ਦਲਿਤ ਪੱਤਾ ਖੇਡਣ ਵਾਲੀ ਬਸਪਾ ਕੀ ਜੋੜ ਸਕੇਗੀ ਜਨਰਲ ਵੋਟ
ਗੁਰਸੇਵਕ ਸਿੰਘ ਸਹੋਤਾ, ਹਰਪਾਲ ਪਾਲੀ ਵਜੀਦਕੇ , ਮਹਿਲ ਕਲਾਂ 31 ਜੁਲਾਈ 2021
2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਗਿਣਤੀਆਂ ਮਿਣਤੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿੱਥੇ ਵੱਖ ਵੱਖ ਪਾਰਟੀਆਂ ਆਪਣੀਆਂ ਤਿਆਰੀਆਂ ਚ ਜੁਟੀਆਂ ਹੋਈਆਂ ਹਨ, ਉਥੇ ਗੱਠਜੋੜ ਅਤੇ ਦਲ ਬਦਲੂਆਂ ਦਾ ਰੁਝਾਨ ਸਿਖਰ ਤੇ ਹੈ। ਕਾਂਗਰਸ ਜਿੱਥੇ ਆਪਣੇ ਦਮ ਤੇ ਚੋਣ ਲੜੇਗੀ, ਉਥੇ ਆਮ ਆਦਮੀ ਪਾਰਟੀ ਵੱਲੋਂ ਵੀ ਕਿਸੇ ਸਿਆਸੀ ਧਿਰ ਨਾਲ ਗੱਠਜੋੜ ਦੀਆਂ ਕਨਸੋਆਂ ਹਨ, ਜਦਕਿ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਨਾਲ ਆਪਣਾ ਸਿਆਸੀ ਗੱਠਜੋੜ ਕਰਕੇ ਲਗਾਤਾਰ ਹਾਰਨ ਵਾਲੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਨੂੰ ਬਸਪਾ ਲਈ ਰਾਖਵਾਂ ਰੱਖ ਦਿੱਤਾ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਮੀਟਿੰਗਾਂ ਕਰਕੇ ਤਾਲਮੇਲ ਕਮੇਟੀ ਬਣਾਉਣ ਲਈ ਕੰਮ ਕਰ ਰਹੇ ਹਨ।
ਹਲਕਾ ਮਹਿਲ ਕਲਾਂ ਦੇ ਲੋਕਾਂ ਵਿਚ ਚਰਚਾ ਇਹ ਵੀ ਹੈ ਕਿ ਹਰ ਵਾਰ ਦਲਿਤ ਪੱਤਾ ਖੇਡ ਕੇ ਚੋਣਾਂ ਲੜਨ ਵਾਲੀ ਬਹੁਜਨ ਸਮਾਜ ਪਾਰਟੀ ਕੀ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਜਨਰਲ ਵੋਟ ਬੈਂਕ ਆਪਣੇ ਖਾਤੇ ਵਿਚ ਭੁਗਤਾਉਣ ਲਈ ਸਫ਼ਲ ਹੋਵੇਗੀ ? ਦਲਿਤ ਭਾਈਚਾਰੇ ਚ ਵੀ ਆਪਣਾ ਆਧਾਰ ਗਵਾ ਚੁੱਕੀ ਬਸਪਾ ਕੀ ਹਲਕੇ ਨਾਲ ਸਬੰਧਤ ਉਮੀਦਵਾਰ ਹੀ ਚੋਣ ਮੈਦਾਨ ਵਿੱਚ ਉਤਾਰੇਗੀ ? ਭਾਵੇਂ ਕਿ ਗੱਠਜੋੜ ਵੱਲੋਂ ਕਿਸੇ ਵੀ ਉਮੀਦਵਾਰ ਜਾਂ ਹਲਕਾ ਇੰਚਾਰਜ ਦਾ ਅੈਲਾਨ ਨਹੀਂ ਕੀਤਾ ਗਿਆ, ਪਰ ਆਪਣੇ ਵੱਲੋਂ ਹੀ ਹਲਕਾ ਇੰਚਾਰਜ ਬਣ ਕੇ ਆਏ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਦੀਆਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਸਨ। ਬਹੁਜਨ ਸਮਾਜ ਪਾਰਟੀ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਸਮਾਗਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਪਰ ਟਿਕਟ ਦੇ ਚਾਹਵਾਨ ਆਗੂ ਵੱਲੋਂ ਇਸ ਪ੍ਰੋਗਰਾਮ ਨੂੰ ਹਲਕਾ ਮਹਿਲ ਕਲਾਂ ਚ ਤਬਦੀਲ ਕਰਕੇ ਆਪਣੀ ਸਾਖ ਬਣਾਉਣ ਦੇ ਯਤਨ ਕੀਤੇ ਸਨ। ਗੱਠਜੋੜ ਵੱਲੋਂ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ, ਪਰ ਟੋਲ ਪਲਾਜ਼ਾ ਮਹਿਲ ਕਲਾਂ ਤੇ ਪੱਕਾ ਮੋਰਚਾ ਲਗਾ ਕੇ ਬੈਠੇ ਕਿਸਾਨਾਂ ਨੇ ਭਿਣਕ ਲੱਗਦਿਆਂ ਹੀ ਇਸ ਰੋਸ ਪ੍ਰਦਰਸ਼ਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਰ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਆੜ ਚ ਸਿਆਸੀ ਰੋਟੀਆਂ ਸੇਕਣ ਵਾਲੇ ਇਸ ਆਗੂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ।
