ਸ਼ਹਿਰ ਦੇ ਵਾਰਡ ਨੰਬਰ 8 ਤੇ ਟਿਕੀਆਂ ਲੋਕਾਂ ਦੀਆਂ ਨਜ਼ਰਾਂ , ਮਹੇਸ਼ ਲੋਟਾ ਤੇ ਨਰਿੰਦਰ ਨੀਟਾ ਦਰਮਿਆਨ ਕਾਂਟੇ ਦੀ ਟੱਕਰ
ਤਿਕੌਣੀ ਟੱਕਰ ਬਣਾਉਣ ਲਈ ਸਿਰਤੋੜ ਯਤਨ ਕਰ ਰਿਹੈ ਕੌਸ਼ਲ
ਹਰਿੰਦਰ ਨਿੱਕਾ , ਬਰਨਾਲਾ 10 ਫਰਵਰੀ 2021
ਨਗਰ ਕੌਂਸਲ ਚੋਣਾਂ ਲਈ ਬੇਸ਼ੱਕ ਹਰ ਵਾਰਡ ਦੇ ਲੋਕਾਂ ਨੂੰ ਹੀ ਆਪੋ-ਆਪਣੇ ਵਾਰਡ ਵਿੱਚ ਮੁਕਾਬਲਾ ਦਿਲਚਸਪ ਲੱਗ ਰਿਹਾ ਹੈ। ਪਰੰਤੂ ਸ਼ਹਿਰ ਦਾ ਵਾਰਡ ਨੰਬਰ 8 ਇੱਕ ਅਜਿਹਾ ਵਾਰਡ ਹੈ, ਜਿਸ ਤੇ ਹਰ ਸ਼ਹਿਰੀ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਟਿਕਣ ਵੀ ਕਿਉਂ ਨਾ, ਇਸ ਵਾਰਡ ਵਿੱਚ ਸ਼ਹਿਰ ਦੇ ਇੱਕੋ ਵਾਰਡ ਤੋਂ ਲਗਾਤਾਰ ਔਖੀਆਂ ਤੋਂ ਔਖੀਆਂ ਹਾਲਤਾਂ ਵਿੱਚ ਵੀ 20 ਸਾਲ ਤੋਂ ਹਮੇਸ਼ਾ ਜਿੱਤਦੇ ਰਹਿਣ ਦਾ ਰਿਕਾਰਡ ਕਾਇਮ ਕਰਨ ਵਾਲੇ ਮਹੇਸ਼ ਕੁਮਾਰ ਲੋਟਾ , ਆਪਣਾ ਪੁਰਾਣਾ ਵਾਰਡ ਰਿਜਰਵ ਹੋਣ ਤੋਂ ਬਾਅਦ ਕਾਂਗਰਸ ਦੀ ਟਿਕਟ ਦੇ ਚੋਣ ਮੈਦਾਨ ਵਿੱਚ ਉੱਤਰੇ ਹਨ । ਲੋਟਾ ਦੇ ਪੁਰਾਣੇ ਵਾਰਡ ਵਿੱਚ ਸਭ ਤੋਂ ਪਹਿਲੀ ਚੋਣ ਬਹੁਕੋਣੇ ਮੁਕਾਬਲੇ ਵਿੱਚ ਉਨਾਂ ਦੇ ਮਾਤਾ ਨੇ ਜਿੱਤੀ ਸੀ। ਜਦੋਂ ਕਿ ਸੱਤਾ ਵਿੱਚ ਪਾਰਟੀ ਕੋਈ ਵੀ ਰਹੀ ਹੋਵੇ, ਉਸ ਤੋਂ ਬਾਅਦ ਲਗਾਤਾਰ ਹੀ ਮਹੇਸ਼ ਕੁਮਾਰ ਲੋਟਾ ਨੇ 3 ਵਾਰ ਇਸ ਵਾਰਡ ਦੀ ਨੁਮਾਇੰਦਗੀ ਕੀਤੀ। ਜਿਹੜਾ ਨਗਰ ਕੌਂਸਲ ਦੇ ਰਿਕਾਰਡ ਵਿੱਚ ਮੀਲ ਪੱਥਰ ਵਾਂਗ ਦਰਜ਼ ਹੈ। ਪਰੰਤੂ ਪਿਛਲੀਆਂ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਦੇ ਤੌਰ ਤੇ ਭਾਜਪਾ ਦੇ ਸੀਨੀਅਰ ਆਗੂ ਰਘਵੀਰ ਪ੍ਰਕਾਸ਼ ਗਰਗ ਨੇ ਵਾਰਡ ਵਿੱਚੋਂ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਦਰਜ਼ ਕੀਤੀ ਸੀ। ਇਸ ਵਾਰ ਭਾਜਪਾ ਖਿਲਾਫ ਦੇਸ਼ ਭਰ ਵਿੱਚ ਪੈਦਾ ਹੋਏ ਮਾਹੌਲ ਕਾਰਣ ਰਘਵੀਰ ਪ੍ਰਕਾਸ਼ ਗਰਗ ਨੇ ਰਾਜਸੀ ਵਾਰਿਸ ਦੇ ਤੌਰ ਤੇ ਆਪਣੇ ਬੇਟੇ ਅਤੇ ਭਾਜਪਾ ਦੇ ਯੁਵਾ ਆਗੂ ਨਰਿੰਦਰ ਗਰਗ ਉਰਫ ਨੀਟਾ ਨੂੰ ਭਾਜਪਾ ਦੇ ਚੋਣ ਚਿੰਨ੍ਹ ਕਮਲ ਦੇ ਨਿਸ਼ਾਨ ਤੋਂ ਕਿਨਾਰਾ ਕਰਕੇ ਅਜ਼ਾਦ ਉਮੀਦਵਾਰ ਦੇ ਤੌਰ ਉਤਾਰਿਆ ਹੈ। ਇੱਕ ਪਾਸੇ ਘਾਗ ਸਿਆਸਤਦਾਨ ਲੋਟਾ ਅਤੇ ਦੂਜੇ ਪਾਸੇ ਆਪਣੇ ਪਿਤਾ ਦੇ ਰਾਜਸੀ ਵਾਰਿਸ ਦੇ ਰੂਪ ਵਿੱਚ ਨੌਜਵਾਨ ਭਾਜਪਾ ਆਗੂ ਨੀਟਾ ਪਹਿਲੀ ਵਾਰ ਮੈਦਾਨ ਵਿੱਚ ਜਿੱਤ ਲਈ ਜੋਰ ਅਜਮਾਈ ਕਰਨ ਤੇ ਲੱਗੇ ਹੋਏ ਹਨ। ਫਿਲਹਾਲ ਇੱਥੇ ਮੁਕਾਬਲਾ ਆਹਮਣੇ-ਸਾਹਮਣੇ ਯਾਨੀ ਕਾਂਟੇ ਦੀ ਟੱਕਰ ਦਾ ਬਣਿਆ ਹੋਇਆ ਹੈ। ਇੱਥੇ ਹੀ ਬੱਸ ਨਹੀਂ ਮੁੱਖ ਮੁਕਾਬਲੇ ‘ਚੋਂ ਫਿਲਹਾਲ ਪਿਛੜ ਚੁੱਕੇ ਨਜਰ ਆ ਰਹੇ, ਅਜਾਦ ਉਮੀਦਵਾਰ ਚਰਨਕਮਲ ਕੌਸ਼ਲ ਚੰਨੀ ਵੀ ਤਿਕੌਣੀ ਟੱਕਰ ਬਣਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ।
ਉਮੀਦਵਾਰਾਂ ਦੀ ਤਾਕਤ ਅਤੇ ਕਮਜ਼ੋਰੀ,,,
ਕਾਂਗਰਸੀ ਉਮੀਦਵਾਰ ਮਹੇਸ਼ ਕੁਮਾਰ ਲੋਟਾ:- ਲੋਟਾ ਅਤੇ ਉਸ ਦੇ ਪਰਿਵਾਰ ਨੂੰ ਨਗਰ ਕੌਂਸਲ ਦੀਆਂ 4 ਚੋਣਾਂ ਲੜ੍ਹਨ ਅਤੇ ਜਿੱਤਣ ਕਾਰਣ ਸ਼ਹਿਰ ਦਾ ਸਭ ਤੋਂ ਵਧੀਆਂ ਚੋਣ ਕੰਪੇਨਰ ਹੋਣ ਦੀ ਦਾਦ ਉਸ ਦੇ ਰਾਜਸੀ ਅਤੇ ਨਿੱਜੀ ਵਿਰੋਧੀ ਵੀ ਦਿੰਦੇ ਹਨ। । ਇਸ ਤੋਂ ਇਲਾਵਾ ਕੌਂਸਲ ਦੀ ਸੱਤਾ ਤੇ ਕੋਈ ਵੀ ਧਿਰ ਕਾਬਿਜ ਰਹੀ ਹੋਵੇ, ਉਸ ਨੂੰ ਕੰਮ ਕਰਵਾਉਣ ਦਾ ਢੰਗ ਵੀ ਹੈ। ਲੋੜ ਪੈਣ ਤੇ ਲੋਟਾ ਆਪਣੀ ਗੱਲ ਮਨਵਾਉਣ ਲਈ ਦਰੀ ਵਿਛਾ ਕੇ ਧਰਨਾ ਦੇਣ ਤੋਂ ਵੀ ਕਦੇ ਪਿੱਛੇ ਨਹੀਂ ਹਟਦੇ । ਨਗਰ ਕੌਂਸਲ ਦੇ ਪੁਰਾਣੇ ਅਫਸਰ ਤੇ ਕਰਮਚਾਰੀ ਵੀ ਲੋਟਾ ਨੂੰ ਨਗਰ ਕੌਂਸਲ ਦੀ ਮਾਂ ਦਾ ਦਰਜ਼ਾ ਦਿੰਦੇ ਹਨ ਕਿ ਲੋਟਾ ਕੌਂਸਲ ਦੇ ਕੰਮਾਂ ਲਈ ਸਭ ਤੋਂ ਵਧੇਰੇ ਤਜਰਬੇਕਾਰ ਹਨ । ਨਗਰ ਕੌਂਸਲ ਦਾ ਰਿਕਾਰਡ ਬੋਲਦਾ ਹੈ ਕਿ ਲੋਟਾ ਨਗਰ ਕੌਂਸਲ ਦੀਆਂ ਮੀਟਿੰਗਾਂ ਵਿੱਚ ਜੋਰਦਾਰ ਢੰਗ ਨਾਲ ਅਵਾਜ ਬੁਲੰਦ ਕਰਕੇ ਆਪਣੇ ਵਾਰਡ ਤੋਂ ਇਲਾਵਾ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਸਮਰੱਥ ਵੀ ਰਹੇ ਹਨ। ਲੋਟਾ ਨੇ ਹੁਣ ਤੱਕ ਨਗਰ ਕੌਂਸਲ ਦੇ ਭ੍ਰਿਸ਼ਟਾਚਾਰ ਦੇ ਸਭ ਤੋਂ ਵਧੇਰੇ ਮਾਮਲੇ ਲੋਕਾਂ ਦੀ ਕਚਿਹਰੀ ਵਿੱਚ ਰੱਖੇ ਹਨ। ਆਪਣੇ ਵਾਰਡ ਵਿੱਚ ਵਿਧਾਨ ਸਭਾ/ਲੋਕ ਸਭਾ ਦੀ ਹਰ ਚੋਣ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਲੀਡ ਦਿਵਾਉਣ ਦਾ ਰਿਕਾਰਡ ਵੀ ਲੋਟਾ ਦੇ ਨਾਮ ਹੀ ਬੋਲਦਾ ਹੈ। ਪੰਜਾਬ ਕੈਬਨਿਟ ਦੇ ਵਜੀਰ ਵਿਜੇਇੰਦਰ ਸਿੰਗਲਾ ਦੀ ਕਰੀਬੀ ਰਿਸ਼ਤੇਦਾਰੀ ਵੀ ਲੋਟਾ ਦੀ ਪ੍ਰਸ਼ਾਸ਼ਨਿਕ ਪਹੁੰਚ ਨੂੰ ਦਰਸਾਉਂਦੀ ਹੈ। ਕੰਮ ਲਈ ਆਏ ਹਰ ਵਿਅਕਤੀ ਨਾਲ ਤੁਰ ਪੈਣ ਦਾ ਸੁਭਾਅ ਲੋਟਾ ਨੂੰ ਗੁੜਤੀ ਸਮੇਂ ਹੀ ਮਿਲਿਆ ਹੈ। ਲੋਟਾ ਦੀ ਸਾਦਗੀ ਤੋਂ ਵੀ ਸ਼ਹਿਰ ਦੇ ਲੋਕ ਬਾਖੂਬੀ ਜਾਣਦੇ ਹਨ। ਇਹ ਸਭ ਕੁਝ ਮਹੇਸ਼ ਲੋਟਾ ਦੀ ਤਾਕਤ ਹੈ। ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਵੱਲੋਂ ਬੀਤੇ ਕੱਲ੍ਹ ਕੀਤੀ ਰਾਜਸੀ ਰੈਲੀ ਵੀ ਲੋਟਾ ਲਈ ਵਰਦਾਨ ਸਾਬਿਤ ਹੋਈ ਹੈ। ਪਰੰਤੂ ਆਪਣੀ ਪਾਰਟੀ ਦੇ ਕੁਝ ਸਥਾਨਕ ਆਗੂਆਂ ਦਾ ਅੰਦਰੂਨੀ ਵਿਰੋਧ ਲੋਟਾ ਦੀ ਕਮਜ਼ੋਰੀ ਸਮਝਿਆ ਜਾ ਰਿਹਾ। ਇਸੇ ਤਰਾਂ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸੇ ਕੁਝ ਆਗੂ ਤੇ ਕਰਮਚਾਰੀ ਵੀ ਲੋਟਾ ਨੂੰ ਨਗਰ ਕੌਂਸਲ ਤੋਂ ਬਾਹਰ ਰੱਖਣ ਲਈ ਅੰਦਰ ਖਾਤੇ ਜੋਰ ਲਗਾ ਰਹੇ ਹਨ। ਜਿਸ ਤੋਂ ਲੋਟਾ ਖੁਦ ਵੀ ਵਾਕਿਫ ਹੈ, ਲੋਟਾ ਗੱਲਬਾਤ ਦੌਰਾਨ ਕਹਿੰਦੇ ਹਨ ਹੈ ਕਿ ਪਾਰਟੀ ਦੇ ਕੁਝ ਆਗੂਆਂ ਇਹ ਵਿਰੋਧ ਉਹ ਲਗਾਤਾਰ ਹਰ ਚੋਣ ਵਿੱਚ ਹੀ ਬਰਦਾਸ਼ਤ ਕਰਕੇ ਜਿੱਤ ਦਰਜ਼ ਕਰਦੇ ਰਹੇ ਹਨ। ਉਨਾਂ ਨੂੰ ਲੀਡਰਾਂ ਦੀ ਬਜਾਏ ਲੋਕਾਂ ਨਾਲ ਨੇੜਤਾ ਬਣਾ ਕੇ ਰੱਖਣ ਦੀ ਆਦਤ ਹੈ। ਮਹੇਸ਼ ਕੁਮਾਰ ਲੋਟਾ ਇੱਕ ਵਾਰ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੇ ਤੌਰ ਤੇ ਵੀ ਸਰਾਹੁਣਯੋਗ ਕੰਮ ਕਰ ਚੁੱਕੇ ਹਨ।ਭਾਜਪਾ ਆਗੂ ਨਰਿੰਦਰ ਗਰਗ ਨੀਟਾ:- ਹੀਰੇ ਦੇ ਚੋਣ ਨਿਸ਼ਾਨ ਤੇ ਮੈਦਾਨ ਵਿੱਚ ਉੱਤਰੇ ਨੀਟਾ ਨੂੰ ਆਪਣੇ ਪਿਤਾ ਦੀ ਪੈੜ ਵਿੱਚ ਪੈੜ ਧਰ ਕੇ ਲੰਬਾ ਸਮਾਂ ਰਾਜਨੀਤਕ ਤੌਰ ਤੇ ਵਿਚਰ ਕੇ ਰਾਜਨੀਤੀ ਦੇ ਦਾਅ ਪੇਚ ਸਿੱਖਣ ਦਾ ਮੌਕਾ ਮਿਲਿਆ ਹੈ।
