MLA ਅਰੁਣ ਨਾਰੰਗ ਨੂੰ ਨੰਗਾ ਕਰਕੇ ਕੀਤੀ ਖਿੱਚਧੂਹ ਦਾ ਮਾਮਲਾ- ਐਸ.ਪੀ ਧਾਲੀਵਾਲ ਦੇ ਬਿਆਨ ਤੇ 300 ਤੋਂ ਵੱਧ ਕਿਸਾਨਾਂ ਤੇ ਇਰਾਦਾ ਕਤਲ ਦਾ ਕੇਸ

Advertisement
Spread information

ਵੱਡਾ ਸਵਾਲ- ਐਮ.ਐਲ.ਏ . ਨਾਰੰਗ ਦੇ ਬਿਆਨ ਤੇ ਕਿਉਂ ਨਹੀਂ ਦਰਜ਼ ਕੀਤਾ ਕੇਸ ?


ਹਰਿੰਦਰ ਨਿੱਕਾ . ਮਲੋਟ 28 ਮਾਰਚ 2021

        ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵੀ 27 ਮਾਰਚ ਦੀ ਬਾਅਦ ਦੁਪਹਿਰ ਮਲੋਟ ਵਿਖੇ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਖਿੱਚਧੂਹ ਕਰਕੇ ਕੱਪੜੇ ਫਾੜ ਦੇਣ ਦੀ ਘਟਨਾ ਨੂੰ ਲੈ ਕੇ ਪੁਲਿਸ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਦੀ ਚੁਫੇਰਿਉਂ ਹੋ ਰਹੀ ਕਿਰਕਰੀ ਤੋਂ ਬਾਅਦ ਪੁਲਿਸ ਨੇ ਕੁਝ ਮੋਹਰੀ ਕਿਸਾਨ ਆਗੂਆਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਹੈ। ਇਹ ਕੇਸ ਵਿਧਾਇਕ ਨਾਰੰਗ ਨੂੰ ਬਚਾਅ ਕੇ ਕੱਢਣ ਸਮੇਂ ਪ੍ਰਦਰਸ਼ਨਕਾਰੀਆਂ ਦੇ ਹਮਲੇ ਵਿੱਚ ਜਖਮੀ  ਹੋਏ ਗੁਰਮੇਲ ਸਿੰਘ ਧਾਲੀਵਾਲ ਐਸ.ਪੀ. ਐਚ ,ਜਿਲ੍ਹਾ ਮੁਕਤਸਰ ਦੇ ਬਿਆਨ ਤੇ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਐਸ.ਪੀ. ਗੁਰਮੇਲ ਸਿੰਘ ਨੇ ਦੱਸਿਆ ਕਿ ਵਿਧਾਇਕ ਨਾਰੰਗ ਅਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਗੋਰਾ ਫੁਟੇਲਾ ਉਰਫ ਰਾਜੇਸ਼ ਫੁਟੇਲਾ ਵੱਲੋਂ ਨੈਸ਼ਨਲ ਹਾਈਵੇ ਨੰਬਰ 7 ਮੇਨ ਸੜ੍ਹਕ ਤੇ ਸਥਿਤ ਭਾਜਪਾ ਦੇ ਦਫਤਰ ਵਿੱਚ ਪ੍ਰੈਸ ਕਾਨਫਰੰਸ ਰੱਖੀ ਗਈ ਸੀ। ਜਿਸ ਸਬੰਧੀ ਸਕਿਊਰਟੀ ਪ੍ਰੋਗਰਾਮ ਵੀ ਜਾਰੀ ਹੋਇਆ ਸੀ। ਜਿਸ ਦੀ ਨਿਗਰਾਨੀ ਉਹ ਕਰ ਰਹੇ ਸਨ। ਇਸ ਮੌਕੇ ਜਸਪਾਲ ਸਿੰਘ ਡੀਐਸਪੀ ਮਲੋਟ ,ਇੰਸਪੈਕਟਰ ਹਰਜੀਤ ਸਿੰਘ ਐਸਐਚਉ ਸਿਟੀ ਮਲੋਟ ਤੇ ਇੰਸਪੈਕਟਰ ਪਰਮਜੀਤ ਸਿੰਘ ,ਐਸ.ਐਚ.ਉ ਸਦਰ ਮਲੋਟ ਸਮੇਤ ਪੁਲਿਸ ਫੋਰਸ ਤਾਇਨਾਤ ਸੀ।

