ਐਸੋਸੀਏਸ਼ਨ ਦੇ ਪ੍ਰਧਾਨ ਜੁਗਰਾਜ ਸਿੰਘ ਨੇ ਕਿਹਾ ਗੁੰਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣ ਲੋਕ ਅਤੇ ਪ੍ਰਸ਼ਾਸ਼ਨ
ਪ੍ਰਦੀਪ ਕਸਬਾ , ਬਰਨਾਲਾ 9 ਜੂਨ 2021
ਸ਼ਹਿਰ ਦਾ ਇੱਕ ਘੜੰਮ ਚੌਧਰੀ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਨਾ ਹੋਣ ਕਾਰਣ ਬਿਨਾਂ ਕਿਸੇ ਤੱਥਾਂ ਤੋਂ ਮਹੇਸ਼ ਨਗਰ ਕਲੋਨੀ ਬਾਰੇ ਲੋਕਾਂ ਅਤੇ ਪ੍ਰਸ਼ਾਸ਼ਨ ਨੂੰ ਗੁੰਮਰਾਹ ਕਰਨ ਤੇ ਲੱਗਿਆ ਹੋਇਆ ਹੈ । ਜਿਸ ਤੋਂ ਲੋਕਾਂ ਅਤੇ ਪ੍ਰਸ਼ਾਸ਼ਨ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਹੇਸ਼ ਨਗਰ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਰਜਿ: ਦੇ ਪ੍ਰਧਾਨ ਜੁਗਰਾਜ ਸਿੰਘ ਨੇ ਮੀਡੀਆ ਨੂੰ ਜਾਰੀ ਇੱਕ ਪ੍ਰੈਸ ਨੋਟ ਰਾਹੀਂ ਕੀਤਾ। ਉਨਾਂ ਕਿਹਾ ਕਿ ਲੰਬੇ ਅਰਸੇ ਤੋਂ ਲਾਵਾਰਿਸ ਹਾਲਤ ਕਾਰਣ ਮੁੱਢਲੀਆਂ ਸਹੂਲਤਾਂ ਤੋਂ ਸੱਖਣੀ ਮਹੇਸ਼ ਨਗਰ ਕਲੋਨੀ ਦੀ ਹਾਲਤ ਵਿੱਚ ਸਿਫਤੀ ਸੁਧਾਰ ਲਿਆਉਣ ਦੀ ਮੰਸ਼ਾ ਨਾਲ ਕਲੋਨੀ ਵਾਸੀਆਂ ਵੱਲੋਂ ਗਠਿਤ ਮਹੇਸ਼ ਨਗਰ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਟੀਮ ਨੇ ਕਲੋਨੀ ਦੇ ਬਾਸ਼ਿੰਦਿਆਂ ਦੇ ਸਹਿਯੋਗ ਨਾਲ ਕਲੋਨੀ ਦੀ ਨੁਹਾਰ ਬਦਲਣ ਦਾ ਤਹੱਈਆ ਕੀਤਾ ਹੈ। ਜਿਸ ਲਈ ਐਸੋਸੀਏਸ਼ਨ ਨੇ ਸਾਲ 2014 ਤੋਂ ਹੀ ਅਪਰੂਵਡ ਕਲੋਨੀ ਮਹੇਸ਼ ਗਰੀਨ ਦੇ ਮਾਲਿਕਾਂ ਦਾ ਸਹਿਯੋਗ ਲੈ ਕੇ ਕਲੋਨੀ ਦਾ ਚੌਤਰਫਾ ਵਿਕਾਸ ਕਰਨ ਦੀ ਰੂਪ ਰੇਖਾ ਵੀ ਤਿਆਰ ਕਰ ਲਈ ਹੈ। ਪਰੰਤੂ ਸ਼ਹਿਰ ਦਾ ਇੱਕ ਘੜੰਮ ਚੌਧਰੀ ਆਪਣੇ ਨਿੱਜੀ ਹਿੱਤ ਲਈ ਕਲੋਨੀ ਦੇ ਵਿਕਾਸ ਵਿੱਚ ਹਰ ਦਿਨ ਅੜਿੱਕਾ ਪਾਉਣ ਲਈ ਬਜਿੱਦ ਹੈ।
ਕਲੋਨੀ ਵਾਲਿਆਂ ਨੂੰ ਪ੍ਰਸ਼ਾਸ਼ਨ ਨੇ ਪ੍ਰੇਸ਼ਾਨ ਕੀਤਾ ਤਾਂ ਦਿਆਂਗੇ ਅਣਮਿੱਥੇ ਸਮੇਂ ਲਈ ਧਰਨਾ
