ਰਾਜਾ ਬੋਲਿਆ 2.5 ਕਰੋੜ ਰੁਪਏ ਨਾਲ ਬੱਸ ਸਟੈਂਡ ਬਰਨਾਲਾ ਨੂੰ ਦਿੱਤੀ ਜਾਵੇਗੀ ਨਵੀਂ ਦਿੱਖ
ਸਫ਼ਰ ਦੌਰਾਨ ਆ ਰਹੀਆਂ ਸਮੱਸਿਆਵਾਂ ਸਬੰਧੀ ਬਜ਼ੁਰਗ ਔਰਤਾਂ ਨਾਲ ਕੀਤੀ ਗੱਲਬਾਤ
ਰਘਬੀਰ ਹੈਪੀ ,ਬਰਨਾਲਾ, 23 ਅਕਤੂਬਰ 2021
ਟਰਾਂਸਪੋਰਟ ਮੰਤਰੀ ਪੰਜਾਬ, ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸਵੇਰੇ ਬਰਨਾਲਾ ਬੱਸ ਸਟੈਂਡ ਅਤੇ ਪੀ.ਆਰ.ਟੀ.ਸੀ. ਵਰਕਸ਼ਾਪ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ, ਸੀਨੀਅਰ ਪੁਲਿਸ ਕਪਤਾਨ ਸ਼੍ਰੀਮਤੀ ਅਲਕਾ ਮੀਨਾ, ਐਸ.ਡੀ.ਐਮ. ਸ਼੍ਰੀ ਵਰਜੀਤ ਵਾਲੀਆ, ਚੇਅਰਮੈਨ ਇੰਮਪਰੂਵਮੈਂਟ ਟਰਸਟ ਸ਼੍ਰੀ ਮੱਖਣ ਸ਼ਰਮਾ, ਆਰ.ਟੀ.ਏ. ਸ਼੍ਰੀ ਕਰਨਬੀਰ ਸਿੰਘ ਛੀਨਾ, ਜੀ.ਐਮ. ਪੀ.ਆਰ.ਟੀ.ਸੀ. ਸ਼੍ਰੀ ਐਮ.ਪੀ. ਸਿੰਘ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਵੜਿੰਗ ਨੇ ਦੱਸਿਆ ਕਿ ਬਰਨਾਲਾ ਬੱਸ ਅੱਡੇ ਦੀਆਂ ਕਈ ਸਮੱਸਿਆਵਾਂ ਹਨ, ਜਿਨ੍ਹਾਂ ਦੇ ਹੱਲ ਲਈ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸ਼੍ਰੀ ਮੱਖਣ ਸ਼ਰਮਾ ਨੂੰ ਕਿਹਾ ਗਿਆ। ਜਿਸ ਮੌਕੇ ਸ਼੍ਰੀ ਮੱਖਣ ਸ਼ਰਮਾ ਨੇ ਯਕੀਨ ਦਵਾਇਆ ਕਿ ਬੱਸ ਅੱਡੇ ਦੇ ਸੁਧਾਰ ਲਈ 1 ਕਰੋੜ ਰੁਪਏ ਦੇ ਟੈਂਡਰ ਲਗਾਏ ਹਨ, ਜਿਸ ਤਹਿਤ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ।
ਇਸ ਉਪਰੰਤ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਵੀ ਬਰਨਾਲਾ ਦੇ ਬੱਸ ਅੱਡੇ ਲਈ 1.5 ਕਰੋੜ ਰੁਪਏ ਦਿੱਤੇ ਜਾਣਗੇ ਅਤੇ ਕੁੱਲ 2.5 ਕਰੋੜ ਰੁਪਏ (ਢਾਈ ਕਰੋੜ)ਨਾਲ ਬਰਨਾਲਾ ਦੇ ਬੱਸ ਅੱਡੇ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ।
ਇਸ ਮੌਕੇ ਕੈਬਨਿਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬਜ਼ੁਰਗ ਔਰਤਾਂ ਨਾਲ ਉਨ੍ਹਾਂ ਨੂੰ ਸਫ਼ਰ ਦੌਰਾਨ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਵੀ ਗੱਲਬਾਤ ਵੀ ਕੀਤੀ ਗਈ।