Advertisement

          ਇਸੇ ਦੌਰਾਨ ਕਰੀਬ 3 ਕੁ ਵਜੇ ਨਿਰਮਲ ਸਿੰਘ ਜੱਸੇਆਣਾ ਵਾਸੀ ਪਿੰਡ ਜੱਸੇਆਣਾ, ਜਰਨਲ ਸੈਕਟਰੀ, ਲੱਖਣਪਾਲ ਸਿੰਘ ਉਰਫ ਲੱਖਾ ਸ਼ਰਮਾ ਵਾਸੀ ਪਿੰਡ ਆਲਮਵਾਲਾ,ਬਲਾਕ ਪ੍ਰਧਾਨ ਬੀ.ਕੇ.ਯੂ. ਵੀ ਆਪਣੇ 250/300 ਅਣਪਛਾਤੇ ਵਰਕਰਾਂ ਤੇ ਆਗੂਆਂ ਸਮੇਤ ਭਾਜਪਾ ਦੇ ਦਫਤਰ ਅੱਗੇ ਸੜ੍ਹਕ ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰਨ ਲੱਗ ਪਏ। ਅਜਿਹੇ ਹਾਲ ਬਣ ਜਾਣ ਕਾਰਣ ਉਨਾਂ ਭਾਜਪਾ ਪ੍ਰਧਾਨ ਗੋਰਾ ਫੁਟੇਲਾ, ਸ਼ਹਿਰੀ ਪ੍ਰਧਾਨ ਸੀਤਾ ਰਾਮ ਨੂੰ ਐਸ.ਐਮ.ਐਸ. ਭੇਜ ਕੇ ਉੱਥੇ ਨਾ ਆਉਣ ਲਈ ਕਿਹਾ ਅਤੇ ਆਪਣਾ ਪ੍ਰੈਸ ਕਾਨਫਰੰਸ ਦਾ ਪ੍ਰੋਗਰਾਮ ਮਲੋਟ ਵਿਖੇ ਕਿਸੇ ਹੋਰ ਜਗ੍ਹਾ ਤੇ ਕਰਨ ਦੀ ਬੇਨਤੀ ਕੀਤੀ। ਪਰੰਤੂ ਥੋੜ੍ਹੇ ਸਮੇਂ ਬਾਅਦ ਹੀ ਐਮ.ਐਲ.ਏ ਨਾਰੰਗ ਸਾਹਿਬ, ਗੋਰਾ ਫੁਟੇਲਾ ਤੇ ਹੋਰ ਆਗੂ ਭਾਜਪਾ ਦਫਤਰ ਕੋਲ ਪਹੁੰਚ ਗਏ। ਪ੍ਰਦਰਸ਼ਨਕਾਰੀਆਂ ਨੇ ਇੱਨਾਂ ਆਗੂਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਐਮ.ਐਲ.ਏ ਸਾਬ੍ਹ ਨੂੰ ਸੁਰੱਖਿਆ ਘੇਰੇ ਅਧੀਨ ਦਫਤਰ ਦੇ ਨੇੜੇ ਵਾਲੀ ਦੁਕਾਨ ਵਿੱਚ ਬਿਠਾ ਦਿੱਤਾ। ਫਿਰ ਵੀ ਪ੍ਰਦਰਸ਼ਨਕਾਰੀਆਂ ਨੇ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ। ਹਾਲਤ ਤਣਾਅਪੂਰਣ ਹੁੰਦੇ ਦੇਖ ਪੁਲਿਸ ਕੰਟਰੋਲ ਰੂਮ ਤੋਂ ਹੋਰ ਸੁਰੱਖਿਆ ਫੋਰਸ ਵੀ ਮੰਗਵਾਈ ਗਈ।

          ਪ੍ਰਦਰਸ਼ਨਕਾਰੀਆਂ ਦਾ ਇਕੱਠ ਵੀ ਹੋਰ ਵੱਧਦਾ ਹੀ ਗਿਆ। ਪ੍ਰਦਰਸ਼ਨਕਾਰੀਆਂ ਨੇ ਐਮ.ਐਲ.ਏ ਤੇ ਹੋਰ ਭਾਜਪਾ ਆਗੂਆਂ ਨੂੰ ਦੁਕਾਨ ਵਿੱਚ ਹੀ ਡੱਕ ਕੇ ਰੱਖਿਆ। ਇਸ ਮੌਕੇ ਮਨ ਐਸਪੀ ਨੇ ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਕਿ ਐਮ.ਐਲ.ਏ ਅਰੁਣ ਨਾਰੰਗ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਪਰੰਤੂ ਪ੍ਰਦਰਸ਼ਨਕਾਰੀਆਂ ਨੇ ਰੋਸ ਧਰਨਾ ਜਾਰੀ ਰੱਖਿਆ। ਜਦੋਂ ਪੁਲਿਸ ਪਾਰਟੀ ਐਮ.ਐਲ.ਏ ਸਾਬ੍ਹ ਨੂੰ ਉਨਾਂ ਦੀ ਸਕਾਰਪਿਊ ਗੱਡੀ ਤੱਕ ਛੱਡਣ ਲਈ ਜਾ ਰਹੀ ਸੀ ਤਾਂ ਪ੍ਰਦਰਸ਼ਨਕਾਰੀ ਹੋਰ ਐਗਰੈਸਵ ਹੋ ਗਏ ਤੇ ਸਾਬਕਾ ਫੌਜੀ ਅਵਤਾਰ ਸਿੰਘ ਨੇ ਪੁਲਿਸ ਦੇ ਬਚਾਉਂਦਿਆਂ-ਬਚਾਉਂਦਿਆਂ ਹੀ ਨਾਰੰਗ ਸਾਬ੍ਹ ਦੇ ਕੱਪੜੇ ਫਾੜ ਦਿੱਤੇ, ਉਨਾਂ ਨੂੰ ਨੀਵਾਂ ਦਿਖਾਉਣ ਲਈ, ਹੋਰ 2/3 ਪ੍ਰਦਰਸ਼ਨਕਾਰੀਆਂ ਨੇ ਐਮ.ਐਲ.ਏ ਅਤੇ ਉਨਾਂ ਦੀ ਗੱਡੀ ਤੇ ਪੁਲਿਸ ਕਰਮਚਾਰੀਆਂ ਤੇ ਕਾਲਾ ਤੇਲ ਪਾ ਦਿੱਤਾ।

