ਜੇਕਰ ਕੈਪਟਨ ਨੇ ਸਰਕਾਰੀ ਨੌਕਰੀ ਦੇਣੀ ਹੈ ਤਾਂ ਉਹਨਾਂ 35 ਹਜ਼ਾਰ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਵੇ ਜਿੰਨਾ ਦੇ ਪਰਿਵਾਰਕ ਮੈਂਬਰ ਅੱਤਵਾਦ ਦੇ ਦੌਰਾਨ ਮਾਰੇ ਗਏ-ਕਾਲੜਾ
ਹਰਪ੍ਰੀਤ ਕੌਰ ਬਬਲੀ , ਸੰਗਰੂਰ 20 ਜੂਨ 2021
ਪੰਜਾਬ ਸਰਕਾਰ ਵੱਲੋਂ ਕਾਂਗਰਸੀ ਐਮ ਐਲ ਏ ਅਤੇ ਨੇਤਾਵਾਂ ਦੇ ਮੁੰਡਿਆਂ ਨੂੰ ਸਰਕਾਰੀ ਨੌਕਰੀਆਂ ਦੇਣ ਤੇ ਪ੍ਰਤੀਕਰਮ ਕਰਦਿਆਂ ਜਤਿੰਦਰ ਕਾਲੜਾ ਸੂਬਾ ਕੋਆਰਡੀਨੇਟਰ ਸੈੱਲ ਭਾਜਪਾ ਪੰਜਾਬ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ “ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ “ਦੀ ਕਹਾਵਤ ਤੇ ਹੀ ਖਰ੍ਹੀ ਉਤਰ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੱਖਾਂ ਨੌਜਵਾਨ ਸਰਕਾਰੀ ਨੌਕਰੀ ਲਈ ਪਿਛਲੇ ਚਾਰ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ । ਪ੍ਰੰਤੂ ਉਨ੍ਹਾਂ ਨੂੰ ਨਾ ਤਾਂ ਸਰਕਾਰੀ ਨੌਕਰੀ ਮਿਲੀ ਨਾ ਹੀ ਬੇਰੁਜ਼ਗਾਰੀ ਭੱਤਾ ਦਿੱਤਾ ਗਿਆ । ਬਹੁਤ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਦੀ ਸਰਕਾਰ ਵੱਲੋਂ ਘਰ-ਘਰ ਨੋਕਰੀ ਦੇਣ ਦਾ ਵਾਅਦਾ ਕਰਕੇ ਸਰਕਾਰ ਬਣਾਈ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸੀਆਂ ਦੇ ਵਾਅਦੇ ਉੱਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਵੋਟਾਂ ਪਾਈਆਂ ਸਨ। ਪ੍ਰੰਤੂ ਇਹਨਾਂ ਵੱਲੋਂ ਆਪਣੀ ਪਾਰਟੀ ਦੇ ਐਮ ਐਲ ਏ ਰਕੇਸ਼ ਪਾਂਡੇ ਦੇ ਮੁੰਡੇ ਨੂੰ ਤਹਿਸੀਲਦਾਰ ਨਿਯੁਕਤ ਕਰ ਦਿੱਤਾ ਅਤੇ ਪਰਤਾਪ ਸਿੰਘ ਬਾਜਵਾ ਦੇ ਭਾਈ ਫਤਿਹਜੰਗ ਬਾਜਵਾ ਐਮ ਐਲ ਏ ਦੇ ਮੁੰਡੇ ਨੂੰ ਇੰਸਪੈਕਟਰ ਨਿਯੁਕਤ ਕਰ ਦਿੱਤਾ।
ਕਾਲੜਾ ਨੇ ਕਿਹਾ ਕਿ ਇਹ ਨਿਯੁਕਤੀਆਂ ਨਿਯਮਾਂ ਅਤੇ ਕਾਨੂੰਨਾਂ ਨੂੰ ਤੋੜ ਮਰੋੜ ਕੇ ਕੀਤੀਆਂ ਗਈਆਂ ਹਨ ਅਤੇ ਗੈਰ-ਸੰਵਿਧਾਨਿਕ ਹਨ ,ਜੇਕਰ ਤਰਸ ਦੇ ਅਧਾਰ ਤੇ ਨੋਕਰੀ ਦੇਣੀ ਹੁੰਦੀ ਹੈ ਤਾਂ ਉਹ ਤੁਰੰਤ ਦਿੱਤੀ ਜਾਂਦੀ ਹੈ , ਇਹ ਨਹੀਂ ਕਿ 34-35 ਸਾਲ ਬਾਅਦ ਕਰੋੜਪਤੀ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਜਤਿੰਦਰ ਕਾਲੜਾ ਨੇ ਕਿਹਾ ਜੇਕਰ ਸਰਕਾਰੀ ਨੌਕਰੀ ਦੇਣੀ ਹੈ ਤਾਂ ਉਹਨਾਂ 35 ਹਜ਼ਾਰ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ , ਜਿੰਨਾ ਦੇ ਪਰਿਵਾਰਕ ਮੈਂਬਰ ਅੱਤਵਾਦ ਦੇ ਦੌਰਾਨ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ਲਈ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਆਪਣੀ ਪਾਰਟੀ ਦੇ ਐਮ.ਐਲ. ਏ , ਲੀਡਰਾਂ ਦੇ ਮੁੰਡਿਆਂ ਨੂੰ ਦੇ ਰਹੇ ਹਨ । ਇਹ ਪੰਜਾਬੀਆਂ ਦੇ ਨਾਲ ਖਿਲਵਾੜ ਹੈ ਅਤੇ ਇਸ ਦਾ ਨਤੀਜਾ ਕਾਂਗਰਸ ਪਾਰਟੀ ਨੂੰ ਛੇ ਮਹੀਨੇ ਬਾਅਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।