ਖੇਤ_ਮਜ਼ਦੂਰਾਂ (ਲੁਆਈ ਵਾਲੇ ਸਾਰੇ ਮਜ਼ਦੂਰਾਂ ਸਮੇਤ)ਦੇ ਲੁਆਈ ਦੇ ਰੇਟ ਤੈਅ ਕਰਨ ਦੇ ਜਮਹੂਰੀ ਹੱਕਾਂ ਨੂੰ ਬੁਲੰਦ ਕਰੋ -ਕੇ. ਪੀ. ਐੱਮ. ਯੂ .
ਪਰਦੀਪ ਕਸਬਾ , ਬਰਨਾਲਾ , 12 ਜੂਨ 2021
ਪੰਜਾਬ ਅੰਦਰ ਪੇਂਡੂ ਦਲਿਤ ਮਜ਼ਦੂਰ ਕੁੱਲ ਆਬਾਦੀ ਦਾ 32%ਅਤੇ ਪੇਂਡੂ ਆਬਾਦੀ 37 ਫ਼ੀਸਦੀ ਦੇ ਕਰੀਬ ਬਣਦੇ ਹਨ । ਦਲਿਤ ਮਜ਼ਦੂਰ ਹਜ਼ਾਰਾਂ ਸਾਲਾਂ ਤੋਂ ਸਿਰਫ਼ ਪੈਦਾਵਾਰੀ ਸਾਧਨਾਂ ਤੋਂ ਵਾਂਝੇ ਹੋਣ ਦੇ ਨਾਲ ਨਾਲ ਘਿਨੌਣੇ ਬ੍ਰਾਹਮਣਵਾਦੀ ਜਾਤੀ ਪ੍ਰਬੰਧ ਦਾ ਸ਼ਿਕਾਰ ਹਨ।ਪੈਦਾਵਾਰੀ ਸਾਧਨਾਂ ਤੋਂ ਵਾਂਝਿਆਂ ਹੋਣ ਦੇ ਚਲਦਿਆਂ ਉਨ੍ਹਾਂ ਕੋਲ ਕੁੱਲੀ, ਗੁੱਲੀ, ਜੁੱਲੀ ਦਾ ਪ੍ਰਬੰਧ ਕਰਨ ਲਈ ਸਿਰਫ਼ ਤੇ ਸਿਰਫ਼ ਇਕ ਸਾਧਨ ਹੀ ਰਹਿ ਜਾਂਦਾ ਹੈ , ਉਹ ਹੈ ਆਪਣੀ ਕਿਰਤ ਵੇਚਣ ਅਤੇ ਜ਼ਿੰਦਗੀ ਦਾ ਤੋਰਾ ਤੋਰਣਾ।
ਘਿਨੌਣੇ ਜਾਤ ਪਾਤੀ ਪ੍ਰਬੰਧ ਨੇ ਦਲਿਤਾਂ ਉੱਪਰ ਬੀਤੇ ਅੰਦਰ ਅਤੇ ਅੱਜ ਵੀ ਅਥਾਹ ਜ਼ੁਲਮ ਢਾਹੇ ਹਨ ।ਉਨ੍ਹਾਂ ਦਾ ਮਾਣ ਸਨਮਾਨ ਅਤੇ ਇੱਕ ਬਰਾਬਰ ਦੇ ਮਿਹਨਤਕਸ਼ ਇਨਸਾਨ ਦੇ ਤੌਰ ਤੇ ਜ਼ਿੰਦਗੀ ਜਿਊਣ ਦੇ ਮੁੱਢਲੇ ਹਕੂਕ ਤੋਂ ਵਾਂਝਾ ਕਰੀ ਰੱਖਿਆ ਹੈ। ਗਲੀਜ਼ ਜਾਤੀ- ਪਾਤੀ ਪ੍ਰਬੰਧ ਨੇ ਉਨ੍ਹਾਂ ਨੂੰ ਇਨਸਾਨ ਮੰਨਣ ਤੋਂ ਵੀ ਇਨਕਾਰ ਕਰੀ ਰੱਖਿਆ ਹੈ । ਲੰਮੇ ਸਮੇਂ ਤੱਕ ਉਨ੍ਹਾਂ ਨੂੰ ਅਛੂਤ ਬਣਾ ਕੇ ਰੱਖਿਆ ਗਿਆ ਹੈ । ਜੋ ਵਰਤਾਰਾ ਅੱਜ ਵੀ ਖੁੱਲ੍ਹੇ ਜਾਂ ਕੁਝ ਛੁਪੇ ਰੂਪਾਂ ਚ ਚੱਲ ਰਿਹਾ ਹੈ । ਹਾਲਾਂਕਿ ਪੰਜਾਬ ਅੰਦਰ ਮਾਲਕ ਕਿਸਾਨੀ ਦੇ ਮਿਹਨਤਕਸ਼ ਹਿੱਸਿਆਂ ਚੋਂ ਵੀ ਇੱਕ ਛੋਟਾ ਹਿੱਸਾ ਬੇਜ਼ਮੀਨਾ ਹੋ ਗਿਆ ਹੈ।ਪਰ ਅੱਜ ਵੀ ਭਾਰੂ ਬਹੁਗਿਣਤੀ ਪੇਂਡੂ ਬੇਜ਼ਮੀਨਿਆਂ ਦਲਿਤਾਂ ਨਾਲ ਹੀ ਸਬੰਧਤ ਹੈ। ਆਮ ਤੌਰ ਤੇ ਝੋਨੇ ਦੀ ਲਵਾਈ ਦਾ ਕੰਮ ਪੇਂਡੂ ਦਲਿਤ ਮਜ਼ਦੂਰ ਜਾਂ ਪਰਵਾਸੀ ਮਜ਼ਦੂਰ ਕਰਦੇ ਹਨ ।
ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਚ ਕਈ ਥਾਈਂ ਝੋਨੇ ਦੀ ਲਵਾਈ ਦੇ ਰੇਟ ਸੰਬੰਧੀ ਜਾਤ- ਪਾਤੀ ਜਗੀਰੂ ਅਤੇ ਧਨਾਢ ਪੰਚਾਇਤਾਂ ਨੇ ਧੱਕੜਸ਼ਾਹੀ ਤਰੀਕੇ ਨਾਲ ਝੋਨੇ ਦੀ ਲੁਵਾਈ ਸੰਬੰਧੀ ਰੇਟਾਂ ਦੇ ਫੁਰਮਾਨ ਜਾਰੀ ਕੀਤੇ ਹਨ। ਕੇ ਪੀ ਐਮ ਯੂ ਸਮਝਦੀ ਹੈ ਕੇ ਝੋਨੇ ਦੀ ਲਵਾਈ ਦਾ ਰੇਟ ਹਰ ਸਾਲ ਵਧਣਾ ਚਾਹੀਦਾ ਹੈ, ਇਕ ਸਾਲ ਦੇ ਅੰਦਰ ਹੋਈ ਮਹਿੰਗਾਈ ਅਤੇ ਹੋਰ ਸਭ ਚੀਜ਼ਾਂ ਨੂੰ ਧਿਆਨ ਚ ਰੱਖਿਆ ਜਾਣਾ ਚਾਹੀਦਾ ਹੈ । ਇਹ ਸਾਰੇ ਨੂੰ ਧਿਆਨ ਚ ਰੱਖਦਿਆਂ ਪੇਂਡੂ ਮਜ਼ਦੂਰਾਂ ਦੇ ਲਈ ਸੰਘਰਸ਼ ਕਰ ਰਹੀਆਂ ਮਜ਼ਦੂਰ ਜਥੇਬੰਦੀਆਂ ਦੀ ਰਾਇ ਲੈ ਕੇ ਇਹ ਰੇਟ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਤੈਅ ਕੀਤਾ ਜਾਣਾ ਚਾਹੀਦਾ ਹੈ।