ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਮਿਲੀ ਭਾਰੀ ਸਫਲਤਾ
ਬਰਨਾਲਾ,ਰਘਬੀਰ ਹੈਪੀ,29 ਜਨਵਰੀ 2022
ਜ਼ਿਲਾ ਪੁਲਿਸ ਮੁੱਖੀ ਅਲਕਾ ਮੀਨਾ ਤੇ ਉੱਪ ਕਪਤਾਨ ਪੁਲਿਸ ਤਪਾ ਬਲਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਸ਼ਹਿਣਾ ਦੇ ਐੱਸਐੱਚਓ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ, ਜਦ ਗੁਪਤ ਸੂਚਨਾ ਦੇ ਆਧਾਰ ‘ਤੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਸ਼ਾਮ ਪੁਲਿਸ ਪਾਰਟੀ ਨਾਲ ਨਹਿਰ ਬੱਸ ਸਟੈਂਡ ਸ਼ਹਿਣਾ ਵਿਖੇ ਮਜੂਦ ਸੀ ਤਾਂ ਕਿਸੇ ਖਾਸ ਨੇ ਗੁਪਤ ਸੂਚਨਾ ਦਿੱਤੀ ਕਿ ਬਲਵਿੰਦਰ ਸਿੰਘ ਬਿੰਦਰ ਪੁੱਤਰ ਪੁੱਤਰ ਦਲੀਪ ਸਿੰਘ ਬਾਹਰਲੀ ਸਟੇਟ ਤੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਪਿੰਡ ਸ਼ਹਿਣਾ ਦੇ ਆਸਪਾਸ ਦੇ ਪਿੰਡਾਂ ਵਿੱਚ ਵੇਚਣ ਦਾ ਧੰਦਾ ਕਰਦਾ ਹੈ। ਜੋ ਹੁਣ ਪੈਦਲ ਪਿੰਡ ਸ਼ਹਿਣਾ ਦੇ ਪਿੰਡਾਂ ਵਿੱਚ ਨਸ਼ੀਲੀਆਂ ਗੋਲੀਆਂ ਵੇਚਣ ਲਈ ਪਿੰਡ ਬੱਲੋਕੇ ਤੋਂ ਪਿੰਡ ਨੈਣੇਵਾਲ ਨੂੰ ਜਾ ਰਿਹਾ ਹੈ। ਜੇਕਰ ਹੁਣੇ ਹੀ ਛੋਟਾ ਨਹਿਰ ਪੁਲ ਬੱਲੋਕੇ ਨੇੜੇ ਨਾਕਾਬੰਦੀ ਕੀਤੀ ਜਾਵੇ ਤਾਂ ਬਲਵਿੰਦਰ ਸਿੰਘ ਬਿੰਦਰ ਤੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਹੋ ਸਕਦੀਆਂ ਹਨ ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਸਹਾਇਕ ਐੱਸਐੱਚਓ ਜਸਵੀਰ ਸਿੰਘ ਨੇ ਪੁਲਿਸ ਪਾਰਟੀ ਨਾਲ ਛੋਟਾ ਨਹਿਰ ਪੁਲ ਬੱਲੋਕੇ ਨੇੜੇ ਨਾਕਾਬੰਦੀ ਕਰਕੇ ਬਲਵਿੰਦਰ ਸਿੰਘ ਬਿੰਦਰ ਤੋਂ 18 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਖਿਲਾਫ ਮੁਕੱਦਮਾ ਨੰਬਰ 05 ਧਾਰਾ 22/61/85 ਐੱਨਡੀਪੀਐੱਸ ਐਕਟ ਤਹਿਤ ਦਰਜ ਕਰਕੇ ਮਾਮਲਾ ਸਹਾਇਕ ਐੱਸਐੱਚਓ ਜਸਵੀਰ ਸਿੰਘ ਨੂੰ ਸੌਪਿਆ ਗਿਆ ਹੈ। ਇਸ ਮੌਕੇ ਮੁੱਖ ਮੁਨਸ਼ੀ ਜਸਪਾਲ ਸਿੰਘ ਸਿੱਧੂ, ਸਹਾਇਕ ਥਾਣੇਦਾਰ ਜਗਦੇਵ ਸਿੰਘ, ਹੌਲਦਾਰ ਕਮਲਜੀਤ ਸਿੰਘ, ਹੌਲਦਾਰ ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਸਹਾਇਕ ਐੱਸਐੱਚਓ ਜਸਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀ ਨੂੰ ਮਾਨਯੋਗ ਡਿਉਟੀ ਮਜਿਸਟਰੇਟ ਬਰਨਾਲਾ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਰਿਮਾਂਡ ਲਿਆ ਗਿਆ ਹੈ ਤਾਂ ਜੋ ਉਕਤ ਵਿਅਕਤੀ ਦੇ ਨਾਲ ਜੁੜੇ ਹੋਰ ਨਸ਼ਾ ਤਸਕਰਾਂ ਬਾਰੇ ਖੁਲਾਸਾ ਹੋ ਸਕੇ।