ਮਾਡਲ ਪੋਲਿੰਗ ਸਟੇਸ਼ਨਾਂ ’ਤੇ ਨਵੇਂ ਵੋਟਰਾਂ ਦਾ ਸਨਮਾਨ
- ਵਲੰਟੀਅਰਾਂ ਵੱਲੋਂ ਬਜ਼ੁਰਗ ਤੇ ਪੀਡਬਲਿਊਡੀ ਵੋਟਰਾਂ ਦੀ ਮਦਦ ਲਈ ਨਿਭਾਈਆਂ ਗਈਆਂ ਸੇਵਾਵਾਂ
- ਚੋਣ ਮਸਕਟ ਸ਼ੇਰਾ ਤੇ ਸੈਲਫੀ ਪੁਆਇੰਟ ਰਹੇ ਖਿੱਚ ਦਾ ਕੇਂਦਰ
ਸੋਨੀ ਪਨੇਸਰ,ਬਰਨਾਲਾ, 20 ਫਰਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਭਦੌੜ, ਬਰਨਾਲਾ ਤੇ ਮਹਿਲ ਕਲਾਂ ਲਈ ਅੱਜ ਵੋਟਾਂ ਪਈਆਂ। ਇਸ ਦੌਰਾਨ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ। ਇਸ ਮੌਕੇ ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਬਰਨਾਲਾ ਵਿੱਚ ਬਣੇ ਮਾਡਲ ਪੋਲਿੰਗ ਸਟੇਸ਼ਨਾਂ ’ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਵਲੰਟੀਅਰਾਂ ਵੱਲੋਂ ਵੀ ਪੋਲਿੰਗ ਸਟੇਸ਼ਨਾਂ ’ਤੇ ਬਾਖੂਬੀ ਸੇਵਾਵਾਂ ਨਿਭਾਈਆਂ ਗਈਆਂ।
ਵਿਧਾਨ ਸਭਾ ਹਲਕਾ 102 ਭਦੌੜ ’ਚ ਰਿਟਰਨਿੰਗ ਅਫਸਰ ਸਿਮਰਪ੍ਰੀਤ ਕੌਰ ਦੀ ਅਗਵਾਈ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਨਾਭਾ, ਸ਼ਾਂਤੀ ਦੇਵੀ ਮੈਮੋਰੀਅਲ ਸਰਕਾਰੀ ਹਾਈ ਸਕੂਲ ਤਪਾ ਤੇ ਸ਼ਹੀਦ ਦਲੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ ’ਚ ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿੱਥੇ ਨਵੇਂ ਵੋਟਰਾਂ ਦਾ ਸਨਮਾਨ ਕੀਤਾ ਗਿਆ।
ਵਿਧਾਨ ਸਭਾ ਹਲਕਾ 103 ਬਰਨਾਲਾ ’ਚ ਰਿਟਰਨਿੰਗ ਅਫਸਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ (5 ਪੋਲਿੰਗ ਸਟੇਸ਼ਨ), ਐਲਬੀਐਸ ਆਰੀਆ ਮਹਿਲਾ ਕਾਲਜ (3 ਪੋਲਿੰਗ ਸਟੇਸ਼ਨ) ਬਰਨਾਲਾ ’ਚ ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿੱਥੇਂ ਨਵੇਂ ਵੋਟਰਾਂ ਦਾ ਸਵਾਗਤ ਕੀਤਾ। ਵਿਧਾਨ ਸਭਾ ਹਲਕਾ 104 ਮਹਿਲ ਕਲਾਂ ’ਚ ਰਿਟਰਨਿੰਗ ਅਫਸਰ ਅਮਿਤ ਬੈਂਬੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ, ਸਰਕਾਰੀ ਐਲੀਮੈਂਟਰੀ ਸਕੂੁਲ ਚੁਹਾਨਕੇ ਕਲਾਂ, ਸਰਕਾਰੀ ਹਾਈ ਸਕੂਲ ਵਜੀਦਕੇ ਕਲਾਂ ’ਚ ਮਾਡਲ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ, ਜਿੱਥੇ ਨਵੇਂ ਵੋਟਰਾਂ ਦਾ ਸਰਟੀਫਿਕੇਟਾਂ ਨਾਲ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਚੋਣ ਮਸਕਟ ਸ਼ੇਰਾ ਅਤੇ ਵੋਟਰ ਸੈਲਫੀ ਪੁਆਇੰਟ ਵੀ ਖਿੱਚ ਦਾ ਕੇਂਦਰ ਰਹੇ।
ਮਹਿਲਾ ਚੋਣ ਅਮਲੇ ਨੇ ਸਜਾਏ ਪਿੰਕ ਬੂਥ
ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿਚ ਤਿੰਨ ਪਿੰਕ ਬੂਥ ਬਣਾਏ ਗਏ, ਜਿਨਾਂ ਦੀ ਸਾਰੀ ਜ਼ਿੰਮੇਵਾਰੀ ਮਹਿਲਾ ਚੋਣ ਸਟਾਫ ਵੱਲੋਂ ਨਿਭਾਈ ਗਈ। ਮਹਿਲਾਵਾਂ ਨੂੰ ਸਮਰਪਿਤ ਇਨਾਂ ਪੋਲਿੰਗ ਸਟੇਸ਼ਨਾਂ ਨੂੰ ਗੁਲਾਬੀ ਰੰਗ ਦੇ ਗੁਬਾਰਿਆਂ ਅਤੇ ਸਵੀਪ ਬੈਨਰਾਂ ਨਾਲ ਸਜਾਇਆ ਗਿਆ।