ਗੁਰੂ ਘਰ ਰੌਲ ਲਾਉਣ ਜਾਂਦੇ ਗ੍ਰੰਥੀ ਤੇ ਡਿਊਢੀ ਵਿੱਚ ਹੀ ਸੇਵਾਦਾਰ ਨੇ ਹੀ ਕੀਤਾ ਹਮਲਾ
ਕੋਠੇ ਦੁੱਲਟ ਹੰਡਿਆਇਆ ਨੇੜੇ ਰਜਵਾਹੇ ਵਿੱਚੋਂ ਮਿਲੀ ਲਾਸ਼, ਮੌਕੇ ਤੇ ਪਹੁੰਚੀ ਪੁਲਿਸ , ਦੋਸ਼ੀ ਦੀ ਭਾਲ ਜ਼ਾਰੀ
ਹਰਿੰਦਰ ਨਿੱਕਾ , ਬਰਨਾਲਾ 9 ਜੁਲਾਈ 2021
ਬਰਨਾਲਾ-ਧੂਰੀ ਮੁੱਖ ਸੜ੍ਹਕ ਤੇ ਸਥਿਤ ਗੁਰੂਦੁਆਰਾ ਸਾਹਿਬ ਪਾਤਸ਼ਾਹੀ ਨੌਂਵੀ ਸੇਖਾ ਵਿਖੇ ਰੌਲ ਪਾਠ ਕਰਨ ਲਈ ਜਾ ਰਹੇ ਗ੍ਰੰਥੀ ਦਾ ਗੁਰੂ ਘਰ ਦੇ ਹੀ ਦੂਸਰੇ ਸੇਵਾਦਾਰ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮ੍ਰਿਤਕ ਗ੍ਰੰਥੀ ਕੁਲਦੀਪ ਸਿੰਘ ਦੀ ਲਾਸ਼ ਕੋਠੇ ਦੁੱਲਟ ਹੰਡਿਆਇਆ ਕੋਲੋ ਲੰਘਦੇ ਰਜਵਾਹੇ ਵਿੱਚੋਂ ਪੁਲਿਸ ਨੇ ਬਰਾਮਦ ਕਰਕੇ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਸੰੰਭਾਲ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਅੱਜ ਸਵੇਰੇ ਵੱਡੇ ਤੜਕੇ ਕਰੀਬ 2 ਵਜੇ ਵਾਪਰੀ ਅਤੇ ਹੱਤਿਆ ਦਾ ਕਾਰਣ 30 ਵਰ੍ਹੇ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ।
ਪਰੰਤੂ ਕੁਲਦੀਪ ਸਿੰਘ 30 ਸਾਲ ਪਹਿਲਾਂ ਪਿੰਡ ਛੱਡ ਕੇ ਕਿੱਧਰੇ ਚਲਾ ਗਿਆ ਸੀ। ਹੁਣ ਉਹ ਕੁੱਝ ਦਿਨ ਪਹਿਲਾਂ ਆਪਣੇ ਪਿਤਾ ਦੀ ਮੌਤ ਕਾਰਣ ਪਿੰਡ ਆਇਆ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਆਤਮਾ ਸਿੰਘ ਉਮਰ ਕਰੀਬ 57 ਸਾਲ ਵਾਸੀ ਤੱਖੇਕੀ ਪੱਤੀ ਪਿੰਡ ਸੇਖਾ ਗ੍ਰੰਥੀ ਦੇ ਤੌਰ ਤੇ ਸੇਵਾ ਕਰਦਾ ਸੀ। ਜਦੋਂਕਿ ਦੋਸ਼ੀ ਉਸ ਦਾ ਗੁਆਂਢੀ ਸੀ ਅਤੇ ਗੁਰੂ ਘਰ ਵਿੱਚ ਦੇਗ ਵਰਤਾਉਣ ਦੀ ਸੇਵਾ ਨਿਭਾਉਂਦਾ ਆ ਰਿਹਾ ਸੀ। ਪਿੰਡ ਦੇ ਲੋਕਾਂ ਅਨੁਸਾਰ ਕੁਲਦੀਪ ਸਿੰਘ ਪੁੱਤਰ ਆਤਮਾ ਸਿੰਘ ਦਲਿਤ ਸਮਾਜ ਨਾਲ ਸਬੰਧਿਤ ਸੀ, ਕਰੀਬ 30 ਕੁ ਸਾਲ ਪਹਿਲਾਂ ਨਜ਼ਾਇਜ ਸਬੰਧਾਂ ਕਾਰਣ, ਹੱਤਿਆ ਦੇ ਦੋਸ਼ੀ ਨਾਲ ਕੁਲਦੀਪ ਸਿੰਘ ਦਾ ਝਗੜਾ ਹੋ ਗਿਆ ਸੀ। ਝਗੜੇ ਤੋਂ ਬਾਅਦ ਕੁਲਦੀਪ ਸਿੰਘ ਗ੍ਰੰਥੀ, ਪਿੰਡ ਛੱਡ ਕੇ ਕਿਸੇ ਹੋਰ ਕਾਂ ਜਾ ਕੇ ਰਹਿਣ ਲੱਗ ਗਿਆ ਸੀ।
ਹੁਣ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਘਰ ਆਇਆ ਹੋਇਆ ਸੀ। ਅੱਜ ਤੜਕੇ ਕਰੀਬ 2 ਕੁ ਵਜੇ ਉਹ ਗੁਰੂ ਘਰ ਵਿੱਚ ਰੌਲ ਲਾਉਣ ਯਾਨੀ ਪਾਠ ਕਰਨ ਲਈ ਜਾ ਰਿਹਾ ਸੀ। ਜਦੋਂ ਉਹ ਗੁਰੂ ਘਰ ਦੀ ਡਿਊਢੀ ਵਿੱਚ ਦਾਖਿਲ ਹੋਇਆ ਤਾਂ ਪਹਿਲਾਂ ਤੋਂ ਹੀ ਉੱਥੇ ਘਾਤ ਲਾਈ ਖੜ੍ਹੇ ਦਰਬਾਰਾ ਸਿੰਘ ਉਰਫ ਭੋਲਾ ਨੇ ਉਸ ਤੇ ਬਰਛੇ ਨਾਲ ਹਮਲਾ ਕਰ ਦਿੱਤਾ ਅਤੇ ਲਾਸ਼ ਖੁਰਦ ਬੁਰਦ ਕਰਨ ਲਈ, ਨੇੜਿਉਂ ਲੰਘਦੇ ਰਜਵਾਹੇ ਵਿੱਚ ਸੁੱਟ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਲਾਸ਼ ਰਜਵਾਹੇ ਵਿੱਚੋਂ ਬਰਾਮਦ ਕਰ ਲਈ।