-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਲ (ਲੜਕੇ), ਗਿੱਲ ਲੜਕੀਆਂ, ਲੁਹਾਰਾ ਅਤੇ ਰਣੀਆ ਸਮੇਤ ਜ਼ਿਲੇ ਦੇ ਬਹੁਤ ਸਾਰੇ ਸਕੂਲ ਮੁਕਾਬਲੇ ‘ਚ ਲੈ ਚੁੱਕੇ ਹਨ ਹਿੱਸਾ
ਰਿਚਾ ਨਾਗਪਾਲ , ਲੁਧਿਆਣਾ, 8 ਜੂਨ 2021
ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਸਮਾਗਮਾਂ ਦੀ ਲੜੀ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਅਤੇ ਡਾਇਰੈਕਟਰ ਐਸ.ਸੀ.ਈ.ਆਰ.ਟੀ. ਸ੍ਰੀ ਜਗਤਾਰ ਸਿੰਘ ਕੁੂਲੜੀਆ ਦੀ ਦੇਖ-ਰੇਖ ਹੇਠ ਚਾਰ ਵੱਖ-ਵੱਖ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫਸਰ (ਸੈ.ਸਿੱ.) ਸ੍ਰੀ ਲਖਵੀਰ ਸਿੰਘ ਸਮਰਾ ਨੇ ਦੱਸਿਆ ਕਿ ਸਕੂਲ ਪੱਧਰ ਤੇ ਇਹ ਮੁਕਾਬਲੇ ਸਕੂਲ ਮੁੱਖੀਆਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਅਧਿਆਪਕਾਂ ਅਤੇ ਵਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਕਰਵਾਏ ਜਾ ਰਹੇ ਹਨ। ਸਕੂਲ ਪੱਧਰ ਤੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਬਲਾਕ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੇ।
ਉਹਨਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਲ ਲੜਕੇ, ਗਿੱਲ ਲੜਕੀਆਂ, ਲੁਹਾਰਾ ਅਤੇ ਰਣੀਆ ਸਮੇਤ ਜ਼ਿਲੇ ਦੇ ਬਹੁਤ ਸਾਰੇ ਸਕੂਲ ਇਸ ਮੁਕਾਬਲੇ ਵਿੱਚ ਭਾਗ ਲੈ ਚੁੱਕੇ ਹਨ। ਉਪ ਜ਼ਿਲਾ ਸਿੱਖਿਆ ਅਫਸਰ ਡਾ. ਚਰਨਜੀਤ ਸਿੰਘ ਜਲਾਜਣ ਨੇ ਮੁਕਾਬਲਿਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਾਰੇ ਸਕੂਲਾਂ ਵਲੋਂ ਭਾਗ ਲੈਣਾ ਜਰੂਰੀ ਹੈ ਅਤੇ ਪਹਿਲਾ ਮੁਕਾਬਲਾ ‘ਲੇਖ ਰਚਨਾ’ ਜੋ ਕਿ 31 ਮਈ ਤੱਕ ਹੋਇਆ ਹੈ। ਹੁਣ ਦੂਜਾ ਮੁਕਾਬਲਾ ‘ਕਵਿਤਾ ਗਾਇਨ’ ਸ਼ੁਰੂ ਹੋਇਆ ਹੈ, ਜੋ ਕਿ 30 ਜੂਨ ਤੱਕ ਚੱਲੇਗਾ।
ਇਸ ਮੌਕੇ ਤੇ ਜ਼ਿਲਾ ਨੋਡਲ ਅਫਸਰ ਗੁਰਕ੍ਰਿਪਾਲ ਸਿੰਘ ਬਰਾੜ, ਸੁਪਰਡੈਂਟ ਪਰਮਜੀਤ ਸਿੰਘ, ਕਲਰਕ ਗੁਰਪ੍ਰੀਤ ਸਿੰਘ ਟੂਸਾ ਅਤੇ ਤਕਨੀਕੀ ਸਹਾਇਕ ਪ੍ਰੀਤ ਮਹਿੰਦਰ ਸਿੰਘ ਤੇ ਵਿਪਨ ਪਾਲ ਗੁਰੂ ਵੀ ਹਾਜ਼ਰ ਸਨ।