ਡੇਂਗੂ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਬਰਨਾਲਾ ਪੱਬਾਂ ਭਾਰ, ਡੇਂਗੂ ਦੀ ਰੋਕਥਾਮ ਲਈ ਲੋਕ ਲੈਣ ਅਹਿਦ: ਡਿਪਟੀ ਕਮਿਸ਼ਨਰ
–ਡੇਂਗੂ ਲਾਰਵਾ ਸਬੰਧੀ 37385 ਘਰਾਂ ਦਾ ਕੀਤਾ ਗਿਆ ਸਰਵੇ, 149 ਘਰਾਂ-ਜਨਤਕ ਥਾਵਾਂ ’ਤੇ ਲਾਰਵਾ ਮਿਲਿਆ
— ਨਗਰ ਕੌਂਸਲਾਂ ਨੇ ਹੁਣ ਤੱਕ 51 ਚਲਾਨ ਕੀਤੇ: ਐਸਡੀਐਮ
ਪਰਦੀਪ ਕਸਬਾ , ਬਰਨਾਲਾ, 11 ਅਕਤੂਬਰ 2021
ਜ਼ਿਲਾ ਬਰਨਾਲਾ ਵਿਚ ਡੇਂਗੂ ਦੀ ਰੋਕਥਾਮ ਲਈ ਜ਼ਿਲਾ ਪ੍ਰਸ਼ਾਸਨ ਬਰਨਾਲਾ ਪੱਬਾਂ ਭਾਰ ਹੈ। ਡੇਂਗੂ ਦੀ ਮੁਕੰਮਲ ਰੋਕਥਾਮ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਅਤੇ ਨਗਰ ਕੌਂਸਲਾਂ ਵੱਲੋਂ ਘਰਾਂ ਅਤੇ ਦੁਕਾਨਾਂ ਦੀ ਲਗਾਤਾਰ ਡੇਂਗੂ ਲਾਰਵਾ ਸਬੰਧੀ ਚੈਕਿੰਗ ਕੀਤੀ ਜਾ ਰਹੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲਾ ਬਰਨਾਲਾ ਦੇ 37385 ਘਰਾਂ ਦਾ ਲਾਰਵੇ ਸਬੰਧੀ ਸਰਵੇਖਣ ਕੀਤਾ ਗਿਆ ਹੈ, ਜਿਸ ਦੌਰਾਨ 149 ਘਰਾਂ ਅਤੇ ਜਨਤਕ ਥਾਵਾਂ ’ਤੇ ਲਾਰਵਾ ਮਿਲਿਆ। ਇਨਾਂ ਥਾਵਾਂ ’ਤੇ ਉਨਾਂ ਮਾਲਕਾਂ ਦੇ 51 ਚਲਾਨ ਕੱਟੇ ਗਏ ਹਨ, ਜਿਨਾਂ ਦੇ ਘਰ ਜਾਂ ਦੁਕਾਨਾਂ ’ਚ ਡੇਂਗੂ ਲਾਰਵਾ ਮਿਲਿਆ। ਨਗਰ ਕੌਂਸਲ ਬਰਨਾਲਾ ਵੱਲੋਂ ਪਹਿਲੀ ਜੁਲਾਈ ਤੋਂ ਹੁਣ ਤੱਕ 33 ਚਲਾਨ ਕੱਟੇ ਗਏ, ਭਦੌੜ ਨਗਰ ਕੌਂਸਲ ਵੱਲੋਂ ਪਿਛਲੇ ਦਿਨੀਂ 7 ਚਲਾਨ ਕੱਟੇ ਗਏ ਅਤੇ ਤਪਾ ਨਗਰ ਕੌਂਸਲ ਵੱਲੋਂ ਪਿਛਲੇ ਦਿਨੀਂ 11 ਚਲਾਨ ਕੱਟੇ ਗਏ ਹਨ। ਤਪਾ ਵਿਖੇ ਲਾਰਵਾ ਡੇਂਗੂ ਪਾਜ਼ੀਟਿਵ ਮਰੀਜ਼ ਦੇ ਘਰ ਪੁਰਾਣੇ ਟਰੱਕ ਦੇ ਟਾਇਰ ਵਿੱਚੋਂ ਡੇਗੂ ਦਾ ਲਾਰਵਾ ਮਿਲਿਆ ਸੀ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਨਗਰ ਕੌਂਸਲਾਂ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਦੀ ਰਿਪੋਰਟ ਦੇ ਆਧਾਰ ’ਤੇ ਲਾਰਵਾ ਮਿਲਣ ’ਤੇ ਚਲਾਨ ਕੀਤੇ ਜਾ ਰਹੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਅਤੇ ਕਿਤੇ ਵੀ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ। ਉਨਾਂ ਨਾਲ ਹੀ ਹਦਾਇਤ ਕੀਤੀ ਕਿ ਘਰਾਂ ਅਤੇ ਦੁਕਾਨਾਂ ’ਚ ਵਰਤੇ ਜਾਂ ਵਾਲੇ ਕੂਲਰਾਂ ਦੀ ਵੀ ਲਗਾਤਾਰ ਸਫਾਈ ਕੀਤੀ ਜਾਵੇ। ਉਨਾਂ ਦੱਸਿਆ ਕਿ ਨਗਰ ਕੌਂਸਲਾਂ ਵੱਲੋਂ ਮੱਛਰ ਦੇ ਖਾਤਮੇ ਲਈ ਫੌਗਿੰਗ ਵੀ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲਾ ਬਰਨਾਲਾ ’ਚ 11 ਡੇਂਗੂ ਪਾਜ਼ੀਟਿਵ ਮਰੀਜ਼ ਮਿਲੇ ਹਨ, ਜਿਨਾਂ ਵਿੱਚੋਂ 9 ਦਾ ਇਲਾਜ ਹੋ ਚੁੱਕਾ ਹੈ ਤੇ 2 ਇਲਾਜ ਅਧੀਨ ਹਨ।