ਐਸੋਸੀਏਸ਼ਨ ਦੇ ਪ੍ਰਧਾਨ ਜੁਗਰਾਜ ਸਿੰਘ ਨੇ ਕਿਹਾ ਕਿ ਜਿੱਥੇ ਐਸੋਸੀਏਸ਼ਨ ਦੇ ਅਹੁਦੇਦਾਰ ਸੁਹਿਰਦ ਮੈਂਬਰਾਂ ਦਾ ਸਾਥ ਲੈ ਕੇ ਕਲੋਨੀ ਦੇ ਵਿਕਾਸ ਲਈ ਤਿਆਰ ਯੋਜਨਾ ਨੂੰ ਅਮਲੀ ਰੂਪ ਦੇਣ ਵਿੱਚ ਲੱਗੇ ਹੋਏ ਹਨ। ਉੱਥੇ ਹੀ ਇੱਕ ਘੜੰਮ ਚੌਧਰੀ ਨਗਰ ਕੌਂਸਲ/ ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਦੇ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ ਕਲੋਨਾਈਜ਼ਰ ਨੂੰ ਬਲੈਕਮੇਲ ਕਰਕੇ ਆਪਣਾ ਨਿੱਜੀ ਹਿੱਤ ਪੂਰਾ ਕਰਨ ਲਈ ਤਰਲੋਮੱਛੀ ਹੋ ਰਿਹਾ ਹੈ। ਉਨਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਕਲੋਨੀ ਵਾਸੀਆਂ ਨੂੰ ਬਿਨਾਂ ਵਜ੍ਹਾ ਤੋਂ ਪਰੇਸ਼ਾਨ ਨਾ ਕੀਤਾ ਜਾਵੇ। ਜੇਕਰ ਪ੍ਰਸ਼ਾਸ਼ਨ ਨੇ ਕਲੋਨੀ ਵਾਸੀਆਂ ਨੂੰ ਪ੍ਰੇਸ਼ਾਨ ਕਰਨ ਦੀ ਨੀਤੀ ਅਪਣਾਈ ਤਾਂ ਕਲੋਨੀ ਵਾਸੀ ਬਰਨਾਲਾ-ਹੰਡਿਆਇਆ ਮੁੱਖ ਸੜ੍ਹਕ ਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦੇਣਗੇ ।
ਘੜੰਮ ਚੌਧਰੀ ਬਾਜ਼ ਨਾ ਆਇਆ ਤਾਂ ਜਾਰੀ ਕਰਾਂਗੇ ਉਹਦੀ ਸੌਦੇਬਾਜੀ ਦੀ ਆਡਿਉ
ਪ੍ਰਧਾਨ ਜੁਗਰਾਜ ਸਿੰਘ ਨੇ ਹੈਰਾਨੀਜਨਕ ਖੁਲਾਸਾ ਕਰਦਿਆਂ ਕਿਹਾ ਕਿ ਘਡੰਮ ਚੌਧਰੀ ਨੇ ਕੁਝ ਸਮਾਂ ਪਹਿਲਾਂ ਕਲੋਨਾਈਜ਼ਰ ਨੂੰ ਬਲੈਕਮੇਲ ਕਰਨ ਲਈ ਸੌਦੇਬਾਜ਼ੀ ਲਈ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਉਸ ਨੇ ਕਲੋਨਾਈਜ਼ਰ ਤੋਂ ਪਹਿਲਾਂ ਇੱਕ ਪਲਾਟ ਮੁਫਤ ਦੇਣ ਦੀ ਮੰਗ ਕੀਤੀ ,ਪਰੰਤੂ ਕਿਸੇ ਕਾਰਣ ਗੱਲਬਾਤ ਸਿਰੇ ਨਾ ਚੜ੍ਹੀ । ਉਨਾਂ ਕਿਹਾ ਕਿ ਗੱਲਬਾਤ ਇੱਥੇ ਤੱਕ ਹੀ ਬੱਸ ਨਹੀਂ ਰਹੀ, ਨਗਰ ਕੌਂਸਲ ਚੋਣਾਂ ਤੋਂ ਬਾਅਦ ਘੜੰਮ ਚੌਧਰੀ ਨੇ ਆਪਣੀ ਵਧੀ ਤਾਕਤ ਦਾ ਭੈਅ ਦਿਖਾ ਕੇ ਆਪਣਾ ਭਾਅ ਹੋਰ ਵਧਾਉਂਦੇ ਹੋਏ 2 ਪਲਾਟਾਂ ਦੀ ਡਿਮਾਂਡ ਸ਼ੁਰੂ ਕਰ ਦਿੱਤੀ। ਇਸ ਗੱਲਬਾਤ ਸਬੰਧੀ ਹੋ ਰਹੀ ਸੌਦੇਬਾਜ਼ੀ ਦੀ ਇੱਕ ਆਡਿਉ ਵੀ ਸਾਡੇ ਕੋਲ ਮੌਜੂਦ ਹੈ। ਜੇਕਰ ਘੜੰਮ ਚੌਧਰੀ ਆਪਣੀਆਂ ਹਸਕਤਾਂ ਤੋਂ ਬਾਜ਼ ਨਾ ਆਇਆ ਤਾਂ ਅਸੀਂ ਉਸ ਦੀ ਕਲੋਨਾਈਜ਼ਰ ਨਾਲ ਚੱਲ ਰਹੀ ਸੌਦੇਬਾਜੀ ਦੀ ਗੱਲਬਾਤ ਵਾਲੀ ਆਡਿਉ ਜਾਰੀ ਕਰਨ ਨੂੰ ਮਜਬੂਰ ਹੋਵਾਂਗੇ। ਉਨਾਂ ਕਿਹਾ ਕਿ ਜਦੋਂ ਕਲੋਨਾਈਜ਼ਰ ਨੇ ਉਕਤ ਸ਼ਰਤਾਂ ਮੰਣਨ ਤੋਂ ਨਾਂਹ ਕਰ ਦਿੱਤੀ ਤਾਂ ਘਡੰਮ ਚੌਧਰੀ ਨੇ ਆਪਣਾ ਨਿੱਜੀ ਲਾਲਚ ਪੂਰਾ ਨਾ ਹੋਣ ਕਰਕੇ ਫਿਜ਼ੂਲ ਦਾ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ।