Skip to content
- Home
- ਬਰਨਾਲਾ ਦੀ ਦਾਣਾ ਮੰਡੀ ‘ਚ ਸਾਮਰਾਜ ਵਿਰੋਧੀ ਕਾਨਫਰੰਸ ਮੌਕੇ ਲੁੱਟ ਤੇ ਦਾਬੇ ਤੋਂ ਮੁਕਤੀ ਲਈ ਜੂਝਣ ਦਾ ਹੋਕਾ
Advertisement
ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਸਾਮਰਾਜੀ ਜੋਕਾਂ ਤੋਂ ਮੁਕਤੀ ਜੱਦੋ-ਜਹਿਦ ਜ਼ਾਰੀ ਰੱਖਾਂਗੇ -ਉਗਰਾਹਾਂ
ਹਰਿੰਦਰ ਨਿੱਕਾ/ਰਘਬੀਰ ਹੈਪੀ/ਅਦੀਬ ਗੋਇਲ, ਬਰਨਾਲਾ 28 ਸਤੰਬਰ 2021
ਅੱਜ ਸ਼ਹੀਦ ਭਗਤ ਸਿੰਘ ਦੇ 114ਵੇਂ ਜਨਮ ਦਿਹਾੜੇ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ “ਸਾਮਰਾਜ ਵਿਰੋਧੀ ਕਾਨਫਰੰਸ” ਮੌਕੇ ਕਿਸਾਨਾਂ, ਖੇਤ ਮਜ਼ਦੂਰਾਂ, ਔਰਤਾਂ ਤੇ ਨੌਜਵਾਨਾਂ ਦਾ ਜਨ-ਸੈਲਾਬ ਉਮੜ ਆਇਆ । ਇਸ ਮੌਕੇ ਦੋ ਲੱਖ ਦੇ ਕਰੀਬ ਜੁੜੇ ਇਕੱਠ ‘ਚ ਔਰਤਾਂ ਤੇ ਨੌਜਵਾਨਾਂ ਦੀ ਦਹਿ ਹਜ਼ਾਰਾਂ ਦੀ ਸ਼ਮੂਲੀਅਤ ਸਾਮਰਾਜੀ ਲੁੱਟ ਅਤੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਬਾਰੇ ਉਹਨਾਂ ਦੀ ਵਧੀ ਹੋਈ ਚੇਤਨਾ ਦਾ ਝਲਕਾਰਾ ਹੋ ਨਿੱਬੜੀ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੇਸ਼ ਵਾਸੀਆਂ ਨੂੰ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਅੱਜ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਕਿਰਤੀ ਕਮਾਊ ਲੋਕਾਂ ਨੂੰ ਦਰਪੇਸ਼ ਕਰਜ਼ੇ, ਖੁਦਕੁਸ਼ੀਆਂ, ਗ਼ਰੀਬੀ, ਮਹਿੰਗਾਈ ਤੇ ਬੇਰੁਜ਼ਗਾਰੀ ਵਰਗੀਆਂ ਅਲਾਮਤਾਂ ਦੀ ਅਹਿਮ ਵਜ੍ਹਾ ਦੇਸ਼ ਉੱਤੇ ਸਾਮਰਾਜੀ ਮੁਲਕਾਂ ਦੇ ਲੁੱਟ ਤੇ ਦਾਬੇ ਦਾ ਕਾਇਮ ਰਹਿਣਾ ਅਤੇ ਵਧਦੇ ਜਾਣਾ ਹੈ। ਜਿਸਦੇ ਖ਼ਾਤਮੇ ਲਈ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਜਾਨਾਂ ਕੁਰਬਾਨ ਕੀਤੀਆਂ ਸਨ।ਉਹਨਾਂ ਕਿਹਾ ਕਿ ਕਾਲੇ ਖੇਤੀ ਕਾਨੂੰਨ ਵੀ ਸਾਮਰਾਜੀ ਦੇਸ਼ਾਂ ਵੱਲੋਂ ਸਾਡੇ ਮੁਲਕ ‘ਤੇ ਦੇਸ਼ ਦੇ ਹਾਕਮਾਂ ਰਾਹੀਂ ਮੜ੍ਹੀਆਂ ਲੋਕ ਵਿਰੋਧੀ ਨੀਤੀਆਂ ਦਾ ਹੀ ਇੱਕ ਹਿੱਸਾ ਹਨ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਸਮੇਤ ਕਿਸਾਨਾਂ ਮਜ਼ਦੂਰਾਂ ਦੀ ਖੁਸ਼ਹਾਲੀ ਤੇ ਪੁੱਗਤ ਸਥਾਪਤੀ ਦੇ ਲਈ ਸਾਡੇ ਮਹਾਨ ਨਾਇਕ ਭਗਤ ਸਿੰਘ ਵੱਲੋਂ ਸਾਮਰਾਜੀ ਲੁੱਟ ਤੇ ਦਾਬੇ ਦੇ ਖਾਤਮੇ ਲਈ ਦਰਸਾਏ ਰਾਹ ‘ਤੇ ਸਾਬਤ ਕਦਮੀਂ ਅੱਗੇ ਵਧਣਾ ਮੌਜੂਦਾ ਘੋਲ਼ ਦੀ ਅਣਸਰਦੀ ਲੋੜ ਹੈ। ਉਹਨਾਂ ਐਲਾਨ ਕੀਤਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਹਨਾਂ ਤੋਂ ਪ੍ਰੇਰਣਾ ਲੈਕੇ ਨਾ ਸਿਰਫ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ ਸਗੋਂ ਖੇਤੀ ਕਿੱਤੇ ਅਤੇ ਮੁਲਕ ਨੂੰ ਚਿੰਬੜੀਆਂ ਸਾਮਰਾਜੀ ਜੋਕਾਂ ਅਤੇ ਉਹਨਾਂ ਦੇ ਦੇਸੀ ਜੋਟੀਦਾਰਾਂ ਦੀ ਲੁੱਟ ਤੋਂ ਮੁਕਤੀ ਤੱਕ ਜੱਦੋ-ਜਹਿਦ ਜ਼ਾਰੀ ਰੱਖੀ ਜਾਵੇਗੀ।
ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਭਾਰਤ ਬੰਦ ਦੇ ਸੱਦੇ ਨੂੰ ਸਮੂਹ ਪੰਜਾਬੀਆਂ ਵੱਲੋਂ ਦਿੱਤੇ ਭਰਵੇਂ ਹੁੰਗਾਰੇ ਲਈ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਕੁਰਬਾਨੀ ਦੇ ਸਿੱਟੇ ਵਜੋਂ ਉਸ ਤੋਂ ਬਾਅਦ ਦੇਸ਼ ਦੇ ਅੰਦਰ ਉੱਠੇ ਵਿਸ਼ਾਲ ਤੇ ਤਿੱਖੇ ਵਿਦਰੋਹ ਸਦਕਾ ਭਾਵੇਂ ਸੰਨ ਸੰਤਾਲੀ ‘ਚ ਅੰਗਰੇਜ਼ ਸਿੱਧੇ ਤੌਰ ਤਾਂ ਭਾਰਤ ਚੋਂ ਚਲੇ ਗਏ ਪਰ ਸਾਮਰਾਜ ਨਹੀਂ ਗਿਆ ਸਗੋਂ ਬਰਤਾਨਵੀ ਸਾਮਰਾਜ ਦੇ ਨਾਲ ਨਾਲ ਅਨੇਕਾਂ ਸਾਮਰਾਜੀ ਮੁਲਕਾਂ ਅਤੇ ਕੰਪਨੀਆਂ ਦਾ ਗਲਬਾ ਅਤੇ ਲੁੱਟ ਤੇ ਦਾਬਾ ਕਈ ਗੁਣਾਂ ਹੋਰ ਵਧ ਗਿਆ ਹੈ।
ਉਹਨਾਂ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਦੇਸ਼ ਦੇ ਸਾਰੇ ਅਮੀਰ ਕੁਦਰਤੀ ਸਰੋਤਾਂ ਜਲ ,ਜੰਗਲ ਜ਼ਮੀਨਾਂ, ਪਾਣੀ, ਖਾਣਾਂ,, ਏਅਰ ਇੰਡੀਆ, ਰੇਲਵੇ ਤੇ ਸਮੇਤ ਸਟੀਲ ਅਥਰਾਟੀ ਵਰਗੇ ਸਰਕਾਰੀ ਅਦਾਰਿਆਂ ਨੂੰ ਸਾਮਰਾਜੀ ਮੁਲਕਾਂ ਤੇ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਝੋਲੀ ਪਾ ਦਿੱਤਾ ਹੈ ਅਤੇ ਹੁਣ ਸਾਮਰਾਜੀ ਗਿਰਝਾਂ ਮੋਦੀ ਹਕੂਮਤ ਦੀਆਂ ਦੇਸ਼ ਧ੍ਰੋਹੀ ਨੀਤੀਆਂ ਦੀ ਬਦੌਲਤ ਕਾਲੇ ਖੇਤੀ ਕਾਨੂੰਨਾਂ ਰਾਹੀਂ ਖੇਤੀ ਪੈਦਾਵਾਰ, ਮੰਡੀਕਰਨ ਸਿਸਟਮ ਅਤੇ ਸਮੁੱਚੀ ਖ਼ੁਰਾਕ ਪ੍ਰਨਾਲੀ ਉਤੇ ਮੁਕੰਮਲ ਤੌਰ ਤੇ ਕਾਬਜ਼ ਹੋਣ ਲਈ ਮੰਡਲਾ ਰਹੀਆਂ ਹਨ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰ ਤੇ ਰਾਹ ਸਾਨੂੰ ਦੱਸਦਾ ਹੈ ਕਿ ਸਾਮਰਾਜ ਤੋਂ ਮੁਕਤੀ ਲਈ ਪਰਾਲੀਮੈਟਾਂ ਤੇ ਅਸੰਬਲੀਆਂ ਤੋਂ ਝਾਕ ਛੱਡ ਕੇ ਜਾਤਾਂ – ਧਰਮਾਂ ਫਿਰਕਿਆਂ ਆਦਿ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਵਿਸ਼ਾਲ ਸਿਰੜੀ ਤੇ ਸਾਂਝੇ ਘੋਲਾਂ ਦੇ ਰਾਹੀਂ ਹੀ ਮੁਕਤੀ ਦੇ ਰਾਹ ਅੱਗੇ ਵਧਿਆ ਜਾ ਸਕਦਾ ਹੈ।
