਿਣਗੀਆਂ ਨਾ ਲਹਿਣਗੀਆਂ ਅਤੇ ਨਾ ਹੀ ਔਰਤਾਂ ਦੀਆਂ ਚੁੰਨੀਆਂ ਸਿਰੋਂ ਲੱਥਣਗੀਆਂ ”। ਭਗਵੰਤ ਮਾਨ ਦੀ ਇਸ ਗੱਲ ਨੂੰ ਟਿੱਚ ਜਾਣਦਿਆਂ ਬਰਨਾਲਾ ਪੁਲਸ ਦੁਆਰਾ 19 ਮਾਰਚ ਦੀ ਦੇਰ ਰਾਤ ਦਲਿਤ ਮਜਦੂਰਾਂ ਤੇ ਡਾਗਾਂ ਦਾ ਉਹ ਮੀਂਹ ਵਰ੍ਹਾਇਆ, ਜਿਸ ਨੂੰ ਗਰੀਬ ਔਰਤਾਂ, ਬੱਚੇ , ਨੌਜਵਾਨ ਤੇ ਬਜੁਰਗ ਕਦੇ ਵੀ ਨਹੀਂ ਭੁੱਲ ਸਕਣਗੇ।
ਪੁਲਿਸ ਦੇ ਅਧਿਕਾਰੀ, ਪੁਲਸ ਵੱਲੋਂ ਲੋਕਾਂ ਦੀ ਕੁੱਟਮਾਰ ਤੋਂ ਮੁਨਕਰ ਹੋ ਰਹੇ ਹਨ, ਪਰੰਤੂ ਟੂਡੇ ਨਿਊਜ ਦੀ ਟੀਮ ਹੱਥ ਪੁਲਿਸ ਵੱਲੋਂ ਨਰਕ ਵਰਗੀ, ਜਿੰਦਗੀ ਜਿਉਣ ਲਈ ਮਜਬੂਰ ਮਜਦੂਰਾਂ ਤੇ ਵਰ੍ਹਦੀਆਂ ਡਾਂਗਾਂ ਦੀ ਵੀਡੀਉ ਲੱਗੀ ਹੈ। ਜਿਸ ਨੇ ਮੁਕਾਮੀ ਪੁਲਿਸ ਅਤੇ ਆਲ੍ਹਾ ਅਧਿਕਾਰੀਆਂ ਨੂੰ ਮੂੰਹ ਵਿੱਚ ਉਂਗਲਾ ਪਾ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਡਾਹਢੇ ਦਾ ਸੱਤੀਂ ਵੀਹੀਂ ਸੌ, ਵਾਲੀ ਕਹਾਵਤ ਬਰਨਾਲਾ ਪੁਲਿਸ ਤੇ ਵੀ ਪੂਰੀ ਢੁੱਕਦੀ ਹੈ। ਪਰੰਤੂ ਪੁਲਿਸ ਐ, ਪੁਲਸੀਆ ਕਹਿਰ ਸਾਹਮਣੇ ਆਉਣ ਤੇ ਵੀ ਮੰਨਣ ਨੂੰ ਤਿਆਰ ਨਹੀਂ ਹੈ।
ਮਾਮਲਾ ਮੀਡੀਆ ਵਿੱਚ ਆਉਣ ਤੋਂ 5 ਦਿਨ ਬਾਅਦ ਵੀ ਹੋਰ ਤਾਂ ਹੋਰ, ਜਿਲ੍ਹੇ ਦੇ ਤਿੰਨੋਂ ਵਿਧਾਇਕਾਂ ਵਿੱਚੋਂ ਕਿਸੇ ਇੱਕ ਨੇ ਵੀ ਨਾ ਪੁਲਸ ਦੇ ਅੱਤਿਆਚਾਰ ਤੋਂ ਪੀੜ੍ਹਤ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਕੋਈ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ ਹੈ, ਲੋਕਾਂ ਤੇ ਕਹਿਰ ਢਾਹੁਣ ਵਾਲੇ ਪੁਲਸੀਆ ਤੇ ਕੋਈ ਕਾਨੂੰਨੀ ਕਾਰਵਾਈ ਤਾਂ ਬੜੀ ਦੂਰ ਦੀ ਗੱਲ ਹੈ। ਮਾਰਦੇ ਕਿਵੇਂ, ਉਹ ਤਾਂ ਹਾਲੇ ਆਪਣੀ ਜਿੱਤ ਅਤੇ ਸਰਕਾਰ ਬਣਾਉਣ ਦੀ ਖੁਸ਼ੀ ਵਿੱਚ ਮਸ਼ਰੂਫ ਹਨ। ਸਰਕਾਰ ਦੇ ਜਸ਼ਨਾਂ ‘ਚ ਪੁਲਸੀਆ ਕਹਿਰ ਦਾ ਸ਼ਿਕਾਰ ਬਣੇ ਲੋਕਾਂ ਦੀਆਂ ਚੀਖਾਂ ਦੀ ਅਵਾਜ਼ ਸੁਣਾਈ ਹੀ ਨਹੀਂ ਦਿੱਤੀ।
ਅੱਤਿਆਚਾਰ ਤੇ ਅੱਤਿਆਚਾਰ !
