ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 306ਵਾਂ ਦਿਨ
ਦੇਸ਼ ਭਰ ‘ਚ ਫੈਲਿਆ ਅੰਦੋਲਨ; ਕਰਨਾਟਕਾ ਸਮੇਤ ਕਈ ਸੂਬਿਆਂ ‘ਚੋਂ ਕਿਸਾਨਾਂ ਦੇ ਜਥੇ ਦਿੱਲੀ ਪਹੁੰਚੇ।
ਪ੍ਰਕਾਸ਼ ਪੁਰਬ ਮੌਕੇ ਅੱਠਵੇਂ ਸਿੱਖ ਗੁਰੂ, ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਸਿਜਦਾ ਕੀਤਾ ਗਿਆ।
ਪਰਦੀਪ ਕਸਬਾ, ਬਰਨਾਲਾ: 1 ਅਗੱਸਤ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 306ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਦੇਸ਼ ਦੇ ਉਚ-ਕੋਟੀ ਚਿੰਤਕਾਂ, ਸਾਬਕਾ ਸਿਵਲ ਅਧਿਕਾਰੀਆਂ, ਅਰਥ- ਸ਼ਾਸਤਰੀਆਂ ਤੇ ਜੱਜਾਂ ਆਦਿ ਵੱਲੋਂ ਕਿਸਾਨ ਸੰਸਦ ਵਿੱਚ ਸ਼ਮੂਲੀਅਤ ਦੀ ਸ਼ਲਾਘਾ ਕਰਦੇ ਹੋਏ ਇਹ ਨੂੰ ਹਾਂ-ਪੱਖੀ ਵਰਤਾਰਾ ਦੱਸਿਆ।
ਪੰਜਾਬ ਤੋਂ ਵੀ ਸਾਬਕਾ ਸਿਵਲ ਅਧਿਕਾਰੀਆਂ ਦਾ ਇੱਕ ਵੱਡਾ ਜਥਾ ਕਿਸਾਨ ਸੰਸਦ ਵਿੱਚ ਹਿੱਸਾ ਲੈਣ ਲਈ ਅਗਲੇ ਦਿਨੀਂ ਦਿੱਲੀ ਲਈ ਰਵਾਨਾ ਹੋਵੇਗਾ। ਦੇਸ਼, ਵਿਦੇਸ਼ ਦੇ ਉਘੇ ਚਿੰਤਕ ਤੇ ਅਰਥ-ਸ਼ਾਸਤਰੀ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਬਿਆਨ ਦੇਣ ਅਤੇ ਅੰਦੋਲਨ ਵਿੱਚ ਸਰਗਰਮ ਸ਼ਮੂਲੀਅਤ ਕਰਨ ਲਈ ਅੱਗੇ ਆ ਰਹੇ ਹਨ। ਕਿਸਾਨ ਸੰਸਦ ਵਿੱਚ ਹੋਰ ਰਹੀ ਉਚ-ਪਾਏ ਦੀ ਬਹਿਸ ਨੇ ਖੇਤੀ ਕਾਨੂੰਨਾਂ ਦਾ ਲੋਕ-ਵਿਰੋਧੀ ਖਾਸਾ ਹੋਰ ਨੰਗਾ ਕੀਤਾ ਹੈ। ਇਸ ਸੰਸਦ ਨੇ ਲੋਕਾਂ ਨੂੰ ਉਸ ਹਕੀਕੀ ਜਮਹੂਰੀਅਤ ਦੀ ਝਲਕ ਦਿਖਾਈ ਹੈ ਜਿਸ ਜਮਹੂਰੀਅਤ ਵਿੱਚ ਸੱਚੀਂਮੁੱਚੀ ਸਾਰੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਂਦੀ ਹੈ। ਅੱਜ ਅਠਵੇਂ ਸਿੱਖ ਗੁਰੂ, ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਦੇ ਪ੍ਰਕਾਸ਼ ਪੁਰਬ ਹੈ। ਇਸ ਮੌਕੇ ਬੁਲਾਰਿਆਂ ਨੇ ਉਨ੍ਹਾਂ ਦੇ ਜੀਵਨ ਤੇ ਸਿਖਿਆਵਾਂ ‘ਤੇ ਚਾਣਨਾ ਪਾਇਆ ਅਤੇ ਸਿਜਦਾ ਕੀਤਾ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਗੁਰਨਾਮ ਸਿੰਘ ਠੀਕਰੀਵਾਲਾ, ਨਛੱਤਰ ਸਿੰਘ ਸਹੌਰ, ਨਰੈਣ ਦੱਤ,ਮੇਲਾ ਸਿੰਘ ਕੱਟੂ, ਪ੍ਰੇਮਪਾਲ ਕੌਰ,ਪਰਮਜੀਤ ਕੌਰ ਠੀਕਰੀਵਾਲਾ, ਬਲਵੀਰ ਕੌਰ ਕਰਮਗੜ੍ਹ, ਬਲਜੀਤ ਸਿੰਘ ਚੌਹਾਨਕੇ, ਰਣਧੀਰ ਸਿੰਘ ਰਾਜਗੜ੍ਹ, ਗੋਰਾ ਸਿੰਘ ਢਿੱਲਵਾਂ, ਬਾਬੂ ਸਿੰਘ ਖੁੱਡੀ ਕਲਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ‘ਚੋਂ ਕਿਸਾਨ ਦਿੱਲੀ ਧਰਨਿਆਂ ਵਿੱਚ ਪਹੁੰਚ ਰਹੇ ਹਨ। ਪਿਛਲੇ ਦਿਨੀਂ ਕਰਨਾਟਕਾ ਤੋਂ ਇੱਕ ਵੱਡਾ ਜਥਾ ਦਿੱਲੀ ਪਹੁੰਚਿਆ। ਪੰਜਾਬ ‘ਚੋਂ ਹਰ ਰੋਜ਼ ਕਿਸਾਨ ਦਿੱਲੀ ਵਲ ਕੂਚ ਕਰ ਰਹੇ ਹਨ। ਇਹ ਵਰਤਾਰਾ ਕਿਸਾਨ ਅੰਦੋਲਨ ਦੀ ਮਜਬੂਤੀ, ਸਥਿਰਤਾ ਤੇ ਵਿਆਪਕਤਾ ਦਾ ਸੂਚਕ ਹੈ ਅਤੇ ਉਨ੍ਹਾਂ ਲੋਕਾਂ ਦੇ ਮੂੰਹ ‘ਤੇ ਚਪੇੜ ਹੈ ਜੋ ਕਹਿ ਰਹੇ ਸਨ ਕਿ ਕਿਸਾਨ ਅੰਦੋਲਨ ਕਮਜ਼ੋਰ ਪੈ ਰਿਹਾ ਹੈ। ਅੱਜ ਸ਼ੇਰ ਸਿੰਘ ਗਿੱਲ ਦੁੱਗਾਂ ਤੇ ਅਜਮੇਰ ਸਿੰਘ ਅਕਲੀਆ ਨੇ ਇਨਕਲਾਬੀ ਗੀਤ ਪੇਸ਼ ਕੀਤੇ।