ਉਸ ਦਿਨ ਤੋਂ ਉਸ ਨੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਦੂਰੀਆਂ ਬਣਾਈਆਂ ਹੋਈਆਂ ਹਨ। ਭਾਵੇਂ ਕਿ ਜਨਰਲ ਸਕੱਤਰ ਹੋਣ ਦੇ ਬਾਵਜੂਦ ਹੋਰ ਪਾਰਟੀ ਉਮੀਦਵਾਰ ਚੋਣ ਮੈਦਾਨ ਵਿੱਚ ਨਾ ਆਉਣ ਦੇ ਡਰੋਂ ਆਉਦੇ ਦਿਨਾਂ ਚ ਜ਼ਿਲ੍ਹਾ ਇਕਾਈ ਭੰਗ ਕਰਨ ਦੀਆਂ ਕਨਸੋਆਂ ਵੀ ਮਿਲ ਰਹੀਆਂ ਹਨ। ਸੂਤਰਾਂ ਮੁਤਾਬਕ ਇਸ ਆਗੂ ਵੱਲੋਂ ਜ਼ਿਲ੍ਹਾ ਇਕਾਈ ਭੰਗ ਕਰ ਕੇ ਆਪਣੇ ਲਈ ਰਾਹ ਪੱਧਰਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਇਸ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਦਾ ਪਤਾ ਆਉਂਦੇ ਦਿਨਾਂ ਵਿੱਚ ਲੱਗ ਜਾਵੇਗਾ। ਸਬੂਤ ਵਜੋਂ ਇਕ ਮਜਬੂਤ ਦਾਅਵੇਦਾਰ ਤੇ ਪੜ੍ਹੇ ਲਿਖੇ ਬਹੁਜਨ ਸਮਾਜ ਪਾਰਟੀ ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਲਦੇਵ ਸਿੰਘ ਬੀਹਲਾ ਖ਼ਿਲਾਫ਼ ਚਮਕੌਰ ਸਿੰਘ ਵੀਰ ਦੇ ਤਾਜ਼ੇ ਬਿਆਨ ਨੂੰ ਦੇਖਿਆ ਜਾ ਸਕਦਾ ਹੈ। ਜਿਸ ਵਿੱਚ ਬਲਦੇਵ ਸਿੰਘ ਬੀਹਲਾ ਨੂੰ ਪਾਰਟੀ ਵਰਕਰ ਮੰਨਣ ਤੋਂ ਹੀ ਸਾਫ਼ ਇਨਕਾਰ ਦੇਖਿਆ ਜਾ ਸਕਦਾ ਹੈ। ਭਾਵੇਂ ਕਿ ਕਿਸਾਨ ਆਗੂ ਸਾਰੀਆਂ ਹੀ ਰਾਜਨੀਤਕ ਧਿਰਾਂ ਦਾ ਵਿਰੋਧ ਕਰਨ ਦੀ ਗੱਲ ਕਰ ਰਹੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਹੋਏ ਇਸ ਵਿਰੋਧ ਤੋਂ ਬਾਅਦ ਸਾਰੀਆਂ ਹੀ ਰਾਜਨੀਤਕ ਧਿਰਾਂ ਸੋਚ ਵਿਚਾਰ ਕੇ ਪੈਰ ਧਰਨ ਲਈ ਮਜਬੂਰ ਹਨ।
ਭਾਵੇਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਅਜਿਹਾ ਕੋਈ ਰਾਜਨੀਤਕ ਪ੍ਰੋਗਰਾਮ ਨਹੀਂ ਉਲੀਕਿਆ ਗਿਆ ਸੀ, ਪਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਵੱਲੋਂ ਜਲਦਬਾਜ਼ੀ ਵਿੱਚ ਕੀਤੀ ਗ਼ਲਤੀ ਨੇ ਚੋਣ ਲੜਨ ਦੇ ਚਾਹਵਾਨਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਜੁਝਾਰੂ ਲੋਕਾਂ ਦੀ ਧਰਤੀ ਮਹਿਲ ਕਲਾਂ ਚ ਰਾਜਨੀਤਕ ਸਰਗਰਮੀਆਂ ਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ ਤੇ ਕਿਸਾਨ ਜਥੇਬੰਦੀਆਂ ਦੀ ਤਾਕਤ ਰਾਜਨੀਤਕ ਧਿਰਾਂ ਤੇ ਭਾਰੂ ਪੈਂਦੀ ਦਿਖਾਈ ਦੇ ਰਹੀ ਹੈ। ਆਉਂਦੇ ਦਿਨਾਂ ਵਿੱਚ ਕੀ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ, ਪਰ ਗੱਠਜੋੜ ਵੱਲੋਂ ਕੀਤੀ ਗਲਤੀ ਤੋਂ ਦੂਜੀਆਂ ਰਾਜਨੀਤਕ ਧਿਰਾਂ ਸਬਕ ਜ਼ਰੂਰ ਲੈ ਰਹੀਆਂ ਹਨ।
Advertisement