ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਾਦਲ ਦੀ ਕੋਠੀ ਦੇ ਚਾਰੇ ਗੇਟਾਂ ਦਾ ਘਿਰਾਓ
ਪਰਦੀਪ ਕਸਬਾ , ਲੰਬੀ 9 ਅਕਤੂਬਰ 2021
ਨਰਮਾ ਅਤੇ ਹੋਰ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਬਾਦਲ ਵਿਖੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਨੇਡ਼ੇ ਚੱਲ ਰਿਹਾ ਕਿਸਾਨ ਮੋਰਚੇ ਵੱਲੋਂ ਅੱਜ ਪੱਕੇ ਤੌਰ ਤੇ ਮਨਪ੍ਰੀਤ ਦੀ ਕੋਠੀ ਦੇ ਦੋ ਗੇਟਾਂ ਦਾ ਘਿਰਾਓ ਕਰ ਲਿਆ ਗਿਆ ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸੂਬੇ ਵੱਲੋਂ ਪੰਜ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਨਰਮਾ ਦੇ ਹੋਏ ਵੱਡੇ ਨੁਕਸਾਨ ਦੇ ਮੁਆਵਜ਼ੇ ਨੂੰ ਲੈ ਕੇ 5 ਅਕਤੂਬਰ ਤੋਂ ਨਰਮਾ ਅਤੇ ਹੋਰ ਫਸਲਾਂ ਦੇ ਖ਼ਰਾਬੇ ਦਾ ਨੁਕਸਾਨ ਸੱਠ ਹਜ਼ਾਰ ਰੁਪਏ ਪ੍ਰਤੀ ਏਕੜ ਮੌਕੇ ਤੇ ਕਾਸ਼ਤਕਾਰਾਂ ਨੂੰ ਦਿਵਾਉਣ , ਮਜ਼ਦੂਰਾਂ ਨੂੰ ਨਰਮੇ ਦੀ ਫ਼ਸਲ ਤੋਂ ਰੁਜ਼ਗਾਰ ਨਾ ਮਿਲਣ ਕਰ ਕੇ ਤੀਹ ਹਜ਼ਾਰ ਰੁਪਏ ਪ੍ਰਤੀ ਰੁਜ਼ਗਾਰ ਉਜਾੜਾ ਭੱਤਾ ਦਿਵਾਉਣ , ਨਰਮੇ ਦੇ ਖ਼ਰਾਬੇ ਕਾਰਨ ਖੁਦਕਸ਼ੀ ਕਰ ਗਏ
ਕਿਸਾਨਾਂ ਦੇ ਪਰਿਵਾਰਾਂ ਦੱਸ ਲੱਖ ਰੁਪਏ ਮੁਆਵਜਾ ਤੁਰੰਤ, ਇਕ ਸਰਕਾਰੀ ਨੌਕਰੀ ਲੈਣ ਅਤੇ ਉੁਨ੍ਹਾਂ ਪਰਿਵਾਰਾਂ ਸਿਰ ਚੜ੍ਹਿਆ ਸਾਰਾ ਕਰਜ਼ਾ ਖਤਮ ਕਰਵਾਉਣ , ਨਕਲੀ ਬੀਜ, ਸਪਰੇਹਾਂ ਵੇਚਣ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਮਨਪ੍ਰੀਤ ਬਾਦਲ ਦੀ ਰਿਹਾਇਸ਼ ਦੇ ਬਾਹਰ ਮੋਰਚਾ ਲਾਇਆ ਹੋਇਆ ਸੀ ਜਿਸ ਦੌਰਾਨ ਕੱਲ੍ਹ ਡਿਪਟੀ ਕਮਿਸ਼ਨਰ ਮੁਕਤਸਰ ਨਾਲ ਸਵੇਰੇ 11 ਵਜੇ ਤੋਂ 2 ਵਜੇ ਤਕ ਦੋ ਪਡ਼ਾਵਾਂ ਚ ਚੱਲੀ ਗੱਲਬਾਤ ਦੌਰਾਨ ਅੱਜ 9 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਮੁੱਖ ਸਕੱਤਰਾਂ ਨਾਲ ਮਸਲਿਆਂ ਦੇ ਹੱਲ ਲਈ ਮੀਟਿੰਗ ਤੈਅ ਕੀਤੀ ਗਈ ਸੀ
ਪਰ ਕੱਲ੍ਹ ਸ਼ਾਮ ਨੂੰ ਸੱਤ ਵਜੇ ਹੀ ਡਿਪਟੀ ਕਮਿਸ਼ਨਰ ਮੁਕਤਸਰ ਵੱਲੋਂ ਅੱਜ ਵਾਲੀ ਮੀਟਿੰਗ ਦਾ ਜਵਾਬ ਦੇ ਕੇ ਦੁਬਾਰਾ 13 ਅਕਤੂਬਰ ਨੂੰ ਪੰਜਾਬ ਸਰਕਾਰ ਨਾਲ ਮੀਟਿੰਗ ਕਰਨ ਦੀ ਤਜਵੀਜ਼ ਭੇਜ ਦਿੱਤੀ ਤਾਂ ਕਿਸਾਨ ਆਗੂਆਂ ਅਤੇ ਕਿਸਾਨਾਂ ਦਾ ਸਰਕਾਰ ਪ੍ਰਤੀ ਰੋਹ ਬਹੁਤ ਜ਼ਿਆਦਾ ਵਧ ਗਿਆ ਅਤੇ ਅੱਜ ਬਾਰਾਂ ਵਜੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪੰਜਾਂ ਜ਼ਿਲ੍ਹਿਆਂ ਦੇ ਆਗੂਆਂ ਦੀ ਮੀਟਿੰਗ ਕੀਤੀ ਗਈ ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਲਏ ਫ਼ੈਸਲੇ ਮੁਤਾਬਕ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸਟੇਜ ਤੋਂ ਐਲਾਨ ਕੀਤਾ ਕਿ ਖ਼ਜ਼ਾਨਾ ਮੰਤਰੀ ਦੀ ਕੋਠੀ ਦਾ ਦੋਨੋਂ ਗੇਟਾਂ ਦਾ ਘਿਰਾਓ ਕੀਤਾ ਜਾਵੇ ਤਾਂ ਕੁਝ ਮਿੰਟਾਂ ਵਿੱਚ ਹੀ ਕਿਸਾਨਾਂ ਨੇ ਕੋਠੀ ਅੱਗੇ ਲਾਏ ਦੋਨੇਂ ਬੈਰੀਗੇਟ ਤੋੜਦੇ ਹੋਏ ਕੋਠੀ ਦੇ ਦੋਨੋਂ ਗੇਟਾਂ ਦਾ ਮੁਕੰਮਲ ਤੌਰ ਤੇ ਘਿਰਾਓ ਕਰ ਲਿਆ।ਉਨ੍ਹਾਂ ਕਿਹਾ ਕਿ ਪੰਜਾਬ ਦੇ ਪਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੇਤੀ ਕਾਨੂੰਨਾਂ ਦੇ ਘਾੜੇ ਕਿਸਾਨਾਂ ਦੇ ਵਿਰੋਧੀ ਭਾਜਪਾ ਦੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਆਪਣੇ ਬੇਟੇ ਦੇ ਵਿਆਹ ਤੇ ਸੱਦ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ।
ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਸਖ਼ਤ ਵਿਰੋਧ ਕਰਨ ਦੇ ਸੱਦੇ ਤਹਿਤ ਮੁੱਖ ਮੰਤਰੀ ਪੰਜਾਬ ਵੱਲੋਂ ਭਾਜਪਾ ਦੇ ਮੁੱਖ ਮੰਤਰੀ ਨੂੰ ਵਿਆਹ ਚ ਬੁਲਾਉਣ ਤੇ ਪੰਜਾਬ ਦਾ ਮਾਹੌਲ ਖ਼ਰਾਬ ਵੀ ਹੋ ਸਕਦਾ ਹੈ । ਜ਼ਿਲ੍ਹਾ ਬਠਿੰਡਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ,ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ,ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਗੁਰਭੇਜ ਸਿੰਘ , ਜ਼ਿਲ੍ਹਾ ਮੁਕਤਸਰ ਦੇ ਆਗੂ ਗੁਰਪਾਸ਼ ਸਿੰਘ ਸਿੰਘੇਵਾਲਾ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਨੱਥਾ ਸਿੰਘ ਰੋੜੀਕਪੂਰਾ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਪੰਜ ਦਿਨਾਂ ਤੋਂ ਕਿਸਾਨਾਂ ਮਜ਼ਦੂਰਾਂ ਨੂੰ ਅਣਗੌਲਿਆਂ ਕਰਨ ਤੇ ਸਰਕਾਰ ਪ੍ਰਤੀ ਕਿਸਾਨਾਂ ਮਜ਼ਦੂਰਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਹ ਗੁੱਸਾ ਨਰਮਾ ਤੇ ਹੋਰ ਖ਼ਰਾਬ ਹੋਈਆਂ ਫ਼ਸਲਾਂ ਦਾ ਪੂਰਾ ਮੁਆਵਜ਼ਾ ਲੈਣ ਤੋਂ ਬਾਅਦ ਹੀ ਇੱਕ ਵਾਰ ਸ਼ਾਂਤ ਹੋਵੇਗਾ ।ਅੱਜ ਦੇ ਧਰਨੇ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਔਰਤ ਕਿਸਾਨ ਜਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ ਵੀ ਸੰਬੋਧਨ ਕੀਤਾ।