ਫਾਇਰ ਸੇਫਟੀ ਨਿਯਮਾਂ ਨੂੰ ਛਿੱਕੇ ਟੰਗ ਕੇ ਖਤਰਿਆਂ ਨਾਲ ਖੇਡ ਰਹੇ ਸ਼ਹਿਰ ਦੀਆਂ ਵਪਾਰਕ ਇਮਾਰਤਾਂ ਬਣਾਉਣ ਵਾਲੇ
ਵੱਡੀ ਕਾਰਵਾਈ- ਫਾਇਰ ਅਫਸਰ ਨੇ ਜਿੰਮ, ਆਈ.ਐਲਸ ਸੈਂਟਰਾਂ ਅਤੇ ਵਪਾਰਕ ਸਾਈਟਾਂ ਨੂੰ ਜਾਰੀ ਕੀਤੇ ਨੋਟਿਸ
ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ -ਫਾਇਰ ਅਫਸਰ
ਹਰਿੰਦਰ ਨਿੱਕਾ, ਬਰਨਾਲਾ, 6 ਅਗਸਤ 2021
ਫਾਇਰ ਸੇਫਟੀ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਚਾਰ ਛਿੱਲੜ ਬਚਾਉਣ ਦੇ ਚੱਕਰ ਵਿੱਚ ਸ਼ਹਿਰ ਅੰਦਰ ਵੱਡੀਆਂ ਵਪਾਰਿਕ ਇਮਾਰਤਾਂ ਦੀ ਉਸਾਰੀ ਕਰਨ ਵਾਲੇ ਧਨਾਢ ਵਿਅਕਤੀ ਲੋਕਾਂ ਦੀਆਂ ਜਾਨਾਂ ਨਾਲ ਖੇਡਕੇ ਲੋਕਾਂ ਅਤੇ ਸ਼ਹਿਰ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੇ ਹਨ। ਫਾਇਰ ਸੇਫਟੀ ਨਿਯਮਾਂ ਨੂੰ ਨਜਰਅੰਦਾਜ਼ ਕਰਕੇ ਧੜਾਧੜ ਉਸਰਦੀਆਂ ਇਮਾਰਤਾਂ ਕਿਸੇ ਸਮੇਂ ਵੀ ਸ਼ਹਿਰ ਅੰਦਰ ਕਿਸੇ ਵੱਡੀ ਘਟਨਾ ਦਾ ਕਾਰਣ ਬਣ ਸਕਦੀਆਂ ਹਨ। ਅਜਿਹੀਆਂ ਇਮਾਰਤਾਂ ਵਾਲਿਆਂ ਨੂੰ ਨਕੇਲ ਪਾਉਣ ਲਈ ਹੁਣ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਕਮਰ ਕਸ ਲਈ ਹੈ। ਪਤਾ ਲੱਗਿਆ ਹੈ ਕਿ ਫਾਇਰ ਅਫਸਰ ਨੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਵੱਡੇ ਪੱਧਰ ਤੇ ਨੋਟਿਸ ਜ਼ਾਰੀ ਕਰਕੇ, ਵੱਡੀ ਕਾਨੂੰਨੀ ਕਾਰਵਾਈ ਕਰਨ ਲਈ ਮੁੱਢ ਬੰਨ੍ਹ ਦਿੱਤਾ ਹੈ।
ਫਾਇਰ ਅਫਸਰ ਦਾ ਕਹਿਣਾ ਹੈ ਕਿ ਫਾਇਰ ਸੇਫਟੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਪਤਾ ਲੱਗਿਆ ਹੈ ਕਿ ਫਾਇਰ ਸੇਫਟੀ ਅਫਸਰ ਵੱਲੋਂ ਸ਼ਹਿਰ ਦੇ ਜਿੰਮ, ਆਈ.ਲੈਟਸ ਸੈਂਟਰ ਅਤੇ ਹੋਰ ਵਪਾਰਕ ਸਾਈਟਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਪੁੱਛਣ ਤੇ ਫਾਇਰ ਸੇਫਟੀ ਅਫਸਰ ਨੇ ਦੱਸਿਆ ਕਿ ਨਿਯਮਾਂ ਅਨੁਸਾਰ, ਜੇਕਰ ਸ਼ਹਿਰ ਵਿੱਚ ਕੋਈ ਵੀ ਵਪਾਰਕ ਇਮਾਰਤ ਬਣਾਈ ਜਾਂਦੀ ਹੈ, ਤਾਂ ਉਸਨੂੰ ਪਹਿਲਾਂ ਅਸਥਾਈ ਫਾਇਰ ਸੇਫਟੀ ਸਰਟੀਫਿਕੇਟ ਪ੍ਰਾਪਤ ਕਰਨਾ ਲਾਜ਼ਿਮੀ ਹੁੰਦਾ ਹੈ। ਜਿਸ ਵਿੱਚ ਇਮਾਰਤ ਦੇ ਨਿਰਮਾਤਾ ਨੂੰ ਵਿਭਾਗ ਦੁਆਰਾ ਦੱਸਿਆ ਜਾਂਦਾ ਹੈ ਕਿ ਇਮਾਰਤ ਦੇ ਨਕਸ਼ੇ ਅਨੁਸਾਰ ਕਿੰਨ੍ਹੇ ਅਤੇ ਕਿੱਥੇ ਕਿੱਥੇ ਅੱਗ ਤੋਂ ਸੁਰੱਖਿਆ ਲਈ ਉਪਕਰਣ ਲਗਾਏ ਜਾਣਗੇ। ਪਰ ਸ਼ਹਿਰ ਵਿੱਚ ਬਣ ਰਹੀਆਂ ਲੱਗਭੱਗ ਬਹੁਤੀਆਂ ਵਪਾਰਕ ਇਮਾਰਤਾਂ ਦਾ ਨਿਰਮਾਣ ਕਰਨ ਵਾਲਿਆਂ ਨੇ ਪ੍ਰੋਵੀਜ਼ਨਲ ਫਾਇਰ ਸੇਫਟੀ ਸਰਟੀਫਿਕੇਟ ਪ੍ਰਾਪਤ ਹੀ ਨਹੀਂ ਕੀਤਾ ਹੈ। ਜੋ ਕਿ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਗਲਤ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ ਕਰੋਨਾ ਮਹਾਂਮਾਰੀ ਦੌਰਾਨ ਸਾਰੀਆਂ ਵਪਾਰਕ ਸਾਈਟਾਂ ਬੰਦ ਸਨ। ਪਰ ਹੁਣ ਇਹ ਦੁਬਾਰਾ ਖੁੱਲ੍ਹ ਗਈਆਂ ਹਨ। ਜਿੱਥੇ ਲੋਕਾਂ ਦੀ ਭੀੜ ਹਰ ਸਮੇਂ ਲੱਗੀ ਰਹਿੰਦੀ ਹੈ। ਉਨਾਂ ਖਦਸ਼ਾ ਪ੍ਰਗਟਾਇਆ ਕਿ ਜੇਕਰ ਕਿੱਧਰੇ ਅੱਗ ਲੱਗਣ ਦੀ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ। ਤਾਂ ਇਸ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਲਈ, ਵਿਭਾਗ ਨੇ ਤੁਰੰਤ ਐਕਸਨ ਵਿੱਚ ਆਉਂਦੇ ਹੋਏ, ਸਾਰਿਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਅੱਗ ਸੁਰੱਖਿਆ ਦੇ ਉਪਕਰਣ ਪੂਰੇ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਜਿੰਮ ਬਹੁਮੰਜ਼ਿਲਾ ਇਮਾਰਤਾਂ ਦੀ ਸ਼ਿਖਰ ਤੇ ਸਥਾਪਿਤ ਹਨ। ਕਿਸੇ ਕੋਲ ਵੀ ਫਾਇਰ ਸੇਫਟੀ ਸਰਟੀਫਿਕੇਟ ਨਹੀਂ ਹੈ। ਸ਼ਹਿਰ ਦੇ ਲਗਭਗ ਅੱਧੇ ਆਈ.ਲੈਟਸ ਸੈਂਟਰਾਂ ਕੋਲ ਵੀ ਸਰਟੀਫਿਕੇਟ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਨਵੇਂ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ। ਜੋ ਵੀ ਨਿਯਮਾਂ ਅਨੁਸਾਰ ਕੰਮ ਨਹੀਂ ਕਰੇਗਾ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਫਾਇਰ ਸੇਫਟੀ ਨਿਯਮਾਂ ਅਨੁਸਾਰ ਹਰ ਕਮਰਸ਼ੀਅਲ ਬਿਲਡਿੰਗ ਦੇ ਨਿਰਮਾਣ ਤੋਂ ਪਹਿਲਾਂ ਨਕਸ਼ਾ ਪਾਸ ਕਰਵਾਉਣ ਵੇਲੇ ਹੀ ਫਾਇਰ ਬ੍ਰਿਗੇਡ ਵਿਭਾਗ ਦੇ ਸਮਰੱਥ ਅਧਿਕਾਰੀ ਪਾਸੋਂ ਪ੍ਰੋਵੀਜ਼ਨਲ ਸਰਟੀਫਿਕੇਟ ਲੈਣਾ ਜਰੂਰੀ ਹੁੰਦਾ ਹੈ।