ਫ਼ਿਲਮੀ ਸਾਹਿਤਕ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਨੇ ਕੀਤਾ ਅਫਸੋਸ ਦਾ ਪ੍ਰਗਟਾਵਾ
ਸ਼ਿਵ ਕੁਮਾਰ ਬਟਾਲਵੀ ਨੂੰ ਸਾਹਿੱਤ ਜਗਤ ਵਿੱਚ ਮੁੱਢਲੀ ਪਛਾਣ ਦਿਵਾਉਣ ਵਾਲੇ ਸ਼ਿਵ
ਹਰਪ੍ਰੀਤ ਕੌਰ ਬਬਲੀ , ਸੰਗਰੂਰ, ਲੁਧਿਆਣਾ: 26 ਮਈ 2021 ਸ਼ਿਵ ਕੁਮਾਰ ਬਟਾਲਵੀ ਨੂੰ ਸਾਹਿੱਤ ਜਗਤ ਵਿੱਚ ਮੁੱਢਲੀ ਪਛਾਣ ਦਿਵਾਉਣ ਵਾਲੇ ਸ਼ਿਵ ਦੇ ਚੰਨ ਵੀਰ, ਪ੍ਰਸਿੱਧ ਕਾਵਿ ਸੰਗ੍ਰਹਿ ਕੇਰਾ ਕਿਰਨਾਂ ਦੇ ਲੇਖਕ,ਉੱਘੇ ਵਾਲੀਬਾਲ ,ਕਬੱਡੀ ਖਿਡਾਰੀ ਤੇ ਗੀਤਕਾਰ ਸ: ਗੁਰਚਰਨ ਸਿੰਘ ਬੋਪਾਰਾਏ ਦਾ ਅੱਜ ਸਵੇਰੇ ਮੋਹਾਲੀ ਚ ਦੇਹਾਂਤ ਹੋਣ ਤੇ ਸਾਹਿੱਤਕ ਤੇ ਸਭਿਆਚਾਰਕ ਹਲਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੇਸ਼ ਵੰਡ ਮਗਰੋਂ ਗੁਰਦਾਸਪੁਰ ਦੇ ਪਿੰਡ ਚੱਠਾ(ਨੇੜੇ ਧਿਆਨਪੁਰ)ਵੱਸੇ ਸ: ਬੋਪਾਰਾਏ ਪੰਜਾਬ ਦੀ ਇਪਟਾ ਲਹਿਰ ਦੇ ਵੀ ਤੇਰਾ ਸਿੰਘ ਚੰਨ ਜੀ ਦੀ ਅਗਵਾਈ ਹੇਠ ਅਮਰਜੀਤ ਗੁਰਦਾਸਪੁਰੀ, ਪੰਜਾਬੀ ਲੋਕ ਸੰਗੀਤ ਮਲਿਕਾ ਸੁਰਿੰਦਰ ਕੌਰ, ਜੋਗਿੰਦਰ ਬਾਹਰਲਾ, ਪ੍ਰੋ: ਨਿਰੰਜਨ ਸਿੰਘ ਮਾਨ, ਸਵਰਨ ਸਿੰਘ ਵਿਮਕੋ ਦੇ ਸਰਗਰਮ ਸਾਥੀ ਸਨ।
ਖਾਲਸਾ ਕਾਲਿਜ ਅੰਮ੍ਰਿਤਸਰ ਚ ਪੜ੍ਹਨ ਸਮੇਂ ਤੋਂ ਲੈ ਕੇ ਮਰਦੇ ਦਮ ਤੀਕ ਉਹ ਆਪਣੇ ਮਿੱਤਰਾਂ ਸਵਰਨ ਸਿੰਘ ਨਾਲ ਰਲ ਕੇ ਗਾਉਂਦੇ ਰਹੇ।
ਪੰਜਾਬੀ ਲੋਕ ਗਾਇਕਾ ਜਗਮੋਹਨ ਕੌਰ ਨੂੰ ਵੀ ਉਨ੍ਹਾਂ ਨੇ ਹੀ ਬਚਪਨ ਤੋਂ ਸੰਗੀਤ ਖੇਤਰ ਚ ਅਗਵਾਈ ਦਿੱਤੀ। ਉੱਚ ਮਿਆਰੀ ਸਾਹਿੱਤਕ ਗੀਤਾਂ ਮੈਨੂੰ ਦੌਣੀ ਨੀ ਘੜਾ ਕੇ ਦਿੱਤੀ ਸਹੁਰਿਆਂ ਨੀ ਸੂਰਜੇ ਦਾ ਨਗ ਜੜਿਆ, ਕੀਹਨੂੰ ਵੇਖ ਕੇ ਸੰਧੂਰੀ ਹੋਈਆਂ ਅੰਬੀਆਂ ਕੌਣ ਲੰਘੀ ਮੇਰੇ ਬਾਗ ਚੋਂ, ਵੇ ਜਾਹ ਪਹਿਲਾਂ ਜੰਗ ਜਿੱਤ ਆ ਫੇਰ ਆਣ ਕੇ ਲਵਾਂਗੇ ਲਾਵਾਂ ਅਤੇ ਮੈਨੂੰ ਤੋਰ ਮੁਕਲਾਵੇ ਤੋਰ ਅੰਬੜੀਏ ਤੋਰ ਨੀ ਵਰਗੇ ਗੀਤਾਂ ਦੇ ਸਿਰਜਕ ਗੁਰਚਰਨ ਸਿੰਘ ਬੋਪਾਰਾਏ ਦੇ ਗੀਤਾਂ ਨੂੰ ਸੁਰਿੰਦਰ ਕੌਰ,ਨਰਿੰਦਰ ਬੀਬਾ, ਜਗਮੋਹਨ ਕੌਰ,ਅਮਰਜੀਤ ਗੁਰਦਾਸਪੁਰੀ, ਜਗਜੀਤ ਸਿੰਘ ਜ਼ੀਰਵੀ,ਰਾਜਿੰਦਰ ਰਾਜਨ,ਗੁਰਮੀਤ ਬਾਵਾ ਤੇ ਹੰਸ ਰਾਜ ਹੰਸ ਜੀ ਨੇ ਵੀ ਗਾਏ।
