ਡੀਸੀ ਫੂਲਕਾ ਨੇ ਸੇਵਾ ਕੇਂਦਰਾਂ, ਸਿੱਖਿਆ ਵਿਭਾਗ ਤੇ ਮਾਲ ਵਿਭਾਗ ਨੂੰ ਤਾਲਮੇਲ ਬਿਹਤਰ ਬਣਾਉਣ ਲਈ ਕਿਹਾ
ਸਰਕਲ ਰੈਵੇਨਿਊ ਅਫਸਰਾਂ ਨੂੰ ਰਿਕਵਰੀ ਵਿੱਚ ਤੇਜ਼ੀ ਲਿਆਉਣ ’ਤੇ ਜ਼ੋਰ
ਵੱਖ ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਡਿਪਟੀ ਕਮਿਸ਼ਨਰ ਨੇ ਮਹੀਨਾਵਾਰ ਮੀਟਿੰਗਾਂ ‘ਚ ਲਿਆ ਜਾਇਜਾ
ਹਰਿੰਦਰ ਨਿੱਕਾ , ਬਰਨਾਲਾ, 7 ਸਤੰਬਰ 2021
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਵਿਭਾਗੀ ਕੰਮਾਂ/ਸਕੀਮਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗਾਂ ਕੀਤੀਆਂ। ਇਸ ਮੌਕੇ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਉਨਾਂ ਲੋਕਾਂ ਦੇ ਕੰਮਾਂ ਨੂੰ ਸਮਾਂਬੱਧ ਤਰੀਕੇ ਨਾਲ ਕਰਵਾਉਣ ’ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਵੱਖ ਵੱਖ ਵਜ਼ੀਫਾ ਸਕੀਮਾਂ ਦਾ ਲਾਭ ਲੈਣ ਲਈ ਵਿਦਿਆਰਥੀ ਆਮ ਤੌਰ ’ਤੇ ਜਾਤੀ ਜਾਂ ਆਮਦਨ ਸਰਟੀਫਿਕੇਟ ਸੇਵਾ ਕੇਂਦਰਾਂ ਵਿਚ ਅਪਲਾਈ ਕਰਦੇ ਹਨ ਤੇ ਸਬੰਧਤ ਵਿਭਾਗ ਇਹ ਸੇਵਾਵਾਂ ਸਮਾਂਬੱਧ ਤਰੀਕੇ ਨਾਲ ਮੁੁਹੱਈਆ ਕਰਾਉਣ। ਉਨਾਂ ਮਾਲ ਵਿਭਾਗ ਦੇ ਅਧਿਕਾਰੀਆਂ, ਸਿੱਖਿਆ ਵਿਭਾਗ ਤੇ ਸੇਵਾ ਕੇਂਦਰਾਂ ਦੇ ਅਮਲੇ ਨੂੰ ਤਾਲਮੇਲ ਹੋਰ ਬਿਹਤਰ ਬਣਾਉਣ ਲਈ ਆਖਿਆ ਤਾਂ ਜੋ ਲੋਕਾਂ ਨੂੰ ਸੇਵਾਵਾਂ ਦੇਣ ਵਿਚ ਕੋਈ ਦੇਰੀ ਨਾ ਹੋਵੇ।ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੀ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਬਕਾਇਆ ਕੇਸਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਅਤੇ ਸਰਕਲ ਰੈਵੇਨਿਊ ਅਫਸਰਾਂ ਨੂੰ ਰਿਕਵਰੀ ਕੰਮਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਈ-ਡਿਸਟਿ੍ਰਕਟ ਪ੍ਰੋਗਰਾਮ/ਈ-ਆਫਿਸ ਪ੍ਰੋਗਰਾਮ ਦੀ ਮੀਟਿੰਗ ਦੌਰਾਨ ਸ੍ਰੀ ਫੂਲਕਾ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਵਧੀਆ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਾਗੂ ਕੀਤੇ ਈ-ਆਫਿਸ ਪ੍ਰੋਜੈਕਟ ਤਹਿਤ ਪੈਂਡੇਸੀ ਨੂੰ ਨਾਲੋ-ਨਾਲ ਖਤਮ ਕੀਤਾ ਜਾਵੇ। ਇਸ ਮੌਕੇ ਉਨਾਂ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਤੋਂ ਸੜਕਾਂ ਦੀ ਮੁਰੰਮਤ ਦੇ ਕੰਮ ਦਾ ਜਾਇਜ਼ਾ ਵੀ ਲਿਆ ਅਤੇ ਬਕਾਇਆ ਕੰਮ ਛੇਤੀ ਸ਼ੁਰੂ ਕਰਵਾਉਣ ਦੀ ਹਦਾਇਤ ਕੀਤੀ।
ਇਸ ਮੌਕੇ ‘ਬੇਟੀ ਬਚਾਓ, ਬੇਟੀ ਪੜਾਓ’ ਅਧੀਨ ਪ੍ਰਾਜੈਕਟਾਂ ਬਾਰੇ ਜ਼ਿਲਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਨੇ ਦੱੱਸਿਆ ਕਿ ਬਰਨਾਲਾ ਸ਼ਹਿਰ ਵਿਚ ਬਣੇ ‘ਸਖੀ-ਵੰਨ ਸਟਾਪ ਸੈਂਟਰ’ ਘਰੇਲੂ ਹਿੰਸਾ ਆਦਿ ਤੋਂ ਪੀੜਤ ਔਰਤਾਂ ਨੂੰ ਕਾਨੂੰਨੀ, ਮੈਡੀਕਲ ਤੇ ਮਨੋਵਿਗਿਆਨਕ ਸਹਾਇਤਾ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਸਖੀ ਸੈਂਟਰ ਵਿਚ ਜੂਨ 2021 ਵਿਚ 7, ਜੁਲਾਈ 2021 ਵਿਚ 11 ਤੇ ਅਗਸਤ 2021 ਵਿਚ ਵੀ 11 ਕੇਸ ਰਜਿਸਟਰਡ ਹੋਏ ਹਨ ਤੇ ਇਨਾਂ ਵਿਚੋਂ ਕ੍ਰਮਵਾਰ 13 ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਮਿਤ ਬੈਂਬੀ, ਐਸਡੀਐਮ ਸ੍ਰੀ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ (ਜ) ਦੇਵਦਰਸ਼ਦੀਪ ਸਿੰਘ, ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ, ਜ਼ਿਲਾ ਮਾਲ ਅਫਸਰ ਜਸਕਰਨ ਸਿੰਘ, ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ, ਮੁੱਖ ਖੇਤੀਬਾੜੀ ਅਫਸਰ ਚਰਨਜੀਤ ਸਿੰਘ ਕੈਂਥ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਤੇਆਵਾਸਪ੍ਰੀਤ ਕੌਰ, ਸਥਾਨਕ ਸਰਕਾਰਾਂ ਵਿਭਾਗ, ਮੰਡੀ ਬੋਰਡ, ਲੋਕ ਨਿਰਮਾਣ ਵਿਭਾਗ, ਤਹਿਸੀਲਦਾਰ ਬਰਨਾਲਾ, ਤਪਾ ਤੇ ਨਾਇਬ ਤਹਿਸੀਲਦਾਰ ਹਾਜ਼ਰ ਸਨ।