ਦੁਨੀਆਂ ਅੰਦਰ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ – ਹਰਿੰਦਰ ਨਿੱਕਾ
ਰਘਵੀਰ ਹੈਪੀ , ਬਰਨਾਲਾ 18 ਜੁਲਾਈ 2021
ਸੱਚ ਬੋਲਣ ਵਾਲੇ ਵਿਅਕਤੀਆਂ ਨੂੰ ਭਾਵੇਂ ਦੁਨੀਆਂ ਵਿੱਚ ਥੋੜ੍ਹੀ ਦੇਰ ਲਈ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ,ਪਰੰਤੂ ਦੁਨੀਆਂ ਅੰਦਰ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ । ਇਸ ਸਮਾਜ ਅੰਦਰ ਸੱਚ ਬੋਲਣ ਵਾਲੇ ਅਤੇ ਸਚਾਈ ਦੇ ਕਦਰਦਾਨ ਲੋਕਾਂ ਦੀ ਵੀ ਕੋਈ ਘਾਟ ਨਹੀਂ ਹੈ । ਜੋ ਕਿ ਸੱਚ ਬੋਲਣ ਵਾਲਿਆਂ ਦੀ ਹਮੇਸ਼ਾਂ ਹੌਸਲਾ ਅਫਜ਼ਾਈ ਕਰਦੇ ਹਨ ।
ਬਰਨਾਲਾ ਸ਼ਹਿਰ ਅੰਦਰ ਮੋਟਰ ਗੈਰਜ ਚਲਾ ਰਹੇ ਸੁਖਦੀਪ ਸਿੰਘ ਗੋਲਡੀ,ਗੁਰਜੰਟ ਸਿੰਘ ਜੰਟੀ, ਹਰਜੀਤ ਸਿੰਘ ਮਿੰਟੂ ਨੇ ਬੀਤੀ ਅੱਠ ਮਈ ਨੂੰ ਬਰਨਾਲਾ ਦੇ ਆਈਟੀਆਈ ਚੌਕ ਵਿਚ ਸਥਿਤ ਇੱਕ ਪੈਟਰੋਲ ਪੰਪ ਉੱਪਰੋਂ ਆਪਣੀ ਗੱਡੀ ਵਿਚ ਪੰਜ ਸੌ ਰੂਪੈ ਦਾ ਡੀਜ਼ਲ ਪਾਓਣ ਲਈ ਵਰਕਰ ਨੂੰ ਪੰਜ ਸੌ ਰੁਪਏ ਦਿੱਤੇ ਸਨ ,ਪ੍ਰੰਤੂ ਉਸ ਨੇ ਗੱਡੀ ਦੇ ਵਿੱਚ ਡੀਜ਼ਲ ਪਾਉਣ ਦੀ ਬਜਾਏ ਤੇਲ ਟੈਂਕ ਦਾ ਢੱਕਣ ਖੋਲ੍ਹ ਕੇ ਉਸੇ ਤਰ੍ਹਾਂ ਹੀ ਦੁਵਾਰਾ ਢੱਕਣ ਬੰਦ ਕਰ ਦਿੱਤਾ ਸੀ। ਪ੍ਰੰਤੂ ਡੀਜ਼ਲ ਨਹੀਂ ਪਾਇਆ । ਉਨ੍ਹਾਂ ਨੇ ਥੋੜ੍ਹੀ ਦੂਰ ਜਾ ਕੇ ਜਦੋਂ ਆਇਲ ਗੇਜ ਵੱਲ ਨਿਗ੍ਹਾ ਮਾਰੀ ਤਾਂ ਅਹਿਸਾਸ ਹੋਇਆ ਕਿ ਗੱਡੀ ਵਿੱਚ ਤੇਲ ਨਹੀਂ ਪਾਇਆ ਗਿਆ । ਉਹ ਉਸੇ ਸਮੇਂ ਵਾਪਸ ਆ ਕੇ ਪੈਟਰੋਲ ਪੰਪ ਦੇ ਮਾਲਕ ਨੂੰ ਕਹਿਣ ਲੱਗੇ ਕਿ ਤੁਸੀਂ ਗੱਡੀ ਵਿੱਚ ਤੇਲ ਨਹੀਂ ਪਾਇਆ ।
ਜਿਸ ਤੇ ਪੰਪ ਮਾਲਕ ਨੇ ਉਨ੍ਹਾਂ ਵਿਅਕਤੀਆਂ ਨਾਲ ਬਦਸਲੂਕੀ ਕੀਤੀ । ਜਿਸ ਤੋਂ ਬਾਅਦ ਇਹ ਮਾਮਲਾ ਵਧਣ ਕਾਰਨ ਕਿਸਾਨ ਯੂਨੀਅਨ ਦੇ ਧਿਆਨ ਵਿਚ ਆ ਗਿਆ । ਕਿਸਾਨ ਯੂਨੀਅਨ ਦੇ ਵਰਕਰਾਂ ਨੇ ਪੈਟਰੋਲ ਪੰਪ ਤੇ ਧਰਨਾ ਲਾ ਦਿੱਤਾ। ਅਖ਼ੀਰ ਨੂੰ ਪੈਟਰੋਲ ਪੰਪ ਮਾਲਕ ਨੂੰ ਕਿਸਾਨ ਯੂਨੀਅਨ ਦੇ ਨੇਤਾਵਾਂ ਅਤੇ ਸਬੰਧਤ ਵਿਅਕਤੀਆਂ ਪਾਸੋਂ ਮੁਆਫੀ ਮੰਗ ਕੇ ਖਹਿੜਾ ਛੁਡਾਉਣਾ ਪਿਆ ਸੀ।
