ਸ਼ਹੀਦ ਭਗਤ ਸਿੰਘ ਦੇ ਹਕੀਕੀ ਵਾਰਸ ਨੌਜਵਾਨ ਕਿਸਾਨਾਂ ਸੰਭਾਲੀ ਮੋਰਚੇ ਦੀ ਕਮਾਨ
ਇਨਕਲਾਬ-ਜਿੰਦਾਬਦ,ਸਾਮਰਾਜਵਾਦ-ਮੁਰਦਾਬਾਦ ਦੇ ਅਕਾਸ਼ ਗੁੰੰਜਾਊ ਨਾਹਰਿਆਂ ਨਾਲ ਗੂੰਜ ਉੱਠੇ ਬਰਨਾਲੇ ਦੇ ਬਜਾਰ
ਹਰਿੰਦਰ ਨਿੱਕਾ, ਬਰਨਾਲਾ : 23 ਮਾਰਚ,2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ‘ਤੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਲਗਾਤਾਰ ਸੰਘਰਸ਼ ਦੇ ਅੱਜ ਆਪਣੇ 174 ਵੇਂ ਦਿਨ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਭਗਤ ਸਿੰਘ ,ਰਾਜਗੁਰੂ,ਸੁਖਦੇਵ ਨੂੰ ਸਮਰਪਿਤ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਦੇ ਹਕੀਕੀ ਵਾਰਸ ਨੌਜਵਾਨਾਂ ਕਿਸਨਾਂ ਨੇ ਅੱਜ ਦੀ ਸਟੇਜ ਬਾਖੂਬੀ ਸੰਭਾਲੀ। ਮੁੱਖ ਤੋਰ ’ਤੇ ਬੁਲਾਰੇ ਵੀ ਨੌਜਵਾਨ ਹੀ ਸਨ।ਰੇਲਵੇ ਸਟੇਸ਼ਨ ਬਰਨਾਲਾ ਵਿਖੇ ਅੱਜ ਬਸੰਤੀ ਪੱਗਾਂ,ਚੁੰਨੀਆਂ,ਪੱਟੀਆਂ ਬੰਨ੍ਹ ਪੁੱਜੇ ਕਾਫਲਿਆਂ ਹੜ੍ਹ ਆਇਆ ਹੋਇਆ ਸੀ। ਸ਼ਹੀਦੀ ਸਮਾਗਮ ਦੀ ਸ਼ੁਰੂਆਤ ਨੌਜਵਾਨ ਬੇਟੀ ਨਵਜੋਤ ਗੁਲਸ਼ਨ ਦੇ ਸ਼ਰਧਾਂਜਲੀ ਗੀਤ “ਚੜ੍ਹਨ ਵਾਲਿਉ ਹੱਕਾਂ ਦੀ ਭੇਂਟ ਉੱਤੇ” ਨਾਲ ਸ਼ੁਰੂ ਹੋਈ। ਹਜਾਰਾਂ ਦੀ ਗਿਣਤੀ ਦੀ ਗਿਣਤੀ ਵਿੱਚ ਪੁੱਜੇ ਕਾਫਲਿਆਂ ਖਾਸ ਕਰ ਨੌਜਵਾਨ ਕਾਫਲਿਆਂ ਦੀ ਇਨਕਲਾਬ-ਜਿੰਦਾਬਾਦ,ਸਾਮਰਾਜਵਾਦ-ਮੁਰਦਾਬਾਦ ਦੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਰੇਲਵੇ ਸਟੇਸ਼ਨ ਅਤੇ ਬਾਅਦ ਵਿੱਚ ਸ਼ਹੀਦ ਭਗਤ ਸਿੰਗ ਚੌਂਕ ਤੱਕ ਕੀਤੇ ਜੋਸ਼ੀਲੇ ਮਾਰਚ ਦੌਰਾਨ ਬਜਾਰਾਂ ਵਿੱਚ ਪੈਂਦੀ ਗੁੰਜ ਦੂਰ ਦੂਰ ਤੱਕ ਸੁਣਾਈ ਦਿੰਦੀ ਰਹੀ।