ਪੁਲਸੀਆ ਅੱਤਿਆਚਾਰ ਇਕੱਲੀ ਕੁੱਟਮਾਰ ਤੱਕ ਹੀ ਨਹੀਂ ਰੁਕਿਆ, ਪੁਲਸ ਵੱਲੋਂ ਪੀੜਤ ਲੋਕਾਂ ਦੀ ਅਵਾਜ਼ ਬਣ ਕੇ ਉੱਭਰੇ ਗੰਗਾ ਰਾਮ ਸਣੇ 10 ਵਿਅਕਤੀਆਂ ਖਿਲਾਫ ਏ.ਐਸ.ਆਈ ਦੀ ਡਿਊਟੀ ਵਿੱਚ ਵਿਘਨ ਪਾਉਣ , ਵਰਦੀ ਪਾੜ ਦੇਣ ਅਤੇ ਪੱਗ ਲਾਹੁਣ ਦੇ ਸੰਗੀਨ ਜੁਰਮ ਤਹਿਤ ਕੇਸ ਦਰਜ਼ ਕਰਕੇ, ਉਨਾਂ ਵਿੱਚੋਂ 6 ਜਣਿਆਂ ਨੂੰ ਪੁਲਿਸ ਨੇ ਗਿਰਫਤਾਰੀ ਤੋਂ 24 ਘੰਟਿਆਂ ਦੇ ਅੰਦਰ ਅੰਦਰ ਅਦਾਲਤ ਵਿੱਚ ਪੇਸ਼ ਕਰਨ ਦੀ ਬਜਾਏ, 48 ਘੰਟਿਆਂ ਤੋਂ ਵੱਧ ਸਮਾਂ ਗੈਰਕਾਨੂੰਨੀ ਹਿਰਾਸਤ ਵਿੱਚ ਥਾਣੇ ਅੰਦਰ ਹੀ ਬੰਦ ਰੱਖਿਆ। ਇਸ ਤਰਾਂ ਦੇ ਘਟਨਾਕ੍ਰਮ ਨੇ ਇੱਕ ਵਾਰ, ਆਪ ਸਰਕਾਰ ਦੇ ਆਮ ਲੋਕਾਂ ਨੂੰ ਇਨਸਾਫ ਦੇਣ ਦੇ ਦਾਅਵਿਆਂ ਦੀ ਪੋਲ ਜਰੂਰ ਖੋਲ੍ਹ ਦਿੱਤੀ ਹੈ। ਦਲਿਤ ਸਮਾਜ ਦੇ ਹਿੱਤਾਂ ਲਈ ਮੋਹਰੀ ਹੋ ਕੇ ਲੜਨ ਵਾਲੇ ਆਗੂ ਭਾਈ ਪਰਮਜੀਤ ਸਿੰਘ ਕੈਰੇ ਨੇ ਕਿਹਾ ਕਿ ਉਹ ਦਲਿਤਾਂ ਤੇ ਹੋਏ ਅੱਤਿਆਚਾਰ ਦੀ ਅਵਾਜ ਐਸ.ਸੀ. ਕਮਿਸ਼ਨ ਪੰਜਾਬ ਅਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀਆਂ ਬਰੂਹਾਂ ਤੱਕ ਵੀ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਗਰੀਬ ਤੇ ਆਮ ਲੋਕਾਂ ਨੂੰ ਆਪ ਦੀ ਸਰਕਾਰ ਤੋਂ ਬਹੁਤ ਉਮੀਂਦਾ ਸਨ, ਪਰੰਤੂ ਆਪ ਦੀ ਸਰਕਾਰ ਨੇ ਇੱਕ ਹਫਤੇ ਦੇ ਅੰਦਰ ਅੰਦਰ ਹੀ ਗਰੀਬ ਤੇ ਦਲਿਤ ਲੋਕਾਂ ਦੀਆਂ ਉਮੀਦਾਂ ਦੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਪੁਲਸ ਦੇ ਅੱਤਿਆਚਾਰ ਨੂੰ ਚੁੱਪ ਚਾਪ ਸਹਿਣ ਨਹੀਂ ਕਰੇਗਾ।