43 ਹਜ਼ਾਰ 644 ਵੋਟਰਾਂ ਨੇ ਵੋਟਿੰਗ ਤੋਂ ਬਣਾਈ ਦੂਰੀ
ਹਰਿੰਦਰ ਨਿੱਕਾ , ਬਰਨਾਲਾ 23 ਫਰਵਰੀ 2022
ਸਿਰਫ ਸ਼ਹਿਰੀ ਵੋਟਰਾਂ ਤੇ ਹੀ ਟੇਕ ਰੱਖੀ ਬੈਠੇ ਕਈ ਉਮੀਦਵਾਰਾਂ ਦੀਆਂ ਆਸਾਂ ਤੇ ਸ਼ਹਿਰੀਆਂ ਨੇ ਪਾਣੀ ਫੇਰ ਦਿੱਤਾ ਹੈ। ਸ਼ਹਿਰੀ ਇਲਾਕਿਆਂ ’ਚ ਵੋਟਰਾਂ ਵੱਲੋਂ ਵੋਟਿੰਗ ਵਿੱਚ ਕੋਈ ਖਾਸ ਦਿਲਚਸਪੀ ਨਾ ਦਿਖਾਉਣ ਕਾਰਣ, ਜਿੱਤ ਦੀ ਉਮੀਦ ਲਾਈ ਬੈਠੇ ਕਈ ਉਮੀਦਵਾਰਾਂ ਨੂੰ ਵੱਡਾ ਝਟਕਾ ਲੱਗਿਆ ਹੈ। ਵਰਨਣਯੋਗ ਹੈ ਕਿ ਬਰਨਾਲਾ ਵਿਧਾਨ ਸਭਾ ਹਲਕੇ ਅੰਦਰ ਨਗਰ ਕੌਂਸਲ ਬਰਨਾਲਾ , ਨਗਰ ਕੌਂਸਲ ਧਨੌਲਾ ਅਤੇ ਨਗਰ ਪੰਚਾਇਤ ਹੰਡਿਆਇਆ ਸ਼ਹਿਰੀ ਇਲਾਕੇ ਹਨ। ਜਦੋਂਕਿ ਹਲਕੇ ਅੰਦਰ 42 ਪਿੰਡ ਵੀ ਹਨ। ਵਿਧਾਨ ਸਭਾ ਚੋਣਾਂ ਸਮੇਂ 2 ਵੱਡੀਆਂ ਰਾਜਸੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਵੱਲੋਂ ਉਮੀਦਵਾਰ ਦੀ ਚੋਣ ਸਮੇਂ ਵੀ ਸ਼ਹਿਰੀ ਵੋਟਾਂ ਦੇ ਅੰਕੜੇ ਨੂੰ ਹੀ ਵਧੇਰੇ ਤਰਜੀਹ ਦਿੱਤੀ ਗਈ ਸੀ, ਪਰੰਤੂ ਵੋਟਿੰਗ ਸਮੇਂ ਸ਼ਹਿਰੀਆਂ ਵਿੱਚ ਵੋਟਾਂ ਪਾਉਣ ਲਈ ਕੋਈ ਬਹੁਤਾ ਉਤਸਾਹ ਦੇਖਣ ਨੂੰ ਹੀ ਨਹੀਂ ਮਿਲਿਆ। ਸ਼ਹਿਰੀ ਖੇਤਰ ਦੇ 43 ਹਜ਼ਾਰ 644 ਵੋਟਰਾਂ ਨੇ ਵੋਟ ਪਾਉਣ ਤੋਂ ਹੀ ਟਾਲਾ ਵੱਟ ਲਿਆ ।
ਪ੍ਰਾਪਤ ਅੰਕੜਿਆਂ ਅਨੁਸਾਰ ਨਗਰ ਕੌਂਸਲ ਬਰਨਾਲਾ ਦੀ ਹਦੂਦ ਅੰਦਰ ਕੁੱਲ 92 ਹਜ਼ਾਰ 838 ਵੋਟਰ ਹਨ, ਜਿੰਨ੍ਹਾਂ ਵਿੱਚੋਂ 63 ਹਜ਼ਾਰ 192 ਵੋਟਰਾਂ ਨੇ ਹੀ ਵੋਟਾਂ ਪਾਈਆਂ। ਜਦੋਂਕਿ 29 ਹਜ਼ਾਰ 646 ਵੋਟਰਾਂ ਨੇ ਵੋਟਾਂ ਨਹੀਂ ਪਾਈਆਂ । ਨਗਰ ਕੌਂਸਲ ਧਨੌਲਾ ਦੇ ਇਲਾਕੇ ਅੰਦਰ ਕੁੱਲ 15 ਹਜ਼ਾਰ 703 ਵੋਟਾਂ ਹਨ, ਜਿੰਨ੍ਹਾਂ ਵਿੱਚੋਂ 11 ਹਜ਼ਾਰ 252 ਵੋਟਰਾਂ ਨੇ ਹੀ ਵੋਟਿੰਗ ਵਿੱਚ ਹਿੱਸਾ ਲਿਆ, ਜਦੋਂਕਿ 4 ਹਜ਼ਾਰ 451 ਵੋਟਰਾਂ ਨੇ ਵੋਟਾਂ ਹੀ ਨਹੀਂ ਪਾਈਆਂ । ਇਸੇ ਤਰਾਂ C ਕਲਾਸ ਮਿਊਂਸਪਲਟੀ, ਯਾਨੀ ਨਗਰ ਪੰਚਾਇਤ ਹੰਡਿਆਇਆ ਦੀਆਂ ਵੀ ਕੁੱਲ 10 ਹਜ਼ਾਰ 723 ਵੋਟਾਂ ਹਨ, ਜਿੰਨ੍ਹਾਂ ਵਿੱਚੋਂ 8 ਹਜ਼ਾਰ 175 ਵੋਟਰਾਂ ਨੇ ਹੀ ਵੋਟਿੰਗ ਵਿੱਚ ਹਿੱਸਾ ਲਿਆ,ਜਦੋਂਕਿ 2 ਹਜ਼ਾਰ 548 ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਨਹੀਂ ਕੀਤਾ। ਨਤੀਜੇ ਵਜੋਂ ਉਕਤ ਤਿੰਨੋਂ ਸ਼ਹਿਰੀ ਇਲਾਕਿਆਂ ਦੇ ਕੁੱਲ 1 ਲੱਖ 19 ਹਜ਼ਾਰ 264 ਵੋਟਰਾਂ ਵਿੱਚੋਂ 82 ਹਜ਼ਾਰ 619 ਵੋਟਰਾਂ ਨੇ ਹੀ ਲੋਕਤੰਤਰ ਦੇ ਇਸ ਤਿਉਹਾਰ ‘ਚ ਹਿੱਸਾ ਲਿਆ, ਜਦੋਂਕਿ 43 ਹਜ਼ਾਰ 644 ਵੋਟਰਾਂ ਨੇ ਵੋਟਾਂ ਪਾਉਣ ਵਿੱਚ ਕੋਈ ਦਿਲਚਸਪੀ ਹੀ ਨਹੀਂ ਲਈ। ਸ਼ਹਿਰੀ ਇਲਾਕਿਆਂ ਅੰਦਰ ਵੋਟਿੰਗ 69.27 % ਰਹੀ, ਜਦੋਂਕਿ ਪੇਂਡੂ ਖੇਤਰਾਂ ਦੀਆਂ ਕੁੱਲ 63 ਹਜ਼ਾਰ 238 ਵੋਟਾਂ ਵਿੱਚੋਂ 71. 45 % ਵੋਟਿੰਗ ਹੋਈ, ਯਾਨੀ 47 ਹਜ਼ਾਰ 783 ਵੋਟਰਾਂ ਨੇ ਵੋਟਾਂ ਪਾਈਆਂ।
ਹੰਡਿਆਇਆ ਦੀ ਸ਼ਹਿਰੀ ਖੇਤਰਾਂ ‘ਚੋਂ ਰਹੀ ਝੰਡੀ
ਵਿਧਾਨ ਸਭਾ ਹਲਕੇ ਦੇ ਸ਼ਹਿਰੀ ਖੇਤਰਾਂ ਵਿੱਚੋਂ ਨਗਰ ਪੰਚਾਇਤ ਹੰਡਿਆਇਆ ਦੀ, ਵੋਟਾਂ ਪਾਉਣ ਵਿੱਚ ਝੰਡੀ ਰਹੀ। ਇੱਥੇ ਸ਼ਹਿਰੀ ਖੇਤਰਾਂ ਵਿੱਚੋਂ ਸਭ ਤੋਂ ਵੱਧ 76.23 % ਪੋਲਿੰਗ ਹੋਈ। ਦੂਜਾ ਨੰਬਰ ਧਨੌਲਾ ਨਗਰ ਕੌਂਸਲ ਦਾ ਰਿਹਾ, ਜਿੱਥੇ ਪੋਲਿੰਗ 71. 