ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 287 ਵਾਂ ਦਿਨ
ਯੂਰੀਏ ਦੀ ਭਾਰੀ ਕਿੱਲਤ: ਕੇਂਦਰ ਸਰਕਾਰ ਦੇ ਸਾਜਿਸ਼ੀ ਇਸਾਰੇ ‘ਤੇ ਇਫਕੋ ਨੇ ਪੰਜਾਬ ਲਈ ਯੂਰੀਏ ਦੀ ਸਪਲਾਈ ਘਟਾਈ: ਕਿਸਾਨ ਆਗੂ
ਪਰਦੀਪ ਕਸਬਾ , ਬਰਨਾਲਾ: 14 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 287ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਰਾਜਪੁਰਾ ਵਿਖੇ ਬੀਜੇਪੀ ਆਗੂਆਂ ਦੇ ਘਿਰਾਉ ਕਰਨ ਦੀ ਘਟਨਾ ਨੂੰ ਬਹਾਨਾ ਬਣਾ ਕੇ ਪੰਜਾਬ ਪੁਲਿਸ ਨੇ ਕਿਸਾਨਾਂ ਵਿਰੁੱਧ ਕੇਸ ਦਰਜ ਕੀਤੇ ਅਤੇ ਕੁੱਝ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ। ਭਾਵੇਂ ਕੱਲ੍ਹ ਸੜਕਾਂ ਜਾਮ ਕਰਕੇ ਗ੍ਰਿਫਤਾਰ ਕਿਸਾਨਾਂ ਨੂੰ ਰਿਹਾ ਕਰਾ ਲਿਆ ਗਿਆ ਪਰ ਦਰਜ ਕੀਤੇ ਪੁਲਿਸ ਕੇਸ ਅਜੇ ਤੱਕ ਵੀ ਰੱਦ ਨਹੀਂ ਕੀਤੇ। ਇਸੇ ਤਰ੍ਹਾਂ ਹੀ ਸਿਰਸਾ( ਹਰਿਆਣਾ) ਵਿੱਚ ਇੱਕ ਬੀਜੇਪੀ ਮੰਤਰੀ ਦੇ ਘਿਰਾਉ ਦਾ ਬਹਾਨਾ ਬਣਾ ਕੇ ਦੋ ਕਿਸਾਨਾਂ ਵਿਰੁੱਧ ਦੇਸ਼-ਧਰੋਹੀ ਦਾ ਕੇਸ ਦਰਜ ਕੀਤਾ ਹੈ। ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਦੇਸ਼- ਧਰੋਹੀ ਗਰਦਾਨਿਆ ਜਾ ਰਿਹਾ ਹੈ। ਅੱਜ ਬੁਲਾਰਿਆਂ ਨੇ ਮੰਗ ਕੀਤੀ ਕਿ ਰਾਜਪੁਰਾ ਤੇ ਸਿਰਸਾ ਵਿੱਚ ਕਿਸਾਨਾਂ ਵਿਰੁੱਧ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਾਹੌਰ, ਗੁਰਮੇਲ ਸ਼ਰਮਾ,ਜਸਮੇਲ ਸਿੰਘ ਕਾਲੇਕਾ, ਚਰਨਜੀਤ ਕੌਰ, ਬਲਵੀਰ ਕੌਰ ਕਰਮਗੜ੍ਹ, ਮੇਲਾ ਸਿੰਘ ਕੱਟੂ, ਬਾਬੂ ਸਿੰਘ ਖੁੱਡੀ ਕਲਾਂ ਨੇ ਸੰਬੋਧਨ ਕੀਤਾ।ਬੁਲਾਰਿਆਂ ਨੇ ਕਿਹਾ ਕਿ ਇਨੀਂ ਦਿਨੀਂ ਪੰਜਾਬ ਵਿੱਚ ਯੂਰੀਏ ਦੀ ਭਾਰੀ ਕਿੱਲਤ ਪਾਈ ਜਾ ਰਹੀ ਹੈ। ਪੰਜਾਬ ਵਿੱਚ ਯੂਰੀਆ ਮਾਰਕਫੈਡ ਰਾਹੀਂ ਵੇਚੀ ਜਾਂਦੀ ਹੈ ਜੋ ਅੱਗੋਂ ਇੱਫਕੋ ਤੋਂ ਇਹ ਸਪਲਾਈ ਲੈਂਦਾ ਹੈ। ਕੇਂਦਰੀ ਖਾਦ ਏਜੰਸੀ ਇੱਫਕੋ ਨੇ ਮਾਰਕਫੈਡ ਨੂੰ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਯੂਰੀਆ ਸਪਲਾਈ ਕੀਤਾ ਹੈ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੰਟਰੋਲ ਹੇਠਲੀ ਇਸ ਏਜੰਸੀ ਨੇ ਕੇਂਦਰੀ ਸਰਕਾਰ ਦੇ ਇਸਾਰੇ ‘ਤੇ ਯੂਰੀਏ ‘ਤੇ ਸਪਲਾਈ ਘਟਾਈ ਹੈ। ਝੋਨੇ ਦੀ ਫਸਲ ‘ਚ ਯੂਰੀਆ ਪਾਉਣ ਦਾ ਸਮਾਂ ਹੈ ਪਰ ਕਿਸਾਨਾਂ ਨੂੰ ਇਹ ਖਾਦ ਨਹੀਂ ਮਿਲ ਰਹੀ। ਬੁਲਾਰਿਆਂ ਨੇ ਯੂਰੀਏ ਦੀ ਘਾਟ ਤੁਰੰਤ ਦੂਰ ਕਰਨ ਦੀ ਮੰਗ ਕੀਤੀ।
ਅੱਜ ਜਗਦੀਸ਼ ਲੱਧਾ ਭਦੌੜ ਤੇ ਨਰਿੰਦਰ ਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।