ਬੁਲਾਰੇ ਆਗੂਆਂ ਕੁਲਦੀਪ ਸਿੰਘ ਧੌਲ਼ਾ, ਬਲਵਿੰਦਰ ਸਿੰਘ ਬਿੰਦੂ, ਹਰਸ਼ਦੀਪ ਸਿੰਘ , ਸ਼ਮਸ਼ੇਰ ਸਿੰਘ ,ਜਸ਼ਨਪ੍ਰੀਤ ਸਿੰਘ, ਜਸਲੀਨ ਕੌਰ, ਕੇਵਲ ਸਿੰਘ, ਮਹੇਸ਼ ਧੋਲਾ, ਪਰਮਜੀਤ ਕੌਰ ਹਮੀਦੀ, ਦਰਸ਼ਨ ਸਿੰਘ ਉੱਗੋਕੇ, ਬਲਵੰਤ ਸਿੰਘ ਉੱਪਲੀ, ਅਮਰਜੀਤ ਕੌਰ,ਬਿੱਕਰ ਸਿੰਘ ਔਲਖ ਮੋਹਣ ਸਿੰਘ ਰੂੜੇਕੇ, ਗੁਰਮੇਲ ਸ਼ਰਮਾਂ, ਬਲਵੰਤ ਸਿੰਘ ਉੱਪਲੀ ਨੇ ਸ਼ਹੀਦ ਭਗਤ ਸਿੰਘ ਅਤੇ ਉਸ ਦੀ ਸਾਥੀਆਂ ਸਾਥੀਆਂ ਦੀ ਸਾਮਾਰਜੀ ਵਿਰੋਧੀ ਜੰਗ, ਮਜਬੂਤ ਵਿਚਾਰਧਾਰਕ ਪੱਖ, ਨੌਜਵਾਨਾਂ ਨੂੰ ਭਗਤ ਸਿੰਘ ਦਾ ਸੁਨੇਹਾ, ਅਛੂਤ ਦਾ ਸਵਾਲ ਜਿਹੇ ਜਿਹੇ ਬੁਨਿਆਦੀ ਨੁਕਤਿਆਂ ਸਬੰਧੀ ਵਿਸਥਾਰਤ ਚਰਚਾ ਕਰਦਿਆਂ ਮੌਜੂਦਾ ਦੌਰ ਅੰਦਰ ਸੰਯੁਕਤ ਮੋਰਚਾ ਦੀ ਅਗਵਾਈ ਹੇਠ ਤਕਰੀਬਨ ਚਾਰ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਅਤੇ ਪੰਜਾਬ ਅੰਦਰ ਸੈਂਕੜੇ ਥਾਵਾਂ ਤੇ ਚੱਲ ਰਹੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ਾਂ ਦੀ ਸਾਰਥਿਕਤਾ ਸਬੰਧੀ ਚਰਚਾ ਕਰਦਿਆਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਵਿਚਾਰਧਾਰਾ ਨੂੰ ਪ੍ਰੇਰਨਾ ਸ੍ਰੋਤ ਦੱਸਿਆ ਅਤੇ ਅਹਿਦ ਕੀਤਾ ਕਿ ਸ਼ਹੀਦਾਂ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਲਈ ਜੰਗ ਜਾਰੀ ਹਰ ਕੁਰਬਾਨੀ ਦੇਕੇ ਜਾਰੀ ਰੱਖੀ ਜਾਵੇਗੀ’। ਬੁਲਾਰਿਆਂ ਨੇ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰ¨ ਤੇ ਸੁਖਦੇਵ ਦਾ ਸ਼ਹੀਦੀ ਦਿਵਸ ‘ਸਾਮਰਾਜ ਵਿਰੋਧੀ ਦਿਵਸ’ ਵਜੋਂ ਮਨਾਉਣ,ਸ਼ਹੀਦਾਂ ਦੇ ਉਦੇਸ਼ ਲੁੱਟ ਦਾਬੇ ਤੋਂ ਰਹਿਤ ਬਰਾਬਰਤਾ ਵਾਲਾ ਨਵਾਂ ਲੋਕ ਪੱਖੀ ਸਮਾਜ ਸਿਰਜਣ ਦੇ ਅਧ¨ਰੇ ਕਾਰਜ ‘ਤੇ ਪਹਿਰਾ ਦੇਣ ਦਾ ਅਹਿਦ ਕੀਤਾ।
ਸੈਂਕੜਿਆਂ ਦੀ ਗਿਣਤੀ ਵਿੱਚ ਭਗਤ ਸਿੰਘ, ਰਾਜਗੁਰੂ,ਸੁਖਦੇਵ ਦੇ ਪੋਸਟਰ ਹੱਥਾਂ ਵਿੱਚ ਫੜੀ ਨੌਜਵਾਨ ਕਿਸਾਨ ਮਰਦ ਅੋਰਤਾਂ ਦੇ ਕਾਫਲੇ ਜਦ ਸ਼ਹੀਦ ਭਗਤ ਸਿੰਘ ਚੌਂਕ ਵੱਲ ਰੇਲਵੇ ਸਟੇਸ਼ਨ ਤੋਂ ਇਨਕਲਾਬੀ ਜੋਸ਼ੀਲੇ ਮਾਰਚ ਲਈ “ਸ਼ਹੀਦ ਸਾਥੀਆਂ ਦਾ ਪੈਗਾਮ-ਜਾਰੀ ਰੱਖਣਾ ਹੈ ਸੰਗਰਾਮ, ਸ਼ਹੀਦੋ ਥੋਡੀ ਸੋਚ’ਤੇ-ਪਹਿਰਾ ਦਿਆਂਗੇ ਠੋਕ ਕੇ, ਖੇਤੀ ਵਿਰੋਧੀ ਕਾਲੇ ਕਾਨੂੰਨ –ਰੱਦ ਕਰੋ,ਸ਼ਹੀਦੋ ਥੋਡਾ ਕਾਜ ਅਧੂਰਾ ਕਾਜ ਅਧੂਰਾ-ਲਾਕੇ ਜਿੰਦਗੀਆਂ ਕਰਾਂਗੇ ਪੂਰਾ” ਆਦਿ ਅਕਾਸ਼ ਗੁੰਜਾਊ ਨਾਹਰੇ ਮਾਰਦੇ ਨਿੱਕਲੇ ਤਾਂ ਸਦਰ ਬਜਾਰ ਦੀਆਂ ਸੜਕਾਂ ਤੇ ਬਸੰਤੀ ਪੱਗਾਂ,ਚੁੰਨੀਆਂ,ਪੱਟੀਆਂ ਬੰਨ੍ਹੀ ਕਾਫਲਿਆਂ ਦੀ ਰੋਹਲੀ ਗਰਜ ਹਾਕਮਾਂ ਨੂੰ ਲਲਕਾਰ ਰਹੀ ਸੀ।ਦੂਰ ਦੂਰ ਤੱਕ ਸੰਘਰਸ਼ਸ਼ਲਿ ਕਾਫਲੇ ਖਾਸ ਕਰ ਨੌਜਵਾਨਾਂ ਦੇ ਕਾਫਲੇ ਹੀ ਵਿਖਾਈ ਦਿੰਦੇ ਸਨ। ਬਲਦੇਵ ਮੰਡੇਰ ਅਤੇ ਨਰਿੰਦਰਪਾਲ ਸਿੰਗਲਾ ਨੇ ਲੋਕ ਪੱਖੀ ਇਨਕਲਾਬੀ ਕਵਿਤਾਵਾਂ ਪੇਸ਼ ਕੀਤੀਆਂ।