65 % ਰਹੀ ਅਤੇ ਪੋਲਿੰਗ ਦੇ ਮਾਮਲੇ ਵਿੱਚ ਨਗਰ ਕੌਂਸਲ ਬਰਨਾਲਾ ਫਾਡੀ ਰਹਿ ਗਈ। ਇੱਥੇ ਸਿਰਫ 68 % ਪੋਲਿੰਗ ਹੀ ਹੋਈ। ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਕਿ ਚੋਣ ਪ੍ਰਚਾਰ ਦੌਰਾਨ ਬਰਨਾਲਾ ਸ਼ਹਿਰ ਅੰਦਰ ਭਾਜਪਾ ਉਮਦੀਵਾਰ ਧੀਰਜ ਦੱਧਾਹੂਰ ਅਤੇ ਕਾਗਰਸੀ ਉਮੀਦਵਾਰ ਮਨੀਸ਼ ਬਾਂਸਲ ਦਾ ਸੱਭ ਤੋਂ ਵੱਧ ਜ਼ੋਰ ਰਿਹਾ।
ਹੁਣ ਜਮਾਂ ਘਟਾਉ ਕਰਨ ਤੇ ਲੱਗੇ ਰਾਜਸੀ ਦਲਾਂ ਦੇ ਸਮੱਰਥਕ
ਪੋਲਿੰਗ ਦੌਰਾਨ ਸਾਹਮਣੇ ਆਈ ਤਸਵੀਰ ਦੇ ਅੰਦਾਜਿਆਂ ਅਨੁਸਾਰ ਸ਼ਹਿਰੀ ਖੇਤਰਾਂ ਅੰਦਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ , ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਦੇ ਦਰਮਿਆਨ ਰਿਹਾ ਅਤੇ ਪੇਂਡੂ ਖੇਤਰਾਂ ਵਿੱਚ ਮੁੱਖ ਮੁਕਾਬਲਾ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਅਕਾਲੀ-ਬਸਪਾ ਉਮੀਦਵਾਰ ਕੁਲਵੰਤ ਸਿੰਘ ਕੀਤੂ ਦੇ ਦਰਮਿਆਨ ਰਿਹਾ ਸਾਹਮਣੇ ਆਇਆ। ਰਾਜਸੀ ਦ੍ਰਿਸ਼ ਅਨੁਸਾਰ ਹਲਕੇ ਦੇ ਸ਼ਹਿਰੀ ਖੇਤਰਾਂ ਅੰਦਰ ਚੌਂਹਕੋਣਾ ਮੁਕਾਬਲਾ ਗੁਰਮੀਤ ਸਿੰਘ ਮੀਤ ਹੇਅਰ, ਕੁਲਵੰਤ ਸਿੰਘ ਕੀਤੂ , ਮਨੀਸ਼ ਬਾਂਸਲ ਅਤੇ ਧੀਰਜ ਦੱਧਾਹੂਰ ਦਰਮਿਆਨ ਸਾਹਮਣੇ ਆਇਆ। ਸ਼ਹਿਰੀ ਖੇਤਰਾਂ ਵਿੱਚ ਹੋਈ ਘੱਟ ਅਤੇ ਪੇਂਡੂ ਇਲਾਕਿਆਂ ਵਿੱਚ ਹੋਈ ਵੱਧ ਪੋਲਿੰਗ ਨੇ ਜਿੱਤ ਦੇ ਪ੍ਰਮੁੱਖ ਦਾਵੇਦਾਰਾਂ ਦੀਆਂ ਗਿਣਤੀਆਂ ਮਿਣਤੀਆਂ ਵਿੱਚ ਵੱਡਾ ਉਲਟ ਫੇਰ ਕਰ ਦਿੱਤਾ ਹੈ।