ਯੂਨੀਅਨ ਦੇ ਮਹਿਲਾ ਵਿੰਗ ਦੀ ਸੂਬਾਈ ਆਗੂ ਹਰਿੰਦਰ ਬਿੰਦੂ ਨੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਔਰਤਾਂ ਦੇ ਅਥਾਹ ਤੇ ਵਿਲੱਖਣ ਰੋਲ ਦੀ ਚਰਚਾ ਕਰਦਿਆਂ ਕਿਹਾ ਕਿ ਔਰਤਾਂ ਦੀ ਬਰਾਬਰ ਦੀ ਭਾਈਵਾਲੀ ਤੋਂ ਬਿਨਾਂ ਦੇਸ ਦੇ ਅੰਦਰੋਂ ਸਾਮਰਾਜੀਆਂ ਤੇ ਉਹਨਾਂ ਦੇ ਜੋਟੀਦਾਰਾਂ ਦੀ ਲੁੱਟ ਦਾ ਖਾਤਮਾ ਸੰਭਵ ਨਹੀਂ। ਉਹਨਾਂ ਕਿਹਾ ਕਿ ਮੌਜੂਦਾ ਕਿਸਾਨ ਘੋਲ ਨੇ ਸਾਬਤ ਕਰ ਦਿੱਤਾ ਹੈ ਕਿ ਔਰਤਾਂ ਘੋਲਾਂ ਦੀ ਅਗਵਾਈ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਭਗਤ ਸਿੰਘ ਵੱਲੋਂ ਅੰਗਰੇਜ਼ੀ ਸਾਮਰਾਜ ਤੋਂ ਮੁਕਤੀ ਲਈ ਮਜ਼ਦੂਰਾਂ ਕਿਸਾਨਾਂ ਦੀ ਜੋਟੀ ਅਤੇ ਜਮਾਤੀ ਸੰਘਰਸ਼ ਦੇ ਮਹੱਤਵ ਦੀ ਚਰਚਾ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਜਮਾਤੀ ਸੰਘਰਸ਼ ਨੇ ਮੋਦੀ ਸਰਕਾਰ ਦੇ ਫ਼ਿਰਕੂ, ਜਾਤਪਾਤੀ ਤੇ ਅੰਨ੍ਹੇ ਰਾਸ਼ਟਰਵਾਦ ਰਾਹੀਂ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ।
ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਘੁੱਦਾ ਤੇ ਪੀ ਐਸ ਯੂ ਸ਼ਹੀਦ ਰੰਧਾਵਾ ਦੇ ਹੁਸ਼ਿਆਰ ਸਿੰਘ ਸਲੇਮਗੜ੍ਹ ਨੇ ਭਗਤ ਸਿੰਘ ਦਾ ਨੌਜਵਾਨਾਂ ਦੇ ਨਾਂਅ ਸੁਨੇਹਾ ਸਾਂਝਾ ਕਰਦਿਆਂ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੀ ਸਾਮਰਾਜ ਵਿਰੋਧੀ ਵਿਰਾਸਤ ‘ਤੇ ਪਹਿਰਾ ਦੇਣ ਦਾ ਸੱਦਾ ਦਿੱਤਾ।
ਇਸ ਮੌਕੇ ਅਧਿਆਪਕ ਜਥੇਬੰਦੀ ਡੀ ਟੀ ਐਫ ਦੇ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਤੋਂ ਇਲਾਵਾ ਹਰਿਆਣਾ ਦੇ ਉੱਘੇ ਕਿਸਾਨ ਆਗੂ ਜੋਗਿੰਦਰ ਘਾਸੀ ਰਾਮ ਨੈਣ ਤੇ ਬੀਕੇਯੂ ਏਕਤਾ ਉਗਰਾਹਾਂ ਦੀ ਹਰਿਆਣਾ ਕਮੇਟੀ ਦੇ ਆਗੂ ਮਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਕਲਮ ਤੋਂ ਲਿਖੇ ਗੀਤ ਭਗਤ ਸਿੰਘ ਦਾ ਸੁਨੇਹਾ ‘ਤੇ ਪੀਪਲਜ ਆਰਟ ਥੀਏਟਰ (ਸਤਪਾਲ) ਵੱਲੋਂ ਪੇਸ਼ ਕੋਰੀਓਗਰਾਫੀ ਰਾਹੀਂ ਕਲਮ,ਕਲਾਂ ਅਤੇ ਲੋਕ ਸੰਗਰਾਮ ਦੀ ਜੋਟੀ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਗਿਆ।ਪਲਸ ਮੰਚ ਦੀਆਂ ਟੀਮਾਂ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ,ਲੋਕ ਸੰਗੀਤ ਮੰਡਲੀ ਧੌਲਾ ਅਤੇ ਲੋਕ ਸੰਗੀਤ ਮੰਡਲੀ ਮਸਾਣੀ ਦੇ ਧਰਮਿੰਦਰ ਮਸਾਣੀ ਨੇ ਗੀਤ ਸੰਗੀਤ ਰਾਹੀਂ ਸਾਮਰਾਜ ਵਿਰੋਧੀ ਕਾਨਫਰੰਸ ਦੇ ਸੁਨੇਹੇ ਨੂੰ ਗਾਇਨ ਕਲਾ ਰਾਹੀਂ ਪੇਸ਼ ਕੀਤਾ ਗਿਆ।
ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਵੱਲੋਂ ਮੰਚ ਤੋਂ ਪੇਸ਼ ਕੀਤੇ ਮਤਿਆਂ ਨੂੰ ਪੰਡਾਲ ਵੱਲੋਂ ਹੱਥ ਖੜ੍ਹੇ ਕਰਕੇ ਪਾਸ ਕਰਦਿਆਂ ਮੰਗ ਕੀਤੀ ਗਈ ਕਿ ਜਲਿਆਂ ਵਾਲਾ ਬਾਗ਼ ਦਾ ਇਤਿਹਾਸਕ ਮੂਲ ਸਰੂਪ ਬਹਾਲ ਕੀਤਾ ਜਾਵੇ, ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ , ਮੰਗੀਆਂ ਗਈਆਂ ਜ਼ਮੀਨੀ ਫਰਦਾਂ ਦੇ ਹੁਕਮ ਵਾਪਸ ਲਾਏ ਜਾਣ ,ਨਰਮੇ ਦੀ ਫਸਲ ਦੀ ਹੋਈ ਬਰਬਾਦੀ ਦਾ ਕਿਸਾਨਾਂ ਨੂੰ 60 ਰੁਪਏ ਏਕੜ ਦੇ ਹਿਸਾਬ ਤੇ ਪ੍ਰਤੀ ਮਜ਼ਦੂਰ ਪਰਿਵਾਰ 30 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਨਕਲੀ ਕੀਟਨਾਸ਼ਕ ਵੇਚਣ ਵਾਲੇ ਡੀਲਰਾ ਤੇ ਕੰਪਨੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਉਘੇ ਚਿੰਤਕ ਡਾਕਟਰ ਸੁਰਜੀਤ ਲੀਅ, ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਬੂਟਾ ਸਿੰਘ ਨਵਾਂ ਸ਼ਹਿਰ, ਉੱਘੇ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਪਰਿਵਾਰ ਦੇ ਮੈਂਬਰ ਤੇ ਰੰਗ ਕਰਮੀ ਬਿੱਟੂ ਮਾਨਸਾ, ਤਰਕਸ਼ੀਲ ਆਗੂ ਰਾਜਿੰਦਰ ਭਦੌੜ,ਅਮਿਤ ਮਿੱਤਰ ਤੇ ਰਾਮ ਸਵਰਨ ਲੱਖੇਵਾਲੀ , ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾਕਟਰ ਮਨਜਿੰਦਰ ਸਿੰਘ ਸਰਾਂ ਤੇ ਉੱਘੇ ਕਹਾਣੀਕਾਰ ਅਤਰਜੀਤ ਸਿੰਘ ਸਮੇਤ ਹੋਰ ਕਈ ਉੱਘੀਆਂ ਸਖਸ਼ੀਅਤਾਂ ਵੀ ਮੌਜੂਦ ਸਨ।
Advertisement
Advertisement
Advertisement
Advertisement
Advertisement
error: Content is protected !!