ਕੈਪਟਨ ਸਰਕਾਰ,ਆਪਣੇ ਵਾਅਦੇ ਅਨੁਸਾਰ ਸਾਰੇ ਕਿਸਾਨਾਂ ਤੇ ਮਜਦੂਰਾਂ ਦੇ ਸਾਰੇ ਕਰਜੇ ਮਾਫ ਕਰੇ ।
ਪਰਦੀਪ ਕਸਬਾ , ਬਰਨਾਲਾ: 15 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 288ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਸਿਰਸਾ ਵਿਖੇ ਇੱਕ ਬੀਜੇਪੀ ਨੇਤਾ ਦਾ ਘਿਰਾਉ ਕਰਨ ਦੀ ਘਟਨਾ ਦਾ ਬਹਾਨਾ ਬਣਾ ਕੇ ਅੱਜ ਹਰਿਆਣਾ ਪੁਲਿਸ ਨੇ 5 ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋ ਕਿਸਾਨ ਆਗੂਆਂ ਉਪਰ ਦੇਸ਼-ਧਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਦੇਸ਼-ਧਰੋਹੀ ਗਰਦਾਨਿਆ ਜਾ ਰਿਹਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਸਿਰਸਾ ‘ਚ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਕਿਸਾਨਾਂ ਵਿਰੁੱਧ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ। ਹਰਿਆਣਾ ਸਰਕਾਰ ਪਿਛਲੇ ਮਹੀਨੇ ਟੋਹਾਨਾ ਵਿਖੇ ਗ੍ਰਿਫਤਾਰ ਕਿਸਾਨਾਂ ਨੂੰ ਰਿਹਾ ਕਰਵਾਉਣ ਲਈ ਕੀਤੇ ਕਿਸਾਨ ਅੰਦੋਲਨ ਨੂੰ ਯਾਦ ਕਰੇ ਜਦੋਂ ਇਸੇ ਸਰਕਾਰ ਨੂੰ ਥੁੱਕ ਕੇ ਚੱਟਣ ਪਿਆ ਸੀ ਅਤੇ ਗ੍ਰਿਫਤਾਰ ਕਿਸਾਨਾਂ ਨੂੰ ਰਿਹਾ ਕਰਨਾ ਪਿਆ ਸੀ।
ਅੱਜ ਧਰਨੇ ਨੂੰ ਨਛੱਤਰ ਸਿੰਘ ਸਾਹੌਰ, ਪ੍ਰੇਮਪਾਲ ਕੌਰ, ਐਡਵੋਕੇਟ ਜਸਵੀਰ ਸਿੰਘ ਖੇੜੀ, ਬਲਵੰਤ ਸਿੰਘ ਠੀਕਰੀਵਾਲਾ,ਜਸਪਾਲ ਕੌਰ, ਪ੍ਰਮਜੀਤ ਕੌਰ, ਗੁਰਦਰਸ਼ਨ ਸਿੰਘ ਦਿਉਲ, ਮਿਲਖਾ ਸਿੰਘ, ਅਮਰਜੀਤ ਕੌਰ ਤੇ ਜਸਪਾਲ ਚੀਮਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਹੁਣ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਆ ਗਈਆਂ ਤਾਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਦੇ ਕਰਜਾ ਮਾਫੀ ਦੀ ਯਾਦ ਆਈ ਹੈ। ਭਾਵੇਂ ਸਰਕਾਰ ਦੇ ਇਸ ਕਦਮ ਦਾ ਸਵਾਗਤ ਹੈ ਪਰ ਪੰਜਾਬ ਸਰਕਾਰ ਨੂੰ ਆਪਣੇ ਵਾਅਦੇ ਅਨੁਸਾਰ ਸਾਰੇ ਕਿਸਾਨਾਂ ਤੇ ਮਜਦੂਰਾਂ ਦੇ ਸਹਿਕਾਰੀ ਤੇ ਸਰਕਾਰੀ/ ਨਿੱਜੀ ਬੈਂਕਾਂ ਦੇ ਅਤੇ ਪਰਾਈਵੇਟ ਆੜਤੀਆਂ ਤੋਂ ਲਏ ਸਾਰਾ ਕਰਜਾ ਮਾਫ ਕਰੇ। ਸਰਕਾਰ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੇਂਦਰ ਸਰਕਾਰ ‘ਤੇ ਦਬਾਅ ਪਾਵੇ।
ਅੱਜ ਧਰਨੇ ਵਿੱਚ ਗੀਤਾਂ, ਕਵੀਸ਼ਰੀਆਂ ਤੇ ਕਵਿਤਾਵਾਂ ਦਾ ਲੰਬਾ ਦੌਰ ਚੱਲਿਆ। ਪ੍ਰੀਤ ਕੌਰ ਧੂਰੀ ਤੇ ਗੁਰਮੇਲ ਸਿੰਘ ਕਾਲੇਕਾ ਦੇ ਕਵੀਸ਼ਰੀ ਜਥਿਆਂ ਨੇ ਬੀਰਰਸੀ ਕਵੀਸ਼ਰੀ ਰਾਹੀਂ ਪੰਡਾਲ ‘ਚ ਜੋਸ਼ ਭਰਿਆ। ਬਿਵਾ ਸਿੰਘ ਕਲਸੀਆਂ, ਸਰਦਾਰਾ ਸਿੰਘ ਮੌੜ, ਤੇਜਾ ਸਿੰਘ ਠੀਕਰੀਵਾਲਾ, ਏਕਮ ਸਿੰਘ,।ਬਿੱਕਰ ਸਿੰਘ ਅਤੇ ਜਗਦੀਸ਼ ਲੱਧਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।