ਉਨ੍ਹਾਂ ਦੇ ਵਿਛੋੜੇ ਤੇ ਅਫਸੋਸ ਪ੍ਰਗਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਉਹ ਮੇਰੇ ਸਮੇਤ ਸੈਂਕੜੇ ਸਾਹਿੱਤ ਸਿਰਜਕਾਂ ਦੇ ਮਾਰਗ ਦਰਸ਼ਕ ਸਨ। ਉਨ੍ਹਾਂ ਨਾਲ ਆਖਰੀ ਵਾਰਤਾਲਾਪ ਸਿਰਫ਼ ਵੀਹ ਦਿਨ ਪਹਿਲਾਂ ਹੋਇਆ। ਸ਼ਿਵ ਕੁਮਾਰ ਬਟਾਲਵੀ ਦੇ ਵਿਆਹ ਅਤੇ ਕਈ ਹੋਰ ਮਾਮਲਿਆਂ ਤੇ ਉਨ੍ਹਾਂ ਬਹੁਤ ਦਿਲਚਸਪ ਗੱਲਾਂ ਦੱਸੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਸ ਪ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਲੋਕ ਗਾਇਕ ਅਮਰਜੀਤ ਗੁਰਦਾਸਪੁਰੀ,ਸੁਰਿੰਦਰ ਸ਼ਿੰਦਾ,ਪੰਮੀ ਬਾਈ, ਪਾਲੀ ਦੇਤਵਾਲੀਆ, ਦਿਲਬਾਗ ਸਿੰਘ ਹੁੰਦਲ,ਰਵਿੰਦਰ ਰੰਗੂਵਾਲ, ਗੀਤਕਾਰ ਸ਼ਮਸ਼ੇਰ ਸਿੰਘ ਸੰਧੂ, ਅਸ਼ੋਕ ਬਾਂਸਲ ਮਾਨਸਾ ਤੇ ਸਰਬਜੀਤ ਵਿਰਦੀ ਨੇ ਵੀ ਸ: ਗੁਰਚਰਨ ਸਿੰਘ ਬੋਪਾਰਾਏ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਇਸੇ ਦੌਰਾਨ ਇਪਟਾ ਦੀ ਪੰਜਾਬ ਇਕਾਈ ਨੇ ਵੀ ਉਨ੍ਹਾਂ ਦੇ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ 1955 ਤੋਂ ਇਪਟਾ ਦੀਆਂ ਪੰਜਾਬ ਵਿਚਲੀ ਸਭਿਆਚਾਰਕ ਤੇ ਰੰਗਮੰਚੀ ਗਤੀਵਿਧੀਆਂ ਦਾ ਅਹਿਮ ਹਿੱਸਾ ਰਹੇ ਅਤੇ ਹੋਮ ਗਾਰਡ ਤੋਂ ਬਟਾਲੀਅਨ ਕਮਾਂਡਰ ਰਿਟਾਇਰ ਹੋਏ ਗੁਰਚਰਨ ਸਿੰਘ ਬੋਪਾਰਾਏ ਜੀ ਨੇ ਸ: ਤੇਰਾ ਸਿੰਘ ਦੀ ਅਗਵਾਈ ਹੇਠ ਬਣੀ ਇਪਟਾ ਸਭਿਆਚਾਰਕ ਟੋਲੀ ਦਾ ਸੁਰਿੰਦਰ ਕੌਰ (ਲੋਕ-ਗਾਇਕਾ), ਅਮਰਜੀਤ ਗੁਰਦਾਸਪੁਰੀ (ਲੋਕ-ਗਾਇਕ), ਨਿਰੰਜਣ ਸਿੰਘ ਮਾਨ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਡਾ.ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ, ਰਾਜਵੰਤ ਕੌਰ ਮਾਨ ‘ਪ੍ਰੀਤ’, ਡਾ. ਇਕਬਾਲ ਕੌਰ, ਓਰਮਿਲਾ ਆਨੰਦ, ਓਮਾ ਗੁਰਬਖਸ਼ ਸਿੰਘ, ਸਵਰਣ ਸੰਧੂ, ਕੰਵਲਜੀਤ ਸਿੰਘ ਸੂਰੀ, ਡਾ. ਹਰਸ਼ਰਨ ਸਿੰਘ ਏਕਲਗੱਡਾ ਸਮੇਤ ਅਹਿਮ ਹਿੱਸਾ ਸਨ।ਇਸ ਟੋਲੀ ਨੇ ਪੰਜਾਬ ਦੇ ਸਭਿਆਚਾਰਕ ਤੇ ਰੰਗਮੰਚੀ ਦ੍ਰਿਸ਼ ਵਿਚ ਜ਼ਿਕਰਯੋਗ ਤਬੀਦੀਲੀ ਲਿਆਂਦੀ।
ਉਨਾਂ ਦੇ ਪੁਰਾਣੇ ਸਾਥੀਆਂ ਅਮਰਜੀਤ ਗੁਰਦਾਸਪੁਰੀ (ਲੋਕ-ਗਾਇਕ), ਡਾ.ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ, ਰਾਜਵੰਤ ਕੌਰ ਮਾਨ ‘ਪ੍ਰੀਤ’, ਡਾ. ਇਕਬਾਲ ਕੌਰ, ਕਲਮਕਾਰ ਰਿਪੁਦਮਨ ਸਿੰਘ ਰੂਪ, ਅਤੇ ਲੋਕ ਗਾਇਕਾ ਡੋਲੀ ਗੁਲੇਰੀਆ, ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ,ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ ਅਤੇ ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਦਲਬਾਰ ਸਿੰਘ, ਹਰਜੀਤ ਕੈਂਥ, ਜੇ ਸੀ ਪਰਿੰਦਾ, ਡਾ. ਕੁਲਦੀਪ ਦੀਪ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਪ੍ਰਦੀਪ ਸ਼ਰਮਾ, ਡਾ.ਹਰਭਜਨ ਸਿੰਘ, ਨਰਿੰਦਰ ਨੀਨਾ, ਅਸ਼ੋਕ ਪੁਰੀ, ਵਿੱਕੀ ਮਹੇਸਰੀ, ਇੰਦਜੀਤ ਮੋਗਾ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਕ ‘ਕੁੱਕੂ’, ਸੈਵੀ ਸਤਵਿੰਦਰ ਕੌਰ ਅਤੇ ਰਿੱਤੂਰਾਗ ਨੇ ਸ੍ਰੀ ਗੁਰਚਰਨ ਸਿੰਘ ਬੋਪਾਰਏ ਦੇ ਵਿਛੌੜੇ ਉਪਰ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੇ ਉਨਾਂ ਹੋਰਾਂ ਦੇ ਪ੍ਰੀਵਾਰ ਦੇ ਦੁੱਖ ਵਿਚ ਸ਼ਰੀਕ ਹੁੰਦੇ ਕਿਹਾ ਕਿ ਬੋਪਾਰਾਏ ਹੋਰਾਂ ਸਭਿਆਚਾਰ ਤੇ ਰੰਗਮੰਚ ਦੇ ਖੇਤਰ ਵਿਚ ਨਿੱਘਰ ਹਿੱਸਾ ਪਾਇਆਂ।ਉਹ ਆਖਰੀ ਦਮ ਤੱਕ ਇਪਟਾ ਦੀਆਂ ਗਤੀਵਧੀਆਂ ਅਤੇ ਸਾਹਿਤਕ ਸਰਗਰਮੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ।
ਉਨ੍ਹਾਂ ਦਾ ਅੱਜ ਮੋਹਾਲੀ ਚ ਅੰਤਿਮ ਸੰਸਕਾਰ ਕੀਤਾ ਜਾਵੇਗਾ।
Advertisement