ਇਸ ਵਿੱਚ ਪੇਂਡੂ ਮਜ਼ਦੂਰਾਂ ਅਤੇ ਉਨ੍ਹਾਂ ਦੀਆਂ ਨੁਮਾਇੰਦਾ ਸੰਘਰਸ਼ ਕਰ ਰਹੀਆਂ ਮਜ਼ਦੂਰ ਜਥੇਬੰਦੀਆਂ ਦਾ ਵਿਚਾਰ ਜਾਂ ਫ਼ੈਸਲਾ ਹੀ ਆਮ ਤੌਰ ਤੇ ਸਭ ਤੋਂ ਠੀਕ ਹੁੰਦਾ ਹੈ।ਇਸ ਲਈ ਪ੍ਰਸ਼ਾਸਨ ਅਤੇ ਸਰਕਾਰ ਇਸ ਰੋਸ਼ਨੀ ‘ਚ ਸੋਚੇ ਵਿਚਾਰੇ ਅਤੇ ਫ਼ੈਸਲਾ ਕਰੇ।
ਕੇ. ਪੀ. ਐੱਮ. ਯੂ .(ਪੰਜਾਬ)
ਜਾਤ ਪਾਤੀ ਜਗੀਰੂ ਅਤੇ ਧਨਾਢ ਪੰਚਾਇਤਾਂ ਵੱਲੋਂ ਕੀਤੇ ਫ਼ੈਸਲਿਆਂ ਫਰਮਾਨਾਂ ਨੂੰ ਕਤੱਈ ਤੌਰ ਤੇ ਰੱਦ ਕਰਦੀ ਹੈ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਪਿਛਲੇ ਸਾਲ ਵੀ ਸਿਧਾਂਤਕ ਤੌਰ ਤੇ ਹੀ ਨਹੀਂ ਸਗੋਂ ਇਨ੍ਹਾਂ ਪਿੰਡਾਂ /ਇਲਾਕਿਆਂ/ ਜ਼ਿਲ੍ਹਿਆਂ ਚ ਜਿੱਥੇ ਅਸੀਂ ਮੌਜੂਦ ਹਾਂ ਉੱਥੇ ਅਜਿਹੇ ਫ਼ੈਸਲਿਆਂ ਖ਼ਿਲਾਫ਼ ਸੰਘਰਸ਼ ਕੀਤਾ ਸੀ। ਜਥੇਬੰਦੀ ਸਮੁੱਚੀਆਂ ਪਿੰਡ/ ਇਲਾਕਾ ਇਕਾਈਆਂ ਨੂੰ ਸੱਦਾ ਦਿੰਦੀ ਹੈ ਕਿ ਪੇਂਡੂ ਬੇਜ਼ਮੀਨੇ ਮਜ਼ਦੂਰਾਂ ਦੇ ਹੱਕਾਂ ਉਪਰ ਜਿਥੇ ਜਿਥੇ ਡਾਕਾ ਵੱਜ ਰਿਹਾ ਹੈ ਉਸ ਖਿਲਾਫ ਨਿੱਤਰੇ ਤੇ ਸੰਘਰਸ਼ ਕਰੇ। ਜਥੇਬੰਦੀ ਇਨਕਲਾਬ ਦੀ ਸ਼ਾਹਦੀ ਭਰਨ ਵਾਲੀਆਂ ਅਤੇ ਪੇਂਡੂ ਬੇਜ਼ਮੀਨਿਆਂ ਮਜ਼ਦੂਰਾਂ ਨਾਲ ਨੇੜਤਾ ਰੱਖਣ ਦੀ ਸੋਚ ਵਾਲੀਆਂ ਸਭ ਕਿਸਾਨ ਜਥੇਬੰਦੀਆਂ ਨੂੰ ਅਪੀਲ ਬੇਨਤੀ ਕਰਦੀ ਹੈ ਕਿ ਪੇਂਡੂ ਮਜ਼ਦੂਰਾਂ ਨਾਲ ਹੋ ਰਹੇ ਧੱਕੇ ਦੇ ਖ਼ਿਲਾਫ਼ ਆਪ ਦੀਆਂ ਪਿੰਡ ਬਲਾਕ ਜ਼ਿਲ੍ਹਾ ਇਕਾਈਆਂ ਨੂੰ ਸਹੀ ਤੇ ਜਮਹੂਰੀ ਪੈਂਤੜਾ ਲੈਣ ਲਈ ਨਿਰਦੇਸ਼ਤ ਕਰਨ/ਐਲਾਨੀਆ ਤੌਰ ਤੇ ਇਸ ਮਸਲੇ ਤੇ ਪੁਜ਼ੀਸ਼ਨ ਲੈਣ ਅਤੇ ਇਸ ਧੱਕੇਸ਼ਾਹੀ ਦੇ ਵਿਰੋਧ ਚ ਨਿਤਰਨ। ਕੇ ਪੀ ਐਮ ਯੂ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਘੋਲ ਵਿੱਚ ਪਹਿਲੇ ਦਿਨ ਤੋਂ ਹੀ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਕਰ ਰਹੀ ਹੈ ।ਪੰਜਾਬ ਦੇ ਪਿੰਡਾਂ ਤੋਂ ਲੈ ਕੇ ਦਿੱਲੀ ਤਕ ਅਸੀਂ ਲਗਾਤਾਰ ਦਸਤਕ ਦਿੱਤੀ ਹੈ।
(ਹਾਲਾਂਕਿ ਕਈ ਮਸਲਿਆਂ/ ਮੁੱਦਿਆਂ/ਮੰਗਾਂ ਜੋ ਸੰਘਰਸ਼ ਦੌਰਾਨ ਚੱਲ ਰਹੀਆਂ ਹਨ ਤੇ ਉਸ ਤੇ ਸਾਡਾ ਗੰਭੀਰ ਰਾਖਵਾਂਕਰਨ ਹੈ।) ਕਾਰਪੋਰੇਟ ਸੰਸਾਰ ਅਤੇ ਮੋਦੀ ਦੇ ਫਾਸ਼ੀਵਾਦ ਦੇ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਅਸੀਂ ਅਗਾਂਹਵਧੂ ਸਮਝਦੇ ਹਾਂ ।ਸੰਯੁਕਤ ਕਿਸਾਨ ਮੋਰਚੇ ਵੱਲੋਂ ਮਜ਼ਦੂਰ ਕਿਸਾਨ ਏਕਤਾ ਦਾ ਨਾਅਰਾ ਦਿੱਤਾ ਗਿਆ ਹੈ।ਅਸੀਂ ਮੰਗ ਕਰਦੇ ਹਾਂ ਕਿ ਸੰਯੁਕਤ ਕਿਸਾਨ ਮੋਰਚਾ ਝੋਨੇ ਦੀ ਲੁਵਾਈ ਦੇ ਰੇਟਾਂ ਸਬੰਧੀ ਇਨ੍ਹਾਂ ਧੱਕੜਸ਼ਾਹ ਫੁਰਮਾਨਾਂ ਉੱਪਰ ਸਟੈਂਡ ਲਵੇ ਅਤੇ ਇਸ ਧੱਕੇਸ਼ਾਹੀ ਦੇ ਖਿਲਾਫ ਨਿੱਤਰੇ,ਨਹੀਂ ਤਾਂ ਮਜ਼ਦੂਰ ਕਿਸਾਨ ਏਕਤਾ ਦਾ ਦਿੱਤਾ ਨਾਅਰਾ ਥੋਥੇ ਲਿਫ਼ਾਫ਼ੇਬਾਜ਼ੀ ਤੋਂ ਵੱਧ ਕੇ ਕੁਝ ਨਹੀਂ ਹੈ ।
,