ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਨੇ ਕਿਸਾਨਾਂ ਨੂੰ ਮੀਂਹ ਦੀ ਜਾਣਕਾਰੀ ਦਿੱਤੀ
ਰਵੀ ਸੈਣ,ਹੰਡਿਆਇਆ/ਬਰਨਾਲਾ, 24 ਦਸੰਬਰ 2021
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ਼ਜ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਦੇ ਐਸੋਸ਼ੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਕਿਸਾਨਾਂ ਨਾਲ ਮੀਂਹ ਦੀ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ 26 ਤੋਂ 27 ਦਸੰਬਰ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਰਕੇ ਉਨ੍ਹਾਂ ਨੇ ਕਿਸਾਨਾਂ ਨੂੰ ਫ਼ਸਲਾਂ ਵਿੱਚ ਪਾਣੀ ਨਾ ਲਾਉਣ ਦੀ ਸਿਫ਼ਾਰਿਸ਼ ਕੀਤੀ । ਖੇਤ ਵਿੱਚ ਜ਼ਿਆਦਾ ਪਾਣੀ ਖੜ੍ਹਾ ਰਹਿਣ ਦੇ ਨਾਲ ਕਣਕ ਦੀ ਫ਼ਸਲ ਆਮ ਤੌਰ ਤੇ ਪੀਲੀ ਪੈ ਜਾਂਦੀ ਹੈ। ਇਸ ਲਈ ਉਨ੍ਹਾਂ ਨੇ ਖੇਤਾਂ ਵਿੱਚੋਂ ਵਾਧੂ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਕਰਨ ਲਈ ਵੀ ਕਿਸਾਨਾਂ ਨੂੰ ਸੁਚੇਤ ਕੀਤਾ ਤਾਂ ਜੋ ਲੋੜ ਤੋਂ ਵੱਧ ਮੀਂਹ ਦਾ ਪਾਣੀ ਖੇਤਾਂ ਵਿੱਚ ਨਾ ਖੜੇ । ਇਨ੍ਹਾਂ ਦਿਨਾਂ ਦੌਰਾਨ ਕਣਕ ਦੀ ਫ਼ਸਲ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਅਤੇ ਗੁੱਲੀ ਡੰਡੇ ਦੀ ਸਮੱਸਿਆ ਵੀ ਦੇਖਣ ਨੂੰ ਮਿਲ ਰਹੀ ਹੈ, ਪਰ ਕਿਸਾਨ ਮੀਂਹ ਦਾ ਅਨੁਮਾਨ ਹੋਣ ਕਰਕੇ ਇਨ੍ਹਾਂ ਦੇ ਬਚਾਅ ਲਈ ਸਪਰੇਅ ਦੀ ਵਰਤੋਂ ਮੀਂਹ ਦੇ ਦਿਨਾਂ ਤੋਂ ਬਾਅਦ ਕਰਨ ਤਾਂ ਜੋ ਮੀਂਹ ਨਾਲ ਸਪਰੇਅ ਦੀ ਦੁਰਵਰਤੋਂ ਨਾ ਹੋਵੇ ਅਤੇ ਕਿਸਾਨ ਦਾ ਖਰਚਾ ਵੀ ਬਚ ਜਾਵੇ।
ਉਨ੍ਹਾਂ ਨੇ ਕਿਸਾਨਾਂ ਨੂੰ ਪਸ਼ੂਆਂ ਦੇ ਚਾਰੇ ਦਾ ਪਹਿਲਾਂ ਤੋਂ ਹੀ ਇੰਤਜ਼ਾਮ ਕਰਕੇ ਰੱਖਣ ਅਤੇ ਪਸ਼ੂਆਂ ਦੀ ਫ਼ੀਡ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਚੰਗੀ ਤਰ੍ਹਾਂ ਨਾਲ ਢੱਕ ਕੇ ਰੱਖਣ ਦੀ ਵੀ ਸਲਾਹ ਦਿੱਤੀ। ਅੰਤ ਵਿੱਚ ਡਾ. ਤੰਵਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੇ.ਵੀ.ਕੇ. ਹੰਡਿਆਇਆ, ਬਰਨਾਲਾ ਕਿਸਾਨਾਂ ਨੂੰ ਲਗਾਤਾਰ ਮੌਸਮ ਦੀ ਜਾਣਕਾਰੀ ਦੇ ਕੇ ਸੁਚੇਤ ਕਰਦਾ ਰਹਿੰਦਾ ਹੈ, ਇਸ ਲਈ ਕਿਸਾਨ ਫ਼ਸਲ ਦੀ ਬਿਜਾਈ, ਖੇਤ ਨੂੰ ਪਾਣੀ ਲਾਉਣ ਅਤੇ ਸਪਰੇਅ ਕਰਨ ਤੋਂ ਪਹਿਲਾਂ ਮੀਂਹ ਦੀ ਭਵਿੱਖਬਾਣੀ ਬਾਰੇ ਜ਼ਰੂਰ ਜਾਣਕਾਰੀ ਲੈਣ।