ਇਸ ਸਾਰੇ ਮਾਮਲੇ ਨੂੰ ਕਈ ਅਦਾਰਿਆਂ ਦੇ ਪੱਤਰਕਾਰਾਂ ਨੇ ਕਵਰੇਜ ਕਰਨ ਤੋਂ ਬਾਅਦ ਅਸਲ ਸਚਾਈ ਨੂੰ ਨੌੰ ਮਈ ਦੇ ਅਖ਼ਬਾਰ ਵਿੱਚ ਪ੍ਰਮੁੱਖਤਾ ਨਾਲ ਪੇਸ਼ ਕੀਤਾ ਸੀ। ਪ੍ਰੰਤੂ ਕੁਝ ਅਖ਼ਬਾਰਾਂ ਦੇ ਪੱਤਰਕਾਰਾਂ ਵੱਲੋਂ ਇਸ ਖ਼ਬਰ ਨੂੰ ਤੋੜ ਮਰੋੜ ਕੇ ਪੈਟਰੋਲ ਪੰਪ ਮਾਲਕ ਦੇ ਹੱਕ ਵਿੱਚ ਪੇਸ਼ ਕੀਤਾ ਗਿਆ ਸੀ। ਜੋ ਕਿ ਸੱਚਾਈ ਤੋਂ ਕੋਹਾਂ ਦੂਰ ਸੀ। ਇਸੇ ਸਚਾਈ ਦੀ ਕਦਰ ਕਰਦੇ ਹੋਏ ਉਪਰੋਕਤ ਵਿਅਕਤੀਆਂ ਵਲੋਂ ਅੱਜ ਬਰਨਾਲਾ ਦੇ ਜੀਤਾ ਸਿੰਘ ਕੰਪਲੈਕਸ ਵਿੱਚ ਅਖ਼ਬਾਰਾਂ ਦੇ ਸਬ ਆਫਿਸਾਂ ਵਿੱਚ ਪਹੁੰਚ ਕੇ ਉਨ੍ਹਾਂ ਅਖ਼ਬਾਰਾਂ ਦੇ ਸਮੂਹ ਪੱਤਰਕਾਰਾਂ ਨੂੰ ਸਿਰੋਪੇ ਅਤੇ ਧਾਰਮਿਕ ਤਸਵੀਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ । ਜਿਨ੍ਹਾਂ ਨੇ ਇਸ ਖ਼ਬਰ ਦਾ ਅਸਲੀ ਰੂਪ ਪੇਸ਼ ਕੀਤਾ ਸੀ। ਇਸ ਸਮੇਂ ਇਕੱਤਰ ਹੋਏ ਸਮੂਹ ਪੱਤਰਕਾਰਾਂ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਵੀ ਸਮੂਹ ਪੱਤਰਕਾਰਾਂ ਵੱਲੋਂ ਸਾਫ ਸੁਥਰੀ ਪੱਤਰਕਾਰੀ ਕੀਤੀ ਜਾਵੇਗੀ। ਤਾਂ ਕਿ ਸਮਾਜ ਵਿੱਚ ਭ੍ਰਿਸ਼ਟਾਚਾਰ ਅਤੇ ਕਾਲਾਬਾਜ਼ਾਰੀ ਕਰਨ ਵਾਲੇ ਲੋਕਾਂ ਨੂੰ ਲੋਕ ਕਚਹਿਰੀ ਵਿੱਚ ਨੰਗਾ ਕੀਤਾ ਜਾ ਸਕੇ ।
ਇਸ ਸਮੇਂ ਬਰਨਾਲਾ ਪੱਤਰ ਕਾਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਬਰਾੜ, ਜਨਰਲ ਸਕੱਤਰ ਹਰਿੰਦਰਪਾਲ ਸਿੰਘ ਨਿੱਕਾ, ਮਨੋਜ ਸ਼ਰਮਾ, ਰਜਿੰਦਰ ਸ਼ਰਮਾ, ਰਾਜ ਸਿੰਘ ਪਨੇਸਰ, ਅਜੀਤ ਦੇ ਜ਼ਿਲ੍ਹਾ ਇੰਚਾਰਜ ਗੁਰਪ੍ਰੀਤ ਸਿੰਘ ਲਾਡੀ ,ਧਰਮਪਾਲ ਸਿੰਘ ਅਤੇ ਰਘਬੀਰ ਸਿੰਘ ਹੈਪੀ ਨਰਿੰਦਰ ਅਰੋੜਾ ਤੋਂ ਇਲਾਵਾ ਹੋਰ ਪੱਤਰਕਾਰ ਵੀ ਹਾਜ਼ਰ ਸਨ।