ਕਾਂਗਰਸ ਦੀ ਟਿਕਟ ਤੇ ਟਿਕੀਆਂ 11 ਕਾਂਗਰਸੀ ਲੀਡਰਾਂ ਦੀਆਂ ਨਜ਼ਰਾਂ
ਆਖਿਰ ਕਿਸ ਤੇ ਹੋਊ ਮਿਹਰਬਾਨ , ਕਾਂਗਰਸ ਪਾਰਟੀ ਦੀ ਹਾਈਕਮਾਨ
ਹਰਿੰਦਰ ਨਿੱਕਾ , ਬਰਨਾਲਾ 8 ਜਨਵਰੀ 2022
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ‘’ਅੱਜ’’ ਚੋਣ ਪ੍ਰੋਗਰਾਮ ਜ਼ਾਰੀ ਕਰ ਦੇਣ ਤੋਂ ਬਾਅਦ ਜਿੱਥੇ ਚੋਣ ਅਮਲ ਸ਼ੁਰੂ ਹੋ ਗਿਆ ਹੈ। ਉੱਥੇ ਹੀ ਬਰਨਾਲਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਹੱਥ ਪੈਰ ਮਾਰ ਰਹੇ, ਕਾਂਗਰਸੀ ਆਗੂਆਂ ਦੀਆਂ ਧੜਕਣਾਂ ਵੀ ਹੋਰ ਤੇਜ਼ ਹੋ ਗਈਆਂ ਹਨ। ਟਿਕਟ ਦੇ ਦਾਵੇਦਾਰ ਆਗੂਆਂ ਨੇ ਆਪਣੀ ਆਪਣੀ ਟਿਕਟ ਲਈ ਦੌੜ ਭੱਜ ਤੇਜ਼ ਕਰ ਦਿੱਤੀ ਹੈ। ਬੇਸ਼ੱਕ ਬਰਨਾਲਾ ਹਲਕੇ ਤੋਂ ਕਾਂਗਰਸ ਦੀ ਟਿਕਟ ਲੈਣ ਲਈ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਸਣੇ ਕੁੱਲ 11 ਵਿਅਕਤੀਆਂ ਨੇ ਅਰਜ਼ੀਆਂ ਦਿੱਤੀਆਂ ਹਨ। ਪਰੰਤੂ ਆਈ.ਏ.ਐਸ. ਦੇ ਅਹੁਦੇ ਨੂੰ ਠੋਕਰ ਮਾਰ ਕੇ ਰਾਜਨੀਤੀ ਵਿੱਚ ਉਤਰਨ ਦਾ ਮਨ ਬਣਾ ਚੁੱਕੇ ਇੱਕ ਨੌਜਵਾਨ ਸਾਬਕਾ ਅਧਿਕਾਰੀ ਵੱਲੋਂ ਅਚਾਣਕ ਹੀ ਕਾਂਗਰਸ ਦੀ ਟਿਕਟ ਦੀ ਦਾਵੇਦਾਰੀ ਠੋਕਣ ਦੀ ਅਪੁਸ਼ਟ ਜਾਣਕਾਰੀ ਦੀ ਰਾਜਸੀ ਹਲਕਿਆਂ ਵਿੱਚ ਕਾਫੀ ਚਰਚਾ ਚੱਲ ਰਹੀ ਹੈ। ਇਸ ਚੁੰਝ ਚਰਚਾ ਨੇ ਇਲਾਕੇ ਦੇ ਲੋਕਾਂ ਦਾ ਧਿਆਨ ਕਾਫੀ ਖਿੱਚਿਆ ਹੈ, ਉੱਥੇ ਹੀ ਹਲਕੇ ਦੇ ਲੋਕਾਂ ਅੰਦਰ ਕਾਂਗਰਸ ਦੀ ਟਿਕਟ ਦੇਣ ਦੇ ਫੈਸਲੇ ਨੂੰ ਲੈ ਕੇ ਕਾਫੀ ਉਤਸਕਤਾ ਵਾਲੀ ਹਾਲਤ ਬਣੀ ਹੈ।
11 ਵਿੱਚੋਂ ਕਿਸ ਲੀਡਰ ਦੀ ਚਮਕੇਗੀ ਕਿਸਮਤ ?
ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਲਗਾਤਾਰ ਦੋ ਵਾਰ ਅਕਾਲੀ ਦਲੇ ਦੇ ਕੱਦਾਵਰ ਆਗੂ ਸਵ: ਵਿਧਾਇਕ ਮਲਕੀਤ ਸਿੰਘ ਕੀਤੂ ਨੂੰ ਹਰਾ ਕੇ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਕੇਵਲ ਸਿੰਘ ਢਿੱਲੋਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਸਵ: ਸੁਰਜੀਤ ਸਿੰਘ ਬਰਨਾਲਾ ਨੂੰ ਜਬਰਦਸਤ ਟੱਕਰ ਦੇਣ ਵਾਲੇ ਸੀਨੀਅਰ ਕਾਂਗਰਸੀ ਆਗੂ ਹਰਦੀਪ ਕੁਮਾਰ ਗੋਇਲ , ਸੀਨੀਅਰ ਕਾਂਗਰਸੀ ਆਗੂ ਅਤੇ ਉੱਘੇ ਟਰਾਂਸਪੋਰਟਰ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਵਿਧਾਇਕ ਸਵ: ਕੁਲਦੀਪ ਸਿੰਘ ਭੱਠਲ ਦੇ ਬੇਟੇ ਗੁਰਵੀਰ ਸਿੰਘ ਗੁਰੀ ਭੱਠਲ, ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਕਿਸਮਤ ਅਜਮਾਈ ਕਰ ਚੁੱਕੇ ਗੁਰਕੀਮਤ ਸਿੰਘ ਸਿੱਧੂ, ਕਾਂਗਰਸ ਦੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੰਤਰੀ ਸਵ: ਸੰਪੂਰਨ ਸਿੰਘ ਧੌਲਾ ਦੇ ਬੇਟੇ ਜਗਜੀਤ ਸਿੰਘ ਧੌਲਾ, ਅੱਗਰਵਾਲ ਵੈਲਫੇਅਰ ਬੋਰਡ ਪੰਜਾਬ ਦੇ ਡਾਇਰੈਕਟਰ ਤੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਪ੍ਰਸਿੱਧ ਸਹਿਤਕਾਰ ਪਰਮਜੀਤ ਸਿੰਘ ਮਾਨ, ਸਾਬਕਾ ਕੌਸਲਰ ਅਤੇ ਕਾਂਗਰਸ ਸੇਵਾ ਦਲ ਦੀ ਸੂਬਾਈ ਆਗੂ ਸੁਖਜੀਤ ਕੌਰ ਸੁੱਖੀ ,ਸੀਨੀਅਰ ਆਗੂ ਰਮੇਸ਼ ਭੁਟਾਰਾ ਤੋਂ ਇਲਾਵਾ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇੱਕ ਸਾਬਕਾ ਆਈ.ਏ.ਐਸ. ਅਧਿਕਾਰੀ ਨੇ ਵੀ ਕਾਂਗਰਸ ਦੀ ਟਿਕਟ ਲਈ ਅਪਲਾਈ ਕੀਤਾ ਹੈ। ਇੱਨ੍ਹਾਂ ਵਿੱਚੋਂ ਕਾਂਗਰਸ ਹਾਈਕਮਾਨ ਕਿਸੇ ਦੇ ਸਿਰ ਤੇ ਟਿਕਟ ਦਾ ਤਾਜ਼ ਪਹਿਣਾਵੇਗੀ,ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸਾਰੇ ਹੀ ਦਾਵੇਦਾਰਾਂ ਦੇ ਸਮਰਥੱਕ ਆਪਣੇ ਆਪਣੇ ਆਗੂ ਦੀ ਟਿਕਟ ਪੱਕੀ ਹੋਣ ਦੇ ਦਾਵੇ ਕਰ ਰਹੇ ਹਨ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਬੇਸ਼ੱਕ ਕਾਂਗਰਸ ਹਾਈਕਮਾਨ ਨੇ ਕਿਸੇ ਨੂੰ ਵੀ ਟਿਕਟ ਲਈ ਹਰੀ ਝੰਡੀ ਨਹੀਂ ਦਿੱਤੀ। ਪਰੰਤੂ 6 ਜਨਵਰੀ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ਹੋਈ ਪ੍ਰਭਾਵਸ਼ਾਲੀ ਰਾਜਸੀ ਰੈਲੀ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਡੰਕੇ ਦੀ ਚੋਟ ਤੇ ਕਿਹਾ ਸੀ ਕਿ ਬਰਨਾਲੇ ਵਾਲਿਉ ਤੁਸੀਂ ਕੇਵਲ ਸਿੰਘ ਢਿੱਲੋਂ ਨੂੰ ਐਮ.ਐਲ.ਏ. ਬਣਾ ਦਿਉ, ਫਿਰ ਇਸ ਦੇ ਫੀਤੀ ਲਾਉਣਾ, ਯਾਨੀ ਮੰਤਰੀ ਬਣਾਉਣਾ ਸਾਡਾ ਕੰਮ ਹੈ। ਹੈਰਾਨੀ ਦੀ ਗੱਲ ਹੋਰ ਵੀ ਦੇਖੋ, ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਰੈਲੀ ਸਮਾਪਤ ਹੋਣ ਤੋਂ ਬਾਅਦ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਫੋਨ ਕਰਕੇ, ਕਹਿ ਗਏ ਕਿ ਤੂੰ ਮੇਰੀ ਪੱਗ ਦਾ ਲੜ ਹੈਂ, ਸਿੱਧੂ ਹਿੱਕ ਠੋਕ ਕੇ ਤੇਰੇ ਨਾਲ ਖੜ੍ਹਾ ਹੈ। ਹੁਣ ਕਾਂਗਰਸੀ ਟਿਕਟਾਂ ਦੀ ਸੂਚੀ ਜ਼ਾਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰ ਨਵਜੋਤ ਸਿੱਧੂ ਦੀ ਪੱਗ ਦਾ ਲੜ ਦੋਵਾਂ ‘ਚੋਂ ਕਿਹੜਾ ਢਿੱਲੋਂ ਹੈ।
ਕੌਣ ਹੈ ,I A S ਦੀ ਨੌਕਰੀ ਨੂੰ ਲੱਤ ਮਾਰਨ ਵਾਲਾ ਟਿਕਟ ਦਾ ਦਾਵੇਦਾਰ ?
ਕਾਂਗਰਸ ਪਾਰਟੀ ਦੀ ਟਿਕਟ ਲਈ ਦਾਵੇਦਾਰੀ ਜਤਾਉਣ ਵਾਲਿਆਂ ਵਿੱਚ ਬਰਨਾਲਾ ਸ਼ਹਿਰ ਦੇ ਹੀ ਰਹਿਣ ਵਾਲੇ ਸਾਬਕਾ ਆਈ.ਏ.ਐਸ. ਅਧਿਕਾਰੀ ਕਸ਼ਿਸ਼ ਮਿੱਤਲ ਦੇ ਨਾਮ ਦੀ ਵੀ ਕਾਫੀ ਚੁੰਝ ਚਰਚਾ ਛਿੜੀ ਹੋਈ ਹੈ। ਵਰਨਣਯੋਗ ਹੈ ਕਿ 2011 ਬੈਚ ਦੇ ਆਈ.ਏ.ਐਸ. ਅਧਿਕਾਰੀ ਕਸ਼ਿਸ਼ ਮਿੱਤਲ , ਸਾਬਕਾ ਆਈ.ਜੀ ਜਗਦੀਸ਼ ਮਿੱਤਲ ਦਾ ਬੇਟਾ ਹੈ। ਜਿਹੜਾ ਵੱਖ ਵੱਖ ਅਹੁਦਿਆਂ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਦੇ ਡੀਸੀ, ਕੇਂਦਰੀ ਵਿਦੇਸ਼ ਮੰਤਰਾਲੇ ਵਿੱਚ ਸੀਨੀਅਰ ਅਧਿਕਾਰੀ ਅਤੇ ਭਾਰਤੀ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਦੇ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਦੇ ਤੌਰ ਤੇ ਸੇਵਾਵਾਂ ਨਿਭਾ ਚੁੱਕਾ ਹੈ। ਉਨ੍ਹਾਂ 6 ਸਤੰਬਰ 2019 ਨੂੰ ਨੀਤੀ ਆਯੋਗ ਵਿੱਚੋਂ ਚੜ੍ਹਦੀ ਉਮਰੇ ਹੀ ਆਈਏਐਸ ਦੇ ਅਹੁਦੇ ਨੂੰ ਠੋਕਰ ਮਾਰ ਦਿੱਤੀ ਸੀ। ਉੱਧਰ ਟਿਕਟ ਲਈ ਅਪਲਾਈ ਕਰਨ ਵਾਲਿਆਂ ਵਿੱਚੋਂ 2 ਦਾਵੇਦਾਰਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਕਾਂਗਰਸ ਪਾਰਟੀ ਦੀ ਸਕਰੀਨਿੰਗ ਕਮੇਟੀ ਦੇ 2 ਮੈਂਬਰ ਉਨ੍ਹਾਂ ਤੋਂ ਕਸ਼ਿਸ਼ ਮਿੱਤਲ ਤੇ ਉਸ ਦੇ ਪਰਿਵਾਰ ਦੀ ਇਲਾਕੇ ਵਿੱਚ ਪੈਂਠ ਬਾਰੇ ਵੀ ਪੁੱਛਦੇ ਰਹੇ ਸਨ, ਹੁਣ ਅਜਿਹੇ ਹਾਲਤ ਵਿੱਚ ਊਂਠ ਕਿਸ ਕਰਵਟ ਬੈਠਦਾ ਹੈ,ਇਹ ਸਮੇਂ ਦੀ ਗਰਭ ਵਿੱਚ ਲੁਕਿਆ ਹੋਇਆ ਹੈ। ਉੱਧਰ ਕਸ਼ਿਸ਼ ਮਿੱਤਲ ਦੇ ਪਿਤਾ ਅਤੇ ਸਾਬਕਾ ਆਈ.ਜੀ. ਪੁਲਿਸ ਜਗਦੀਸ਼ ਮਿੱਤਲ ਨੇ ਆਪਣੇ ਬੇਟੇ ਕਸ਼ਿਸ਼ ਮਿੱਤਲ ਦੇ ਚੋਣ ਮੈਦਾਨ ‘ਚ ਉੱਤਰਨ ਅਤੇ ਕਾਂਗਰਸ ਪਾਰਟੀ ਦੀ ਟਿਕਟ ਲਈ ਅਰਜੀ ਦੇਣ ਦੀ ਚਰਚਾ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਕਸ਼ਿਸ਼ ਮਿੱਤਲ ਦੀ ਫਿਲਹਾਲ ਰਾਜਨੀਤੀ ਵਿੱਚ ਕੋਈ ਰੁਚੀ ਹੀ ਨਹੀਂ ਹੈ। ਜਦੋਂ ਉਸ ਦੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਹੀ ਨਹੀਂ ਹੈ ਤਾਂ ਫਿਰ ਟਿਕਟ ਲਈ ਅਪਲਾਈ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦੀ ਸਕਰੀਨਿੰਗ ਕਮੇਟੀ ਦੇ ਕਿਸੇ ਮੈਂਬਰ ਨੇ ਕਸ਼ਿਸ਼ ਮਿੱਤਲ ਬਾਰੇ ਪੁੱਛਿਆ ਤਾਂ ਇਸ ਦੇ ਸਿਰਫ ਸਿਆਸੀ ਮਾਇਨੇ ਹੀ ਕਿਉਂ ਕੱਢੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਉੱਚ ਅਹੁਦਿਆਂ ਤੇ ਰਹਿਣ ਸਮੇਂ ਵੱਖ ਵੱਖ ਪਾਰਟੀਆਂ ਦੇ ਬਹੁਤ ਆਗੂ ਅਧਿਕਾਰੀ ਦੇ ਨਿੱਜੀ ਦੋਸਤ ਵੀ ਬਣ ਜਾਂਦੇ ਹਨ। ਸਾਰੀਆਂ ਸਾਂਝਾਂ ਰਾਜਨੀਤਿਕ ਹੀ ਨਹੀਂ ਹੁੰਦੀਆਂ।