ਵੋਟਰਾਂ ਨੇ ਉਤਸ਼ਾਹ ਨਾਲ ਉਠਾਇਆ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਵਾਉਣ ਦੀ ਸੁਵਿਧਾ ਦਾ ਲਾਭ
- 5 ਹਲਕਿਆਂ ਵਿੱਚ 54 ਟੀਮਾਂ ਦਾ ਗਠਨ, ਦੋ ਵਾਰ ਕਰਨਗੀਆਂ ਵੋਟਰਾਂ ਤੱਕ ਪਹੁੰਚ
ਪਰਦੀਪ ਕਸਬਾ ,ਸੰਗਰੂਰ, 11 ਫ਼ਰਵਰੀ 2022
80 ਸਾਲ ਤੋਂ ਵਧੇਰੇ ਉਮਰ ਦੇ ਵੋਟਰਾਂ, ਦਿਵਿਆਂਗ ਵੋਟਰਾਂ ਅਤੇ ਕੋਵਿਡ-19 ਪ੍ਰਭਾਵਿਤ ਵੋਟਰਾਂ ਦੀ ਸ੍ਰੇਣੀ ਵਿੱਚ ਗੈਰ-ਹਾਜ਼ਰ ਵੋਟਰਾਂ ਦੁਆਰਾ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਲਈ ਭਾਰਤੀ ਚੋਣ ਕਮਿਸਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਜਿ਼ਲ੍ਹਾ ਸੰਗਰੂਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਪੋਸਟਲ ਬੈਲਟ ਪੇਪਰ ਪਵਾਉਣ ਲਈ ਪ੍ਰਕਿਰਿਆ ਅੱਜ ਤੋਂ ਆਰੰਭ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਇਸ ਸਬੰਧੀ ਜਿ਼ਲ੍ਹਾ ਸੰਗਰੂਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚੋਂ 767 ਅਰਜੀਆਂ ਪ੍ਰਾਪਤ ਹੋਈਆਂ ਹਨ।
ਉਨਾਂ ਦੱਸਿਆ ਕਿ ਜ਼ਿਲਾ ਸੰਗਰੂਰ ਦੇ 5 ਵਿਧਾਨ ਸਭਾ ਚੋਣ ਹਲਕਿਆਂ ਵਿੱਚ ਪੋਸਟਲ ਬੈਲਟ ਪੇਪਰ ਰਾਹੀਂ ਅੱਜ ਤੋਂ 15 ਫ਼ਰਵਰੀ 2022 ਤੱਕ ਵੋਟਾਂ ਪਵਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 99-ਲਹਿਰਾ ਵਿਖੇ 80 ਸਾਲ ਤੋਂ ਵਧੇਰੇ ਉਮਰ ਦੇ 188 ਅਤੇ 40 ਦਿਵਿਆਂਗ ਵੋਟਰਾਂ ਵੱਲੋਂ, ਹਲਕਾ 100-ਦਿੜ੍ਹਬਾ ਵਿਖੇ 80 ਸਾਲ ਤੋਂ ਵਧੇਰੇ ਉਮਰ ਦੇ 65 ਅਤੇ 40 ਦਿਵਿਆਂਗ ਵੋਟਰਾਂ, ਹਲਕਾ 101-ਸੁਨਾਮ ਵਿਖੇ 80 ਸਾਲ ਤੋਂ ਵਧੇਰੇ ਉਮਰ ਦੇ 193 ਅਤੇ 75 ਦਿਵਿਆਂਗ ਵੋਟਰਾਂ, ਹਲਕਾ 107-ਧੂਰੀ ਵਿਖੇ 80 ਸਾਲ ਤੋਂ ਵਧੇਰੇ ਉਮਰ ਦੇ 64 ਅਤੇ 18 ਦਿਵਿਆਂਗ ਵੋਟਰਾਂ, ਹਲਕਾ 108-ਸੰਗਰੂਰ ਵਿਖੇ 80 ਸਾਲ ਤੋਂ ਵਧੇਰੇ ਉਮਰ ਦੇ 67 ਅਤੇ 17 ਦਿਵਿਆਂਗ ਵੋਟਰਾਂ ਵੱਲੋਂ ਬੈਲਟ ਪੇਪਰ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਸਹਿਮਤੀ ਦਿੱਤੀ ਗਈ ਸੀ । ਉਨਾਂ ਦੱਸਿਆ ਕਿ ਇਸ ਕੰਮ ਲਈ ਕੁੱਲ 54 ਟੀਮਾਂ ਦਾ ਗਠਨ ਕੀਤਾ ਗਿਆ ਹੈ। ਹਰੇਕ ਟੀਮ ਵਿੱਚ 2 ਪੋਲਿੰਗ ਅਫਸਰ, ਇੱਕ ਮਾਈਕਰੋ ਅਬਜਰਵਰ (ਜੋ ਕਿ ਕੇਂਦਰ ਵਿਭਾਗ ਦੇ ਅਧਿਕਾਰੀ ਹਨ), ਸੁਰੱਖਿਆ ਲਈ ਪੁਲਿਸ ਕਰਮਚਾਰੀ ਅਤੇ ਵੀਡੀਓਗ੍ਰਾਫਰ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹਲਕਾ ਲਹਿਰਾ ਲਈ 14, ਹਲਕਾ ਦਿੜ੍ਹਬਾ ਲਈ 13, ਹਲਕਾ ਸੁਨਾਮ ਲਈ 14, ਹਲਕਾ ਧੂਰੀ ਲਈ 9 ਅਤੇ ਹਲਕਾ ਸੰਗਰੂਰ ਲਈ 4 ਟੀਮਾਂ ਦਾ ਗਠਨ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਇਹ ਟੀਮਾਂ ਸਬੰਧਤ ਵੋਟਰਾਂ ਤੱਕ ਦੋ ਵਾਰ ਪਹੁੰਚ ਕਰਨਗੀਆਂ। ਉਨਾਂ ਦੱਸਿਆ ਕਿ ਪੋਸਟਲ ਬੈਲਟ ਪੇਪਰ ਦੀ ਸੁਵਿਧਾ ਲੈਣ ਵਾਲੇ ਵੋਟਰਾਂ ਨੂੰ 20 ਫ਼ਰਵਰੀ 2022 ਨੂੰ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ। ਉਨਾਂ ਦੱਸਿਆ ਕਿ ਰਿਟਰਨਿੰਗ ਅਫਸਰ ਅਜਿਹੇ ਵੋਟਰਾਂ ਦੇ ਨਾਵਾਂ ਦੇ ਵਿਰੁੱਧ ਵੋਟਰ ਸੂਚੀ ਦੀ ਚਿੰਨਿਤ ਕਾਪੀ ਵਿੱਚ ਐਂਟਰੀ ਪੀਬੀ (PB) ਦਰਸਾਉਣਗੇ। ਉਨਾਂ ਦੱਸਿਆ ਕਿ ਵੋਟਰਾਂ ਨੂੰ ਚੋਣ ਪਾਰਟੀਆਂ ਦੇ ਦੌਰੇ ਦੀ ਮਿਤੀ ਅਤੇ ਅਨੁਮਾਨਿਤ ਸਮੇਂ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਜ਼ਾ ਰਿਹਾ ਹੈ ਕਿਉਂਜੋ ਅਜਿਹੀ ਸੂਚਨਾ ਮੋਬਾਈਲ ਫੋਨ ਨੰਬਰ ’ਤੇ ਐਸ ਐਮ ਐਸ ਰਾਹੀਂ ਦੇਣ ਬਾਰੇ ਫਾਰਮ 12 ਡੀ ਅਰਜੀ ਵਿਚ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੂਜੇ ਮਾਮਲਿਆਂ ਵਿਚ ਸੂਚਨਾ ਡਾਕ ਰਾਹੀਂ ਜਾਂ ਬੀ.ਐਲ.ਓ. ਰਾਹੀਂ ਦੇਣ ਦੀ ਵਿਵਸਥਾ ਵੀ ਹੈ। ਉਮੀਦਵਾਰਾਂ ਨੂੰ ਇਸ ਸ੍ਰੇਣੀ ਲਈ ਪੋਸਟਲ ਬੈਲਟ ਦੀ ਡਿਲਿਵਰੀ ਅਤੇ ਸੰਗ੍ਰਹਿ ਲਈ ਦੌਰੇ ਦੇ ਕਾਰਜਕ੍ਰਮ ਬਾਰੇ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਜੇਕਰ ਉਹ ਚਾਹੁਣ ਤਾਂ ਰਿਟਰਨਿੰਗ ਅਫਸਰਾਂ ਨੂੰ ਪੂਰਵ ਸੂਚਨਾ ਦੇ ਕੇ ਆਪਣੇ ਅਧਿਕਾਰਤ ਨੁਮਾਇੰਦਿਆਂ (ਬੂਥ ਲੈਵਲ ਏਜੰਟਾਂ ਨੂੰ ਕਲਾਊਡ ਕਰਨ ਵਿੱਚ) ਤਾਇਨਾਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਪੋਸਟਲ ਬੈਲਟ ਦੀ ਡਿਲੀਵਰੀ, ਇਕੱਠਾ ਕਰਨ ਦੀ ਪ੍ਰਕਿਰਿਆ ਅਤੇ ਸਟੋਰੇਜ ਦੌਰਾਨ ਆਦਰਸ਼ ਚੋਣ ਜਾਬਤੇ ਦੀਆਂ ਵਿਵਸਥਾਵਾਂ ਦੀ ਸਖਤੀ ਨਾਲ ਪਾਲਣਾ ਕਰਨ ਸਬੰਧੀ ਸਬੰਧਤ ਟੀਮਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਅਤੇ ਵੋਟ ਪ੍ਰਕਿਰਿਆ ਨੂੰ ਗੁਪਤ ਰੱਖਦੇ ਹੋਏ ਪੋਲਿੰਗ ਦੀ ਵੀਡੀਓਗ੍ਰਾਫੀ ਕਰਵਾਈ ਜਾ ਰਹੀ ਹੈ। ਉਨਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰਨ।