ਹਰਿੰਦਰ ਨਿੱਕਾ , ਬਰਨਾਲਾ 11 ਦਸੰਬਰ 2020
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੀ ਸਟੇਜ ਤੋਂ ਲਾਈਫ ਆਨ ਸਟੇਜ ਨਾਟਕ ਟੀਮ ਵੱਲੋਂ ਨਾਟਕ ‘‘ ਡਰਨਾ ’’ ਪੇਸ਼ ਕੀਤਾ ਗਿਆ। ਨਾਟਕ ਰਾਹੀਂ ਸੰਘਰਸ਼ਸ਼ੀਲ ਕਾਫਲਿਆਂ ਨੂੰ ਸੰਘਰਸ਼ ਲਈ ਪ੍ਰੇਰਤ ਕੀਤਾ ਅਤੇ ਨਵਾਂ ਜੋਸ਼ ਭਰਿਆ। 72 ਦਿਨ ਗੁਜਰ ਜਾਣ ਬਾਅਦ ਵੀ ਸਾਂਝੇ ਕਿਸਾਨ ਸੰਘਰਸ਼ ਨੂੰ ਵਿਸ਼ਾਲ ਲੋਕਾਈ ਦੇ ਸੱਭੇ ਮਿਹਨਤਕਸ਼ ਤਬਕੇ ਇਸ ਨੂੰ ਬਲ ਬਖਸ਼ ਰਹੇ ਹਨ। ਸੂਝਵਾਨ ਸਖਸ਼ੀਅਤਾਂ ਬੁੱਧੀਜੀਵੀ ਵਰਗ ਸਾਂਝੇ ਕਿਸਾਨ ਮੋਰਚੇ ਵਿੱਚ ਸ਼ਾਮਿਲ ਹੋ ਰਿਹਾ ਹੈ।
ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਗੁਰਚਰਨ ਸਿੰਘ, ਕਰਨੈਲ ਸਿੰਘ ਗਾਂਧੀ , ਬਾਰਾ ਸਿੰਘ ਬਦਰਾ, ਖੁਸ਼ੀਆ ਸਿੰਘ , ਪਰਮਜੀਤ ਕੌਰ ਠੀਕਰੀਵਾਲ, ਉਜਾਗਰ ਸਿੰਘ ਬੀਹਲਾ ਆਦਿ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਚੱਲ ਰਿਹਾ ਸੰਘਰਸ਼ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ। ਮੋਦੀ ਸਰਕਾਰ ਵੱਲੋਂ ਸਾਂਝਾ ਕਿਸਾਨ ਮੋਰਚੇ ਦੇ ਆਗੂਆਂ ਨੂੰ ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਸਬੰਧੀ ਭੇਜੀ ਗਈ ਤਜਵੀਜ ਚਰਚਾ ਦਾ ਵਿਸ਼ਾ ਰਹੀ। ਆਗੂਆਂ ਕਿਹਾ ਕਿ ਸਾਡੀ ਮੰਗ ਕਾਨੂੰਨਾਂ ਵਿੱਚ ਸੋਧ ਕਰਨ ਦੀ ਨਹੀਂ ,ਮਮਕੁਕੰਲ ਰੂਪ ਵਿੱਚ ਰੱਦ ਕਰਨ ਦੀ ਹੈ। ਇਹ ਤਿੰਨੇ ਖੇਤੀ ਵਿਰੋਧੀ ਕਾਨੂੰਨ ਮੁਕੰਮਲ ਰੱਦ ਹੋਣ ਤੱਕ ਸੰਘਰਸ਼ ਜਾਰੀ ਵੀ ਰੱਖਿਆ ਜਾਵੇਗਾ।
ਇਸ ਦਾ ਘੇਰਾ ਹੋਰ ਵਿਸ਼ਾਲ ਅਤੇ ਤਿੱਖਾ ਵੀ ਕੀਤਾ ਜਾਵੇਗਾ। ਨੇ ਸਾਂਝਾ ਕਿਸਾਨ ਮੋਰਚਾ ਵੱਲੋਂ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਰੇਲਵੇ ਸਟੇਸ਼ਨ/ਮਾਲ/ਟੋਲ ਪਲਾਜਿਆਂ ਉੱਪਰ ਚਲਦੇ ਧਰਨਿਆਂ/ਘਿਰਾਉਆਂ ਦੇ ਨਾਲ-ਨਾਲ ਸਮੁੱਚੇ ਭਾਰਤ ਅੰਦਰ ਡੀਸੀ ਦਫਤਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਵਜੋਂ 14 ਦਸੰਬਰ ਨੂੰ ਡੀਸੀ ਦਫਤਰ ਬਰਨਾਲਾ ਅੱਗੇ ਦਿੱਤੇ ਜਾ ਰਹੇ ਵਿਸ਼ਾਲ ਧਰਨਾ ਦੇਣ ਦਾ ਐਲਾਨ ਕੀਤਾ। ਮੋਦੀ ਹਕੂਮਤ ਨੇ ਰਾਜ/ਸਟੇਟ/ਸਥਾਪਤੀ ਵਿਰੁੱਧ ਲੋਕਾਈ ਦੇ ਪੱਖ ਤੋਂ ਗੱਲ ਕਰਨ ਵਾਲੇ ਸਮਾਜਿਕ ਕਾਰਕੁਨਾਂ, ਵਕੀਲਾਂ, ਬੁੱਧੀਜੀਵੀਆਂ, ਕਲਾਕਾਰਾਂ ਬਦਨਾਮ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਤਹਿਤ ਸਾਲਾਂ ਬੱਧੀ ਸਮੇਂ ਤੋਂ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਕੈਦ ਕੀਤਾ ਹੋਇਆ ਹੈ। ਦਿੱਲੀ ਅਤੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਉੱਪਰ ਚੱਲ ਰਹੇ ਮੋਰਚਿਆਂ ਵਿੱਚ ਔਰਤਾਂ ਅਤੇ ਜਵਾਨੀ ਦੀ ਦਹਿਲੀਜ ਤੇ ਪੈਰ ਰੱਖ ਰਹੀਆਂ ਨੌਜਵਾਨ ਸਕੂਲੀ ਧੀਆਂ ਦੀ ਸਾਂਝੇ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਨੇ ਮੋਦੀ ਹਕੂਮਤ ਨੂੰ ਤਰੇਲੀਆਂ ਲਿਆਂਦੀਆਂ ਹੋਈਆਂ ਹਨ।
ਯੂਕੇਜੀ ਤੋਂ ਲੈਕੇ ਬਾਰਵੀਂ ਤੱਕ ਦੀਆਂ ਸਕੂਲੀ ਵਿਦਿਆਰਥਣਾਂ ਦੀ ਗਿਣਤੀ ਕਰਮਗੜ੍ਹ ਤੋਂ ਸ਼ੁਰੂ ਹੋਕੇ ਬਹੁਤ ਸਾਰੇ ਪਿੰਡਾਂ ਤੱਕ ਪਹੁੰਚ ਗਈ ਹੈ। ਵੱਡੀ ਗਿਣਤੀ ਵਿੱਚ ਮਾਵਾਂ ਆਪਣੀਆਂ ਜਵਾਨ ਹੋ ਰਹੀਆਂ ਧੀਆਂ ਨੂੰ ਸਾਂਝੇ ਸੰਘਰਸ਼ ਵਿੱਚ ਲਿਆਉਣ ਲੱਗੀਆਂ ਹਨ। ਇਹ ਜਵਾਨ ਹੋ ਰਹੀਆਂ ਧੀਆਂ ਨੂੰ ਇੰਨਂੀ ਕੁ ਸੋਝੀ ਆ ਗਈ ਹੈ ਕਿ ਹੁਣ ਸਟੇਜ ਤੋਂ ਬੋਲਣ/ਗੀਤ ਗਾਉਣ/ਨਾਹਰੇ ਬੁਲੰਦ ਕਰਨ ਲਈ ਮੰਗਕੇ ਸਮਾਂ ਲੈਂਦੀਆਂ ਹਨ। ਅਕਾਸ਼ ਗੁੰਜਾਊ ਨਾਹਰਿਆਂ ਰਾਹੀਂ ਮੋਦੀ ਹਕੂਮਤ ਨੂੰ ਲਲਕਾਰਕੇ ਪੰਡਾਲ ਵਿੱਚ ਹਾਜਰੀਨ ਅੰਦਰ ਰੋਹ ਦੀ ਜਵਾਲਾ ਭਰਦੀਆਂ ਹਨ।
ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪ ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਸੰਘਰਸ਼ੀ ਥਾਵਾਂ ਉੱਪਰ ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਗੁਰਮੇਲ ਸਿੰਘ ਠੁੱਲੀਵਾਲ, ਮੇਜਰ ਸਿੰਘ ਸੰਘੇੜਾ, ਅਜਮੇਰ ਸਿੰੰਘ ਕਾਲਸਾਂ, ਪਿਸ਼ੌਰਾ ਸਿੰਘ ਹਮੀਦੀ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਅਮਰਜੀਤ ਸਿੰਘ, ਨਰਿੰਦਰਪਾਲ, ਸ਼ਿੰਦਰ ਕੌਰ, ਸਰਬਜੀਤ ਕੌਰ ਆਦਿ ਆਗੂਆਂ ਨੇ ਕਿਹਾ ਕਿ ਹਜਾਰਾਂ ਦੀ ਗਿਣਤੀ ਵਿੱਚ ਦਿੱਲੀ ਵੱਲ ਰਵਾਨਾ ਹੋਏ ਕਾਫਲਿਆਂ ਨੇ ਦਿੱਲੀ ਦੇ ਬਾਰਡਰ ਉੱਪਰ ਪਹੁੰਚਕੇ ਦਿੱਲੀ ਹਕੂਮਤ ਦੀ ਧੌਣ ਤੇ ਗੋਡਾ ਧਰਕੇ ਪੱਕੇ ਡੇਰੇ ਜਮਾਏ ਨੂੰ 15 ਦਿਨ ਦਾ ਸਮਾਂ ਬੀਤ ਬੀਤ ਗਿਆ ਹੈ। ਮੋਦੀ ਹਕੂਮਤ ਦੀ ਸਾਹ ਰਗ ਦਿੱਲੀ ਦੀ ਜਾਮ ਹੋਣ ਵਰਗੀ ਹਾਲਤ ਬਣੀ ਹੋਣ ਦੇ ਬਾਵਜੂਦ ਵੀ ਹੈਂਕੜਬਾਜ ਰਵੱਈਆਂ ਧਾਰਿਆ ਹੋਇਆ ਹੈ।
ਪਰ ਮੋਦੀ ਹਕੂਮਤ ਪੰਜ ਗੇੜ ਦੀ ਗੱਲਬਾਤ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਾਂਝਾ ਕਿਸਾਨ ਮੋਰਚੇ ਦੀ ਗੱਲਬਾਤ ਹੋਣ ਤੋਂ ਬਾਅਦ ਖੇਤੀ ਮੰਤਰਾਲੇ ਵੱਲੋਂ ਭੇਜੀਆਂ ਤਜਵੀਜਤ ਸੋਧਾਂ ਵਿੱਚ ਵੀ ਉਹੀ ਪੁਰਾਣਾ ਰਾਗ ਅਲਾਪਿਆ ਗਿਆ ਹੈ। ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਦੋ ਟੁੱਕ ਰੱਦ ਕਰਦਿਆਂ ਮੋਦੀ ਹਕੂਮਤ ਅਤੇ ਇਸ ਦੇ ਖਾਸ-ਮ-ਖਾਸ ਵੱਡੇ ਵਪਾਰਕ ਘਰਾਣਿਆਂ(ਅਡਾਨੀਆਂ-ਅੰਬਾਨੀਆਂ) ਖਿਲਾਫ ਸੰਘਰਸ਼ ਹੋਰ ਤੇਜ ਕਰਦਿਆਂ 14 ਦਸੰਬਰ ਨੂੰ ਸਮੁੱਚੇ ਭਾਰਤ ਅੰਦਰ ਡੀਸੀ ਦਫਤਰਾਂ ਅੱਗੇ ਵਿਸ਼ਾਲ ਧਰਨੇ ਦੇਣ ਦਾ ਐਲਾਨ ਕੀਤਾ ਹੈ।
ਵਿਸ਼ੇਸ਼ : ਇਸ ਸੰਘਰਸ਼ ਵਿੱਚ ਉੱਪਲੀ ਪਿੰਡ ਦੀ ਨੱਬੇ ਸਾਲ ਨੂੰ ਪਾਰ ਕਰ ਚੁੱਕੀ ਗੁਰਦੇਵ ਕੌਰ ਵੀ ਪੂਰੇ ਜੋਸ਼ ਨਾਲ ਲਗਾਤਾਰ ਸ਼ਾਮਿਲ ਹੁੰਦੀ ਹੈ। ਆਪਣੇ ਜਵਾਨ ਪੁੱਤ ਅਤੇ ਪੋਤੇ ਨੂੰ ਬੇਵਕਤੀ ਗਵਾਉਣ ਦੇ ਹੰਝੂ ਅੱਖਾਂ ਵਿੱਚੋਂ ਕੇਰਦੀ ਹੋਈ ਵੀ ਮੋਦੀ ਹਕੂਮਤ ਦੇ ਜਮੀਨਾਂ ਤੇ ਡਾਕਾ ਮਾਰਨ ਵਾਲੇ ਕਾਨੂੰਨਾਂ ਖਿਲਾਫ ਦਹਾੜਦੀ ਆਖਦੀ ਹੈ ਕਿ ਜਿੰਦਗੀ ਦਾ ਅੰਤਲਾ ਸਮਾਂ ਜੇਕਰ ਸੰਘਰਸ਼ਾਂ ਦੇ ਲੇਖੇ ਲੱਗ ਜਾਵੇ ਤਾਂ ਇਸ ਤੋਂ ਵੱਡਾ ਪੁੰਨ ਹੋਰ ਕੀ ਹੈ। ਮਾਤਾ ਗੁਰਦੇਵ ਕੌਰ ਜੋ ਸਿਰਫ ਚਾਰ ਏਕੜ ਭੋਇ ਦੀ ਮਾਲਿਕ ਹੈ। ਆਪ 70 ਦਿਨਾਂ ਤੋਂ ਲਗਾਤਾਰ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਚੱਲ ਰਹੇ ਸਾਂਝੇ ਕਿਸਾਨ ਮੋਰਚੇ ਦੇ ਸੰਘਰਸ਼ ਵਿੱਚ ਥਾ ਸ਼ਮਿਲ ਹੋ ਹੀ ਰਹੀ ਹੈ, ਸਗੋਂ ਆਪਣੇ ਨਾਲ ਵਿਧਵਾ ਨੂੰਹ ਸਮੇਤ ਦੋਵੇਂ ਪੋਤਰੀਆਂ ਨੂੰ ਸ਼ਾਮਿਲ ਕਰਵਾਉਂਦੀ ਹੈ। ਮਨ ’ਚ ਝੋਰਾ ਰੱਖੀ ਬੈਠੀ ਹੈ ਕਿ ਮੈਨੂੰ ਦਿੱਲੀ ਕਿਉਂ ਨਹੀਂ ਲੈਕੇ ਜਾਂਦੇ।
ਸਹਿਜੜਾ ਪਿੰਡ ਦੀ 92 ਸਾਲਾ ਬਿਰਧ ਮਾਤਾ ਭਜਨ ਕੌਰ ਵੀ ਲਗਤਾਰ ਮੋਰਚੇ ਵਿੱਚ ਆ ਰਹੀ ਹੈ। ਕੰਨਾਂ ਤੋਂ ਭਾਵੇਂ ਉੱਚਾ ਸੁਣਾਈ ਦਿੰਦਾ ਹੈ ਪਰ ਬੀਕੇਯੂ ਸਿੱਧੂਪੁਰ ਦੇ ਜਿਲ੍ਹਾ ਆਗੂ ਆਪਣੇ ਪੁੱਤ ਕਰਨੈਲ ਸਿੰਘ ਗਾਂਧੀ ਨਾਲ ਆਉਣੋਂ ਨਹੀਂ ਰੁਕਦੀ। ਪੁੱਛਣ ਤੇ ਆਖਦੀ ਹੈ ਕਿ ਮੋਦੀ ਹਕੂਮਤ ਖਿਲ਼ਾਫ ਇਹ ਲੜਾਈ ਇਕੱਲੇ ਨੌਜਵਾਨ ਧੀਆਂ ਪੁੱਤਾਂ ਦੀ ਨਹੀਂ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਮੋਦੀ ਸਰਕਾਰ ਦੇ ਸਾਡੀਆਂ ਪੈਲੀਆਂ ਤੇ ਡਾਕਾ ਮਾਰਨ ਦੇ ਕਾਲੇ ਕਾਨੂੰਨ ਖਿਲ਼ਾਫ ਮੋਢੇ ਨਾਲ ਮੋਢਾ ਜੋੜਕੇ ਸ਼ਾਮਿਲ ਹੋਈਏ। ਆਖਦੀ ਹੈ ਕਿ ਜਮੀਨਾਂ ਨੂੰ ਉਪਜਾਊ ਬਨਾਉਣ ਵਿੱਚ ਡੁੱਲਿਆ ਪਸੀਨਾ ਅਜਾਈਂ ਨਹੀਂਜਾਣ ਦੇਵਾਂਗੀਆਂ।