ਕੁਲਵੰਤ ਸਿੰਘ ਟਿੱਬਾ ਅਤੇ ਕਿਸਾਨ ਆਗੂ ਹਰਦਾਸਪੁਰਾ ਨੇ ਮੌਕੇ ਦਾ ਜਾਇਜ਼ਾ ਲਿਆ
ਪੁਲ ਦੇ ਨਿਰਮਾਣ ਵਿੱਚ ਦੇਰੀ ਬਣੀ ਪਿੰਡ ਵਾਸੀਆਂ ਲਈ ਜੀਅ ਦਾ ਜੰਜਾਲ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ 25 ਜੁਲਾਈ
ਮਹਿਲ ਕਲਾਂ ਦੇ ਨੇੜਲੇ ਪਿੰਡ ਮੂੰਮ ਵਿਖੇ ਇੱਕ ਡਰੇਨ ਦੇ ਉਸਾਰੀ ਅਧੀਨ ਪੁਲ, ਪਿੰਡ ਮੂੰਮ ਅਤੇ ਗਾਗੇਵਾਲ ਦੇ ਲੋਕਾਂ ਲਈ ਜੀਅ ਦਾ ਜੰਜਾਲ ਬਣ ਚੁੱਕਿਆ ਹੈ।ਪੁੱਲ ਦੀ ਉਸਾਰੀ ਦੇ ਕੰਮ ਵਿੱਚ ਹੋ ਰਹੀ ਬੇਲੋੜੀ ਦੇਰੀ ਅਤੇ ਨਿੱਤ ਦਿਨ ਵਾਪਰ ਰਹੇ ਹਾਦਸਿਆਂ ਕਾਰਨ ਪਿੰਡ ਵਾਸੀ ਪ੍ਰੇਸ਼ਾਨੀ “ਚੋਂ ਲੰਘ ਰਹੇ ਹਨ। ਚੱਕ ਦਾ ਪੁੱਲ ਤੋਂ ਪਿੰਡ ਸੱਦੋਵਾਲ ਤੇ ਗਾਗੇਵਾਲ ਵਿਚਕਾਰ ਡਰੇਨ ਤੇ ਨਵੇਂ ਬਣਾਏ ਜਾ ਰਹੇ ਪੁੱਲ ਦੇ ਨਿਰਮਾਣ ਵਿੱਚ ਹੋ ਰਹੀ ਦੇਰੀ, ਠੇਕੇਦਾਰ ਵੱਲੋਂ ਆਰਜੀ ਲਾਂਘਾ ਨਾ ਬਣਾਉਣ ਵਿਰੁੱਧ ਪਿੰਡ ਮੂੰਮ, ਸੱਦੋਵਾਲ ਤੇ ਗਾਗੇਵਾਲ ਦੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਸਬੰਧਿਤ ਠੇਕੇਦਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਆਗੂ ਜਗਰਾਜ ਸਿੰਘ ਹਰਦਾਸਪੁਰਾ ਤੇ “ਹੋਪ ਫਾਰ ਮਹਿਲ ਕਲਾਂ” ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਨਿਰਮਾਣ ਅਧੀਨ ਪੁਲ ਦੀ ਉਸਾਰੀ ਦਾ ਕੰਮ ਬੜੀ ਧੀਮੀ ਗਤੀ ਨਾਲ ਚੱਲ ਰਿਹਾ ਹੈ ਅਤੇ ਸਬੰਧਤ ਠੇਕੇਦਾਰ ਵੱਲੋਂ ਆਰਜ਼ੀ ਲਾਂਘਾ ਸਹੀ ਢੰਗ ਨਾਲ ਨਾ ਬਣਾਉਣ ਕਰਕੇ ਕਈ ਰਾਹਗੀਰ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਹਰਦਾਸਪੁਰਾ ਅਤੇ ਟਿੱਬਾ ਨੇ ਕਿਹਾ ਕਿ ਸਬੰਧਤ ਠੇਕੇਦਾਰ ਦੀ ਅਣਗਹਿਲੀ ਕਾਰਨ ਜ਼ਖ਼ਮੀ ਹੋਏ ਰਾਹਗੀਰਾਂ ਲਈ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ।
ਪਿੰਡ ਵਾਸੀਆਂ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਸਹੀ ਢੰਗ ਨਾਲ ਲਾਂਘਾ ਉਪਲੱਬਧ ਨਾ ਕਰਵਾਉਣ ਕਰਕੇ ਪਿੰਡ ਮੂੰਮ ਦੇ ਕਿਸਾਨਾਂ ਨੂੰ ਪੁਲ ਤੋਂ ਪਾਰ ਵਾਲੇ ਪਾਸੇ ਆਪਣੇ ਖੇਤਾਂ ਵਿੱਚ ਜਾਣ ਲਈ ਦੱਸ ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਹੈ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਇਸ ਪੁਲ ਬਾਰੇ ਉਨ੍ਹਾਂ ਵੱਲੋਂ ਪੀਡਬਲਯੂਡੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ ,ਜਿਨ੍ਹਾਂ ਵੱਲੋਂ ਅਧੂਰੇ ਪਏ ਕੰਮ ਨੂੰ ਜਲਦੀ ਹੀ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲੌਰ ਸਿੰਘ ਮੂੰਮ, ਅਮਰਜੀਤ ਸਿੰਘ ਗਾਗੇਵਾਲ, ਸੁਖਮਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਬੀਰ ਜੱਸੀ ਗਾਗੇਵਾਲ, ਰੂਪ ਸਿੰਘ ਮੂੰਮ, ਕੁਲਵਿੰਦਰ ਸਿੰਘ, ਅਮਨਦੀਪ ਸਿੰਘ ਰਾਏਸਰ ਪੰਜਾਬ, ਰੁਪਿੰਦਰਪਾਲ ਸਿੰਘ, ਅਰਸ਼ਦੀਪ ਸਿੰਘ ਚਹਿਲ, ਪ੍ਰੀਤਕਮਲ ਸਿੰਘ ਚਹਿਲ,ਕੁਲਵਿੰਦਰ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ,ਹਰਬੰਸ ਸਿੰਘ ਆਦਿ ਆਗੂ ਵੀ ਹਾਜ਼ਰ ਸਨ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧੀ ਜਦੋਂ ਸਬੰਧਤ ਮਹਿਕਮੇ ਦੇ ਜੇ ਈ ਪਰਮਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਡੇ ਘਰ ਦੇ ਵਿਚ ਕਿਸੇ ਦੀ ਮੌਤ ਹੋ ਗਈ ਸੀ ਇਸ ਲਈ ਇਸ ਸਬੰਧੀ ਮੈਂ ਕੋਈ ਗੱਲ ਨਹੀਂ ਕਰ ਸਕਦਾ ।
ਪੂਰੇ ਮਾਮਲੇ ਸਬੰਧੀ ਜਦੋਂ ਉਕਤ ਪੁਲ ਦੇ ਠੇਕੇਦਾਰ ਜਗਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ ,ਤੇ ਮੌਕੇ ਤੇ ਹਾਜ਼ਰ ਉਨ੍ਹਾਂ ਦੇ ਕਰਿੰਦੇ ਵੱਲੋਂ ਕੋਈ ਵੀ ਠੋਸ ਜਵਾਬ ਨਹੀਂ ਦਿੱਤਾ ਗਿਆ ।