        ਪੁਲਿਸ ਦੇ ਬਚਾਅ ਦੇ ਯਤਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਨਾਂ ਦੀ ਅਤੇ ਪੁਲਿਸ ਕਰਮਚਾਰੀਆਂ ਦੀ ਕੁੱਟਮਾਰ ਵੀ ਕੀਤੀ। ਪ੍ਰਦਰਸ਼ਨਕਾਰੀਆਂ ਦੇ ਹਮਲਾਵਰ ਰੁੱਖ ਕਾਰਣ ਮਨ ਐਸ.ਪੀ ਸਮੇਤ ਹੋਰ ਪੁਲਿਸ ਕਰਮਚਾਰੀ ਵੀ ਜਖਮੀ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਖਤੀ ਨਾਲ ਉੱਥੋਂ ਖਦੇੜ ਦਿੱਤਾ ਗਿਆ । ਐਸਪੀ ਗੁਰਮੇਲ ਸਿੰਘ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਐਮ.ਐਲ.ਏ ਤੇ ਪੁਲਿਸ ਕਰਮਚਾਰੀਆਂ ਤੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਹਮਲਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਡਿਊਟੀ ਵਿੱਚ ਵੀ ਵਿਘਨ ਪਾਇਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਹਰਜੀਤ ਸਿੰਘ ਐਸਐਚਉ ਥਾਣਾ ਸਿਟੀ ਮਲੋਟ ਨੇ ਐਸ.ਪੀ. ਦੇ ਬਿਆਨ ਅਤੇ ਮੈਡੀਕਲ ਰਿਪੋਰਟਾਂ ਦੇ ਅਧਾਰ ਤੇ ਲਖਣਪਾਲ ਉਰਫ ਲੱਖਾ ਸ਼ਰਮਾ, ਸਾਬਕਾ ਫੌਜੀ ਅਵਤਾਰ ਸਿੰਘ,ਨਿਰਮਲ ਸਿੰਘ ਜੱਸੇਆਣਾ ਤੋਂ ਇਲਾਵਾ 250/300 ਹੋਰ ਅਣਪਛਾਤਿਆਂ ਖਿਲਾਫ ਵੀ ਅਧੀਨ ਜੁਰਮ 307, 353, 186,188,323,332 342,506, 148, 149 ਆਈਪੀਸੀ ਤਹਿਤ ਦਰਜ਼ ਕਰ ਦਿੱਤਾ ਹੈ। ਪੁਲਿਸ ਨੇ ਬੇਸ਼ੱਕ ਪ੍ਰਦਰਸ਼ਨਕਾਰੀਆਂ ਖਿਲਾਫ ਸੰਗੀਨ ਜੁਰਮਾਂ ਅਧੀਨ ਕੇਸ ਦਰਜ ਕਰ ਲਿਆ ਹੈ।

ਲੋਕਾਂ ਵਿੱਚ ਚਰਚਾ ਛਿਡ ਗਈ,,,

           ਕਿ ਆਖਿਰ ਪੁਲਿਸ ਨੇ ਐਮ.ਐਲ.ਏ. ਅਰੁਣ ਨਾਰੰਗ ਦੇ ਬਿਆਨ ਤੇ ਕੇਸ ਦਰਜ਼ ਕਿਉਂ ਨਹੀਂ ਕੀਤਾ। ਇੱਥੇ ਹੀ ਬੱਸ ਨਹੀਂ ਪੁਲਿਸ ਨੇ ਕਿਸੇ ਜਖਮੀ ਦੇ ਜਾਨਲੇਵਾ ਕਿਸਮ ਦੀ ਸੱਟ ਦੀ ਬਜਾਏ ਸਿਰਫ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਹਮਲਾ ਕੀਤੇ ਹੋਣ ਦੇ ਬਿਆਨ ਨੂੰ ਅਧਾਰ ਮੰਨ ਕੇ ਹੀ ਇਰਾਦਾ ਕਤਲ ਦਾ ਕੇਸ ਦਰਜ ਕਰ ਦਿੱਤਾ ਹੈ। ਜਦੋਂ ਕਿ ਆਮ ਤੌਰ ਤੇ ਪੁਲਿਸ ਜਾਨਲੇਵਾ ਕਿਸਮ ਦੀ ਸੱਟ ਬਾਰੇ ਮੈਡੀਕਲ ਰਾਇ ਹਾਸਿਲ ਕਰਕੇ ਹੀ ਅਧੀਨ ਜੁਰਮ 307 ਆਈ.ਪੀ.ਸੀ. ਕੇਸ ਦਰਜ਼ ਕਰਦੀ ਹੈ।

Advertisement
Advertisement
Advertisement
Advertisement
Advertisement
error: Content is protected !!