ਧੂਮਧਾਮ ਨਾਲ ਮਨਾਇਆ ਜਾਵੇਗਾ ਸੁਤੰਤਰਤਾ ਦਿਹਾੜਾ-ਕੰਵਰਜੀਤ ਸਿੰਘ
ਬੀਟੀਐਨ, ਫਾਜ਼ਿਲਕਾ, 9 ਅਗਸਤ 2021
ਦੇਸ਼ ਦਾ ਸੁਤੰਤਰਤਾ ਦਿਵਸ ਜ਼ਿਲਾ ਪੱਧਰ ਤੇ ਮਨਾਉਣ ਲਈ ਅਗੇਤੀਆਂ ਤਿਆਰੀਆਂ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ:ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ ਜਨਰਲ ਸ:ਕੰਵਰਜੀਤ ਸਿੰਘ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।
ਇਸ ਬੈਠਕ ਵਿਚ ਉਨਾਂ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਹਰ ਸਾਲ ਦੀ ਤਰਾਂ ਸਾਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕੀਤੀਆਂ ਜਾਣ। ਉਨਾਂ ਨੇ ਇਸ ਮੌਕੇ ਕਿਹਾ ਕਿ ਇਸ ਵਾਰ ਦਾ ਅਜਾਦੀ ਦਿਹਾੜਾ ਹੋਰ ਵੀ ਖਾਸ ਹੈ ਕਿਉਂਕਿ ਅਜਾਦੀ ਦਾ 75ਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਅਗਲੇ ਪੂਰੇ ਇਕ ਸਾਲ ਦੌਰਾਨ ਵੀ ਵੱਖ ਵੱਖ ਪੱਧਰ ਤੇ ਸਮਾਗਮ ਹੁੰਦੇ ਰਹਿਣਗੇ। ਉਨਾਂ ਨੇ ਕਿਹਾ ਕਿ ਜ਼ਿਲਾ ਪੱਧਰ ਦੇ ਇਸ ਸਮਾਗਮ ਨੂੰ ਪੂਰੇ ਕੌਮੀ ਜਜਬੇ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ।
ਬੈਠਕ ਦੌਰਾਨ ਐਸਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਪੁਲਿਸ ਵਿਭਾਗ ਦੀਆਂ ਤਿੰਨ ਟੁਕੜੀਆਂ ਅਤੇ ਪੰਜਾਬ ਹੋਮਗਾਰਡ ਦੀ ਇਕ ਟੁਕੜੀ ਪਰੇਡ ਵਿਚ ਭਾਗ ਲਵੇਗੀ। ਜਦ ਕਿ ਐਨਸੀਸੀ ਅਤੇ ਸਕਾਊਟਸ ਦੀਆਂ ਵੀਆਂ ਚਾਰ ਟੁਕੜੀਆਂ ਪਰੇਡ ਦਾ ਹਿੱਸਾ ਬਣਨਗੀਆਂ।
ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਨੇ ਵਿਭਾਗਾਂ ਨੂੰ ਸਰਕਾਰੀ ਸਕੀਮਾਂ ਨੂੰ ਦਰਸਾਉਂਦੇ ਫਲੈਕਸ ਲਗਾਉਣ ਅਤੇ ਸਰਕਾਰੀ ਸਕੀਮਾਂ ਸਬੰਧੀ ਝਾਂਕੀਆਂ ਤਿਆਰ ਕਰਨ ਲਈ ਵੀ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ। ਸਹਾਇਕ ਕਮਿਸ਼ਨਰ ਜਨਰਲ ਨੇ ਦੱਸਿਆ ਕਿ 13 ਅਗਸਤ ਨੂੰ ਫੁੱਲ ਡ੍ਰੈਸ ਰਿਹਰਸਲ ਹੋਵੋਗੀ ਅਤੇ ਸਾਰੇ ਵਿਭਾਗ ਉਸਤੋਂ ਪਹਿਲਾਂ ਪਹਿਲਾਂ ਸਾਰੀਆਂ ਤਿਆਰੀਆਂ ਕਰਨੀਆਂ ਯਕੀਨੀ ਬਣਾਉਣਗੇ।