ਜ਼ਿਲੇ ਭਰ ਵਿੱਚ 34858 ਡੋਜ਼ ਕੋਰੋਨਾ ਵੈਕਸੀਨ ਲਗਾਈ ਗਈ : ਸਿਵਲ ਸਰਜਨ
ਹਰਿੰਦਰ ਨਿੱਕਾ, ਬਰਨਾਲਾ, 21 ਅਪ੍ਰੈਲ 2021
ਕੋਵਿਡ-19 ਦੀ ਮਹਾਂਮਾਰੀ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਵੱਲੋਂ ਜ਼ਿਲੇ ਭਰ ਵਿੱਚ ਦਾਣਾ ਮੰਡੀਆਂ, ਪਿੰਡਾਂ/ਕਸਬਿਆਂ/ਸ਼ਹਿਰਾਂ ਆਦਿ ਵਿਖੇ ਕੈਂਪ ਲਗਾ ਕੇ ਲੋਕਾਂ ਦੇ ਵੈਕਸੀਨ ਲਗਾਈ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੇ ਵੈਕਸੀਨ ਲਗਾ ਕੇ ਸਿਹਤਯਾਬ ਰੱਖਿਆ ਜਾ ਸਕੇ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਨੇ ਦਿੱਤੀ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਟੀਕਾਕਰਨ ਤਹਿਤ ਵੈਕਸੀਨ ਟੀਕਾਕਰਨ ਕਰਵਾਉਣ ਲਈ 58 ਸਾਲ ਦਾ ਕੁਲਵੰਤ ਸਿੰਘ ਆਪਣੀ 86 ਸਾਲ ਦੀ ਸੱਸ ਜੀਤ ਕੌਰ ਨਾਲ ਹੈਲਥ ਐਂਡ ਵੈਲਨੈਸ ਸੈਂਟਰ ਉਗੋਕੇ ਵਿਖੇ ਪਹੁੰਚੇ ਅਤੇ ਆਪਣੇ ਅਤੇ ਆਪਣੀ ਸੱਸ ਦੇ ਵੈਕਸੀਨ ਲਗਵਾਈ। ਇਸ ਮੌਕੇ ਬੋਲਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਸਾਰੇ ਹੀ ਲੋਕਾਂ ਨੂੰ ਇਹਨਾਂ ਵੈਕਸੀਨੇਸ਼ਨ ਮੁਹਿੰਮ ਦਾ ਲਾਹਾ ਲੈਂਦਿਆਂ ਟੀਕੇ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਕੋਰੋਨਾ ਮਹਾਮਾਰੀ ਦੇ ਖਿਲਾਫ ਸੁਰੱਖਿਅਤ ਹੋ ਸਕੀਏ।
ਜ਼ਿਲਾ ਸਿਹਤ ਵਿਭਾਗ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਵਿੱਚ ਤਪਾ ਬਲਾਕ ਅਧੀਨ ਪੰਚਾਇਤਾਂ ਤੇ ਹੋਰਨਾਂ ਵਿਭਾਗਾਂ ਤੇ ਸਮਾਜਿਕ-ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਮੁਫ਼ਤ ਕੋਵਿਡ-19 ਵੈਕਸੀਨ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੇ ਟੀਕਾਕਰਨ ਕੀਤਾ ਜਾ ਸਕੇ ਤਾਂ ਜੋ ਲੋਕ ਖੁਦ ਆਪ, ਆਪਣਾ ਪਰਿਵਾਰ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੀ ਇਸ ਮਹਾਂਮਾਰੀ ਤੋਂ ਬਚਾਅ ਸਕਣ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲਾ ਬਰਨਾਲਾ ‘ਚ ਕੁੱਲ 34858 ਡੋਜ਼ਾਂ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ, ਜਿਨਾਂ ਵਿਚੋਂ 2755 ਡੋਜ਼ਾਂ ਸਿਹਤ ਵਿਭਾਗ ਦੇ ਕਰਮਚਾਰੀਆਂ, 7317 ਡੋਜ਼ਾਂ ਫ਼ਰੰਟ ਲਾਈਨ ਵਰਕਰਾਂ ਅਤੇ 24786 ਡੋਜ਼ਾਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਈਆਂ ਗਈਆਂ ਹਨ।