–ਕਿਸਾਨ ਤੇ ਭੱਠਾ ਮਾਲਕ ਦਰਮਿਆਨ 11 ਸਾਲ ਪੁਰਾਣੇ ਝਗੜੇ ਸਮੇਤ 7 ਵਰ੍ਹੇ ਪੁਰਾਣੇ ਕਿਰਾਇਆ ਮਾਮਲੇ ਦਾ ਵੀ ਨਿਪਟਾਰਾ-ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰਜਿੰਦਰ ਅਗਰਵਾਲ
ਬਲਵਿੰਦਰਪਾਲ , ਪਟਿਆਲਾ, 10 ਜੁਲਾਈ: 2021
ਪਟਿਆਲਾ ਜ਼ਿਲ੍ਹੇ ‘ਚ ਲੱਗੀ ਕੌਮੀ ਲੋਕ ਅਦਾਲਤ ਦੌਰਾਨ ਅੱਜ 2379 ਮਾਮਲਿਆਂ ਦਾ ਨਿਪਟਾਰਾ ਕਰਵਾਇਆ ਗਿਆ। ਇਸ ਦੌਰਾਨ 23 ਜੁਡੀਸ਼ੀਅਲ ਬੈਂਚਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ‘ਚ ਪਟਿਆਲਾ ਜ਼ਿਲ੍ਹਾ ਕਚਿਹਰੀਆਂ ‘ਚ 15, ਨਾਭਾ ‘ਚ 2, ਰਾਜਪੁਰਾ ‘ਚ 4 ਅਤੇ ਸਮਾਣਾ ਵਿਖੇ 2 ਬੈਂਚਾਂ ਦੇ ਸਨਮੁੱਖ 5104 ਮਾਮਲੇ ਸੁਣਵਾਈ ਲਈ ਪੇਸ਼ ਕੀਤੇ ਗਏ। ਇਹ ਜਾਣਕਾਰੀ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਦਿੱਤੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਮੌਕੇ ਰਜ਼ਾਮੰਦੀ ਮਾਮਲਿਆਂ ਦਾ ਨਿਪਟਾਰਾ ਕਰਦਿਆਂ 38 ਕਰੋੜ 57 ਲੱਖ 67 ਹਜ਼ਾਰ 973 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ, ਜਸਟਿਸ ਅਜੇ ਤਿਵਾੜੀ ਪੁੱਜੇ। ਉਨ੍ਹਾਂ ਨੇ ਵੱਖ-ਵੱਖ ਬੈਂਚਾਂ ਦਾ ਜਾਇਜ਼ਾ ਲੈਂਦਿਆਂ ਕੇਸ ਲੜ ਰਹੀਆਂ ਧਿਰਾਂ ਨੂੰ ਲੋਕ ਅਦਾਲਤਾਂ ਦਾ ਮਹੱਤਵ ਸਮਝਾਉਂਦਿਆਂ ਝਗੜੇ ਆਪਸੀ ਸਹਿਮਤੀ ਤੇ ਰਜ਼ਾਮੰਦੀ ਨਾਲ ਨਿਪਟਾਉਣ ‘ਤੇ ਜ਼ੋਰ ਦਿੱਤਾ।
ਇਸ ਕੌਮੀ ਲੋਕ ਅਦਾਲਤ ਦੌਰਾਨ ਵਧੀਕ ਸੈਸ਼ਨਜ਼ ਜੱਜ ਸ੍ਰੀ ਆਰ.ਕੇ. ਜੈਨ ਦੀ ਅਦਾਲਤ ‘ਚ ‘ਧਨਵੰਤ ਸਿੰਘ ਬਨਾਮ ਮੈਸਰਜ ਆਰ.ਕੇ. ਬਰਿੱਕ ਇੰਡਸਟਰੀਜ’ ਦੇ ਨਾਮ ਹੇਠ ਕਿਸਾਨ ਤੇ ਭੱਠਾ ਮਾਲਕ ਦਰਮਿਆਨ ਚੱਲ ਰਿਹਾ 11 ਵਰ੍ਹੇ ਪੁਰਾਣਾ ਵਿਵਾਦ ਨਿਪਟਾਇਆ ਗਿਆ। ਇਸੇ ਬੈਂਚ ਦੇ ਸਨਮੁੱਖ ਪੇਸ਼ ਹੋਈ ਇੱਕ ਕਿਰਾਇਆ ਮਾਮਲੇ ਦੀ ਅਪੀਲ ‘ਜੋਰਾ ਸਿੰਘ ਬਨਾਮ ਰਾਜਿੰਦਰ ਕੁਮਾਰ’ ‘ਚ 7 ਵਰ੍ਹੇ ਪੁਰਾਣਾ ਮਾਮਲਾ ਸੁਲਝਾਇਆ ਗਿਆ।
ਇਸ ਮੌਕੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਅਰੁਨ ਗੁਪਤਾ, ਵਧੀਕ ਮੈਂਬਰ ਸਕੱਤਰ ਡਾ. ਮਨਦੀਪ ਮਿੱਤਲ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਪਰਮਿੰਦਰ ਕੌਰ ਅਤੇ ਹੋਰ ਜੁਡੀਸ਼ੀਅਲ ਅਧਿਕਾਰੀ ਮੌਜੂਦ ਸਨ।
******