ਨੀਟਾ ਦੀ ਚੋਣ ਮੁਹਿੰਮ ਉਨਾਂ ਦੇ ਪਿਤਾ ਅਤੇ ਭਾਜਪਾ ਦੇ ਸੀਨੀਅਰ ਆਗੂ ਰਘਵੀਰ ਪ੍ਰਕਾਸ਼ ਗਰਗ ਹੀ ਸੰਭਾਲ ਰਹੇ ਹਨ। ਰਘਵੀਰ ਪ੍ਰਕਾਸ਼ ਗਰਗ ਨੂੰ ਇਸ ਵਾਰਡ ਵਿੱਚੋਂ ਇੱਕ ਵਾਰ ਜਿੱਤਣ ਅਤੇ ਇੱਕ ਵਾਰ ਹਾਰ ਦਾ ਮੂੰਹ ਦੇਖਣ ਦਾ ਮੌਕਾ ਮਿਲਿਆ ਹੈ। ਰਘਵੀਰ ਪ੍ਰਕਾਸ਼ ਨੂੰ ਵੀ ਪਹਿਲੀ ਵਾਰ ਜਿੱਤ ਕੇ ਹੀ ਨਗਰ ਕੌਂਸਲ ਦਾ ਮੀਤ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਹੈ। ਲੋਟਾ ਦੀ ਤਰਾਂ ਹੀ ਹਰ ਵਾਰਡ ਵਾਸੀ ਦੇ ਸੰਪਰਕ ਵਿੱਚ ਰਹਿਣਾ ਪਿਉ-ਪੁੱਤ ਦੀ ਸਭ ਤੋਂ ਵੱਡੀ ਤਾਕਤ ਹੈ। ਔਖੇ ਸਮੇਂ ਆਪਣੀ ਮਾਂ ਪਾਰਟੀ ਨੂੰ ਪਿੱਠ ਦਿਖਾ ਕੇ ਭੱਜ ਜਾਣਾ ਅਤੇ ਭਾਜਪਾ ਦੇ ਕਿਸੇ ਵੀ ਵੱਡੇ ਆਗੂ ਦਾ ਉਨਾਂ ਦੇ ਹੱਕ ਵਿੱਚ ਪ੍ਰਚਾਰ ਲਈ ਨਾ ਆਉਣਾ ਉਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ।
ਬਦਲੀਆਂ ਰਾਜਨੀਤਕ ਪ੍ਰਸਿਥਤੀਆਂ ਨਾਲ ਜੂਝ ਰਹੀ ਪਿਉ-ਪੁੱਤ ਦੀ ਜੋੜੀ
ਭਾਜਪਾ ਆਗੂ ਰਘਵੀਰ ਪ੍ਰਕਾਸ਼ ਗਰਗ ਨੂੰ ਆਹਮਣੇ-ਸਾਹਮਣੇ ਦੀ ਟੱਕਰ ਕਦੇ ਰਾਸ ਨਹੀਂ ਆਈ। ਆਪਣੀ ਪਹਿਲੀ ਚੋਣ ਦੌਰਾਨ ਰਘਵੀਰ ਪ੍ਰਕਾਸ਼ ਨੂੰ ਆਹਮਣੇ ਸਾਹਮਣੇ ਦੀ ਟੱਕਰ ਦੌਰਾਨ ਕਾਂਗਰਸੀ ਉਮੀਦਵਾਰ ਰਜਨੀਸ਼ ਭੋਲਾ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਜਦੋਂ ਕਿ ਪਿਛਲੀਆਂ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਹਰਵਿੰਦਰ ਚਹਿਲ ਤੋਂ ਇਲਾਵਾ ਪਾਰਟੀ ਦੇ ਹੀ ਬਾਗੀ ,ਅਜਾਦ ਸਣੇ ਕੁੱਲ 6 ਉਮੀਦਵਾਰ ਵੀ ਮੈਦਾਨ ਵਿੱਚ ਸਨ। ਜਿਸ ਕਾਰਣ ਬਹੁਕੌਣੇ ਮੁਕਾਬਲੇ ਦੌਰਾਨ ਗਰਗ ਨੂੰ ਕਰੀਬ 1 ਹਜਾਰ ਵੋਟਾਂ ਤੇ ਜਿੱਤਣ ਦਾ ਮੌਕਾ ਵੀ ਮਿਲਿਆ । ਇਸ ਵਾਰ ਭਾਜਪਾ ਦਾ ਸਾਥ ਅਕਾਲੀ ਦਲ ਵੀ ਛੱਡ ਚੁੱਕਾ ਹੈ ਅਤੇ ਖੁਦ ਨਰਿੰਦਰ ਗਰਗ ਨੀਟਾ ਵੀ ਭਾਜਪਾ ਦਾ ਨਿਸ਼ਾਨ ਛੱਡ ਚੁੱਕੇ ਹਨ । ਨਰਿੰਦਰ ਨੀਟਾ ਦੇ ਆਪਣੀ ਪਾਰਟੀ ਦਾ ਨਿਸ਼ਾਨ ਛੱਡ ਦੇਣ ਤੇ ਆਰ.ਐਸ.ਐਸ. ਦੇ ਇੱਕ ਨੇਤਾ ਨੇ ਵਿਅੰਗ ਕਰਦਿਆਂ ,,ਇੱਕ ਹਿੰਦੀ ਫਿਲਮ ਦੇ ਗੀਤ ਦੀ ਇਹ ਲਾਈਨਾਂ ਗੁਣਗੁਣਾਉਂਦਿਆਂ ਕਿਹਾ ਕਿ ,, ਚਿਹਰਾ ਛੁਪਾ ਲੀਆ ਹੈ,,ਕਿਸੀ ਨੇ ਹਿਜਾਬ ਮੇਂ,,, ਜੀ ਚਾਹਤਾ ਹੈ, ਆਗ ਲਗਾ ਦੂੰ ਨਕਾਬ ਮੇਂ । ਇਸ ਵਾਰ ਮੁਕਾਬਲਾ ਵੀ ਬਹੁਕੋਣੇ ਦੀ ਬਜਾਏ ਆਹਮਣੇ ਸਾਹਮਣੇ ਦਾ ਹੀ ਰਹਿ ਗਿਆ ਹੈ। ਅਜਿਹੀਆਂ ਬਦਲੀਆਂ ਪ੍ਰਸਿਥਤੀਆਂ ਨਾਲ ਵੀ ਪਿਉ-ਪੁੱਤ ਦੀ ਜੋੜੀ ਕਾਫੀ ਜੂਝ ਰਹੀ ਹੈ। ਜਦੋਂ ਕਿ ਹਾਲਤ ਇਹ ਹਨ ਕਿ ਪਿਛਲੀ ਵਾਰ ਬਹੁਕੋਣਾ ਮੁਕਾਬਲਾ ਬਣਾਉਣ ਵਾਲੇ ਕਈ ਉਮੀਦਵਾਰ , ਹੁਣ ਕਾਂਗਰਸੀ ਉਮੀਦਵਾਰ ਮਹੇਸ਼ ਲੋਟਾ ਦੇ ਪੰਜੇ ਨੂੰ ਮਜਬੂਤ ਕਰਨ ਲਈ , ਉਨਾਂ ਦੀ ਚੋਣ ਮੁਹਿੰਮ ਮੋਹਰੀ ਭੂਮਿਕਾ ਹੋ ਕੇ ਚਲਾ ਰਹੇ ਹਨ।